ਆਪਰੇਸ਼ਨ ਦੌਰਾਨ 8 ਰਾਈਫਲਾਂ, ਇੱਕ ਰਿਵਾਲਵਰ ਸਮੇਤ 9 ਹਥਿਆਰ ਬਰਾਮਦ
ਸਥਿਤੀ ਕਾਬੂ ਹੇਠ, ਲੋਕਾਂ ਨੂੰ ਅਫਵਾਹਾਂ ’ਤੇ ਯਕੀਨ ਨਾ ਕਰਨ ਦੀ ਅਪੀਲ
ਚੰਡੀਗੜ੍ਹ, 18 ਮਾਰਚ 2023 (ਦੀ ਪੰਜਾਬ ਵਾਇਰ)। ਪੰਜਾਬ ਪੁਲਿਸ ਨੇ ਸ਼ਨੀਵਾਰ ਨੂੰ ‘ਵਾਰਿਸ ਪੰਜਾਬ ਦੇ’ (ਡਬਲਯੂ.ਪੀ.ਡੀ.) ਦੇ ਕਾਰਕੁੰਨਾਂ , ਜਿਨ੍ਹਾਂ ਵਿਰੁੱਧ ਕਈ ਅਪਰਾਧਿਕ ਮਾਮਲੇ ਦਰਜ ਹਨ , ਖਿਲਾਫ ਸੂਬੇ ਵਿੱਚ ਇੱਕ ਵਿਆਪਕ ਸੂਬਾ-ਪੱਧਰੀ ਘੇਰਾਬੰਦੀ ਅਤੇ ਖੋਜ ਅਪ੍ਰੇਸ਼ਨ (ਸੀ.ਏ.ਐਸ.ਓ.) ਆਰੰਭਿਆ ਹੈ।
ਅਪਰੇਸ਼ਨ ਦੌਰਾਨ ਹੁਣ ਤੱਕ ਕੁੱਲ 78 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਕਈਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਪੰਜਾਬ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਸ਼ਨੀਵਾਰ ਦੁਪਹਿਰ ਨੂੰ ਜਲੰਧਰ ਜ਼ਿਲ੍ਹੇ ਦੇ ਸ਼ਾਹਕੋਟ-ਮਲਸੀਆਂ ਰੋਡ ’ਤੇ ਪੁਲਿਸ ਵੱਲੋਂ ‘ਵਾਰਿਸ ਪੰਜਾਬ ਦੇ ’ (ਡਬਲਯੂ.ਪੀ.ਡੀ.) ਕੇ ਕਾਰਕੁੰਨਾਂ ਦੀਆਂ ਕਈ ਗਤੀਵਿਧੀਆਂ ਨੂੰ ਰੋਕਿਆ ਗਿਆ ਅਤੇ 7 ਵਿਅਕਤੀਆਂ ਨੂੰ ਮੌਕੇ ਤੋਂ ਹੀ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਸਮੇਤ ਕਈ ਹੋਰ ਫ਼ਰਾਰ ਹਨ, ਜਿੰਨ੍ਹਾਂ ਨੂੰ ਫੜਨ ਲਈ ਛਾਪੇਮਾਰੀ ਵੱਡੇ ਪੱਧਰ ’ਤੇ ਕੀਤੀ ਜਾ ਰਹੀ ਹੈ।
ਇਸ ਸੂਬਾ ਪੱਧਰੀ ਕਾਰਵਾਈ ਦੌਰਾਨ ਹੁਣ ਤੱਕ 9 ਹਥਿਆਰ, ਜਿਨ੍ਹਾਂ ਵਿੱਚ ਇੱਕ .315 ਬੋਰ ਦੀ ਰਾਈਫਲ, 12 ਬੋਰ ਦੀਆਂ ਸੱਤ ਰਾਈਫਲਾਂ, ਇੱਕ ਰਿਵਾਲਵਰ ਅਤੇ ਵੱਖ-ਵੱਖ ਕੈਲੀਬਰ ਦੇ 373 ਜਿੰਦਾ ਕਾਰਤੂਸ ਸ਼ਾਮਲ ਹਨ।
ਬੁਲਾਰੇ ਨੇ ਦੱਸਿਆ ਕਿ ਡਬਲਯੂ.ਪੀ.ਡੀ. ਦੇ ਕਾਰਕੁੰਨ ਚਾਰ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਹਨ , ਜਿਨ੍ਹਾਂ ਵਿੱਚ ਸਮਾਜ ਵਿੱਚ ਅਸਥਿਰਤਾ ਫੈਲਾਉਣ, ਇਰਾਦਾ ਕਤਲ , ਪੁਲਿਸ ਮੁਲਾਜ਼ਮਾਂ ’ਤੇ ਹਮਲਾ ਕਰਨ ਅਤੇ ਸਰਕਾਰੀ ਕਰਮਚਾਰੀਆਂ ਦੀਆਂ ਡਿਊਟੀਆਂ ਨੂੰ ਕਾਨੂੰਨੀ ਤਰੀਕੇ ਨਾਲ ਨਿਭਾਉਣ ਵਿੱਚ ਵਿਘਨ ਪਾਉਣ ਸਬੰਧੀ ਮਾਮਲੇ ਸ਼ਾਮਲ ਹਨ। ਉਨਾਂ ਅੱਗੇ ਕਿਹਾ ਕਿ ਅਜਨਾਲਾ ਪੁਲਿਸ ਥਾਣੇ ’ਤੇ ਹਮਲੇ ਲਈ ‘ਡਬਲਯੂ.ਪੀ.ਡੀ.’ ਦੇ ਕਾਰਕੁੰਨਾਂ ਵਿਰੁੱਧ ਮੁਕੱਦਮਾ ਨੰਬਰ 39 ਮਿਤੀ 24-02-2023 ਦਰਜ ਹੈ।
ਉਨ੍ਹਾਂ ਕਿਹਾ ਕਿ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਸਾਰੇ ਵਿਅਕਤੀਆਂ ਨਾਲ ਕਾਨੂੰਨ ਮੁਤਾਬਕ ਨਜਿੱਠਿਆ ਜਾਵੇਗਾ ਅਤੇ ਪੁਲਿਸ ਨੂੰ ਸਾਰੇ ਲੋੜੀਂਦੇ ਵਿਅਕਤੀੰ , ਖੁਦ ਨੂੰ ਕਾਨੂੰਨ ਹਵਾਲੇ ਕਰਨ। ਉਨ੍ਹਾਂ ਕਿਹਾ ਕਿ ਕਾਨੂੰਨੀ ਬਚਾਅ ਸਬੰਧੀ ਉਨ੍ਹਾਂ ਦੇ ਸੰਵਿਧਾਨਕ ਅਧਿਕਾਰਾਂ ਦੀ ਰੱਖਿਆ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਸਾਰੇ ਆਮ-ਓ-ਖ਼ਾਸ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਝੂਠੀਆਂ ਖ਼ਬਰਾਂ ਅਤੇ ਅਫਵਾਹਾਂ ’ਤੇ ਧਿਆਨ ਨਾ ਦੇਣ। ਸੂਬੇ ਵਿੱਚ ਸਥਿਤੀ ਪੂਰੀ ਤਰ੍ਹਾਂ ਕਾਬੂ ਵਿੱਚ ਹੈ ਅਤੇ ਸੂਬੇ ਦੀ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਲਈ ਸ਼ਰਾਰਤੀ ਗਤੀਵਿਧੀਆਂ ਵਿੱਚ ਸ਼ਾਮਲ ਸਾਰੇ ਵਿਅਕਤੀਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ।