ਬਹਿਲ ਨੇ ਪਹੁੰਚ ਕੇ ਲਿਆ ਉਸਾਰੀ ਦੇ ਕੰਮਾਂ ਦਾ ਜਾਇਜਾ, ਮੌਕੇ ‘ਤੇ ਅਧਿਕਾਰੀਆਂ ਨੂੰ ਜਾਰੀ ਕੀਤੀਆਂ ਹਦਾਇਤਾਂ
ਗੁਰਦਾਸਪੁਰ, 17 ਮਾਰਚ (ਮੰਨਣ ਸੈਣੀ)।ਗੁਰਦਾਸਪੁਰ ਸਥਿਤ ਜ਼ਿਲ੍ਹਾ ਲਾਇਬ੍ਰੇਰੀ ਦੀ ਕਾਇਆਕਲਪ ਕਰਨ ਲਈ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਵੱਲੋਂ ਕੀਤੇ ਗਏ ਯਤਨਾਂ ਦੇ ਬਾਅਦ ਆਖਰਕਾਰ ਇਸ ਲਾਇਬ੍ਰੇਰੀ ਦੇ ਨਵੀਨੀਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ। ਜਿਸ ਦਾ ਜਾਇਜ਼ਾ ਲੈਣ ਲਈ ਅੱਜ ਚੇਅਰਮੈਨ ਰਮਨ ਬਹਿਲ ਨੇ ਇਸ ਲਾਇਬ੍ਰੇਰੀ ਦਾ ਦੌਰਾ ਕੀਤਾ। ਇਸ ਮੌਕੇ ਰਮਨ ਬਹਿਲ ਨੇ ਸਾਰੇ ਕੰਮ ਦਾ ਬਰੀਕੀ ਨਾਲ ਜਾਇਜ਼ਾ ਲਿਆ ਅਤੇ ਮੌਕੇ ‘ਤੇ ਹੀ ਹਜਾਇਤਾਂ ਜਾਰੀ ਕੀਤੀਆਂ ਕਿ ਕਿਸੇ ਵੀ ਕੰਮ ਵਿੱਚ ਕੋਈ ਲਾਪਰਵਾਹੀ ਜਾਂ ਦੇਰੀ ਨਾ ਕੀਤੀ ਜਾਵੇ ਅਤੇ ਸਮਾਨ ਵੀ ਗੁਣਵੱਤਾ ਦਾ ਪੂਰਾ ਧਿਆਨ ਰੱਖਿਆ ਜਾਵੇ।
ਉਨ੍ਹਾਂ ਦੱਸਿਆ ਕਿ ਸ਼ਹਿਰ ਵਾਸੀਆਂ ਦੀ ਮੰਗ ਕਾਰਨ ਸਵ. ਖੁਸ਼ਹਾਲ ਬਹਿਲ ਨੇ ਸਾਲ 2006 ਵਿਚ ਇਸ ਲਾਇਬ੍ਰੇਰੀ ਦੀ ਨਵੀਂ ਇਮਾਰਤ ਦੀ ਉਸਾਰੀ ਕਰਵਾ ਕੇ ਇਥੇ ਲੋੜੀਂਦਾ ਸਾਜੋ ਸਮਾਨ ਉਪਲਬਧ ਕਰਵਾਇਆ ਸੀ ਪਰ ਦੁੱਖ ਦੀ ਗੱਲ ਹੈ ਕਿ ਬਾਅਦ ਵਿਚ ਕਿਸੇ ਵੀ ਸਰਕਾਰ ਨੇ ਨੌਜਵਾਨਾਂ ਤੇ ਬੱਚਿਆਂ ਨੂੰ ਸਾਹਿਤ ਨਾਲ ਜੋੜਨ ਅਤੇ ਇਸ ਲਾਇਬ੍ਰੇਰੀ ਵਿਚ ਕਿਤਾਬਾਂ ਦੇ ਰੂਪ ‘ਚ ਪਏ ਅਨਮੋਲ ਖਜਾਨੇ ਨੂੰ ਸੰਭਾਲਣ ਲਈ ਕੋਈ ਸੰਜੀਦਗੀ ਨਹੀਂ ਦਿਖਾਈ। ਇਸ ਕਾਰਨ ਅੱਜ ਹਾਲਾਤ ਇਹ ਬਣ ਚੁੱਕੇ ਹਨ ਕਿ ਇਥੇ ਕੁਝ ਗਿਣਤੀ ਦੇ ਲੋਕ ਹੀ ਕਿਤਾਬਾਂ ਪੜਨ ਆਉਂਦੇ ਸਨ। ਇਥੋਂ ਤੱਕ ਇਥੇ ਸਟਾਫ ਵੀ ਪੂਰਾ ਨਹੀਂ ਸੀ ਅਤੇ ਹੋਰ ਸਹੂਲਤਾਂ ਦੀ ਵੱਡੀ ਘਾਟ ਪੈਦਾ ਹੋ ਚੁੱਕੀ ਹੈ। ਬਹਿਲ ਨੇ ਕਿਹਾ ਕਿ ਜਦੋਂ 15 ਅਗਸਤ ਵਾਲੇ ਦਿਨ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਲਾਇਬ੍ਰੇਰੀ ਦੇ ਨਾਲ ਫਿਸ਼ ਪਾਰਕ ਵਿਸ਼ੇ ਸ਼ਹੀਦ ਬਲਵਿੰਦਰ ਸਿੰਘ ਦੀ ਯਾਦ ਵਿਚ ਬਣੇ ਗੇਟ ਦਾ ਉਦਘਾਟਨ ਕਰਨ ਆਏ ਸਨ ਤਾਂ ਉਨਾਂ ਨੇ ਕੈਬਨਿਟ ਮੰਤਰੀ ਨੂੰ ਇਸ ਲਾਇਬ੍ਰੇਰੀ ਦਾ ਦੌਰਾ ਕਰਵਾ ਕੇ ਇਥੇ ਸਹੂਲਤਾਂ ਦੀ ਘਾਟ ਤੋਂ ਜਾਣੂ ਕਰਵਾਇਆ ਸੀ ਅਤੇ ਉਸ ਦਿਨ ਤੋਂ ਹੀ ਲਾਇਬ੍ਰੇਰੀ ਦੀ ਕਾਇਆ ਕਲਪ ਕਰਨ ਦੀ ਸ਼ੁਰੂਆਤ ਕਰ ਦਿੱਤੀ ਸੀ।
ਬਹਿਲ ਨੇ ਕਿਹਾ ਕਿ ਇਨਾਂ ਯਤਨਾਂ ਦੇ ਨਤੀਜੇ ਵਜੋਂ ਸਰਕਾਰ ਨੇ 36 ਲੱਖ 36 ਹਜਾਰ ਰੁਪਏ ਲੋਕ ਨਿਰਮਾਣ ਵਿਭਾਗ ਨੂੰ ਭੇਜ ਦਿੱਤੀ ਸੀ। ਇਸ ਰਾਸ਼ੀ ਨਾਲ ਇੱਥੇ ਕੰਮ ਸ਼ੁਰੂ ਕਰਵਾ ਦਿਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਇਸ ਲਾਇਬ੍ਰੇਰੀ ਨੂੰ ਆਧੁਨਿਕ ਸਹੂਲਤਾਂ ਵਾਲੀ ਡਿਜੀਟਲ ਲਾਇਬ੍ਰੇਰੀ ਬਣਾਇਆ ਜਾਵੇ ਤਾਂ ਜੋ ਜਿਲ੍ਹੇ ਦੇ ਨੌਜਵਾਨਾਂ ਨੂੰ ਇਥੋਂ ਅਸੀਂ ਨਾਲ ਵੱਖ-ਵੱਖ ਕਿਤਾਬਾਂ ਅਤੇ ਅਹਿਮ ਜਾਣਕਾਰੀ ਮੁਹੱਈਆ ਹੋ ਸਕੇ। ਉਨ੍ਹਾਂ ਦੱਸਿਆ ਕਿ ਇਸ ਲਾਇਬ੍ਰੇਰੀ ‘ਚ 57 ਹਜਾਰ 447 ਕਿਤਾਬਾਂ ਮੌਜੂਦ ਹਨ। ਉਨ੍ਹਾਂ ਦੱਸਿਆ ਕਿ ਉਪਰ ਇੱਕ ਹਾਲ ਬਣਾਇਆ ਜਾਵੇਗਾ ਜਿਸ ਵਿੱਚ ਇੱਕ ਰੀਡਿੰਗ ਰੂਮ ਹੋਵੇਗਾ ਅਤੇ ਇੱਕ ਕਾਨਫਰੰਸ ਹਾਲ ਵੀ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਲਾਇਬ੍ਰੇਰੀ ਦੇ 3200 ਦੇ ਕਰੀਬ ਮੈਂਬਰ ਹਨ ਜਿਸ ਵਿੱਚੋਂ 500 ਨਵੇਂ ਬਣਾਏ ਹੋਏ ਹਨ ਅਤੇ 100 ਦੇ ਕਰੀਬ ਹੀ ਮੈਂਬਰ ਐਕਟਿਵ ਹਨ। ਉਨ੍ਹਾਂ ਦੱਸਿਆ ਕਿ ਇਸਦੇ ਮੈਂਬਰਾਂ ਦੀ ਗਿਣਤੀ ਵੀ ਆਉਣ ਵਾਲੇ ਸਮੇਂ ‘ਚ ਵਧਾਈ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਜਲਦ ਹੀ ਇਸ ਦਾ ਕੰਮ ਮੁਕੰਮਲ ਕਰਕੇ ਇਸਨੂੰ ਲੋਕ ਅਰਪਣ ਕੀਤਾ ਜਾਵੇਗਾ। ਇਸ ਮੌਕੇ ਜਨਕ ਰਾਜ ਸ਼ਰਮਾ, ਬਲਦੇਵ, ਗਣੇਸ਼, ਅਮਰਜੀਤ ਸਿੰਘ ਪੂਰੇਵਾਲ, ਸ਼ਾਮ, ਰੁਪਦਿੰਰ ਕੌਰ, ਪਵਨ ਕੁਮਾਰ ਆਦਿ ਮੌਜੂਦ ਸਨ।