ਗੁਰਦਾਸਪੁਰ, 17 ਮਾਰਚ 2023 (ਮੰਨਣ ਸੈਣੀ)। ਗੁਰਦਾਸਪੁਰ ਸ਼ਹਿਰ ਅੰਦਰ ਟ੍ਰੈਫਿਕ, ਕੂੜੇ ਅਤੇ ਸਟ੍ਰੀਟ ਲਾਈਟਾਂ ਦੀ ਸਮੱਸਿਆ ਦੇ ਹੱਲ, ਸ਼ਹਿਰ ਦੇ ਐਂਟਰੀ ਪੁਆਇੰਟ ਆਕ੍ਰਸ਼ਿਤ ਬਣਾਉਣ ਅਤੇ ਨਾਕਾਬੰਦੀ ਪੁਆਇੰਟ ਵਧਾਉਣ ਸਬੰਧੀ ਦੇਰ ਸ਼ਾਮ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਵੱਲੋਂ ਐਸਐਸਪੀ ਗੁਰਦਾਸਪੁਰ ਹਰੀਸ਼ ਦਯਾਮਾ ਨਾਲ ਮਿਲ ਕੇ ਖੁੱਦ ਪੈਦਲ ਗਸ਼ਤ ਕੀਤੀ ਗਈ। ਗਸ਼ਤ ਦੌਰਾਨ ਦੋਨਾਂ ਅਧਿਕਾਰੀਆਂ ਵੱਲੋਂ ਸ਼ਹਿਰ ਦੇ ਲੋਕਾਂ ਨਾਲ ਮਿਲ ਕੇ ਅਤੇ ਗੱਲਬਾਤ ਕਰ ਲੋਕਾਂ ਦੀ ਪ੍ਰਤੀਕਿਰਿਆ ਵੀ ਹਾਸਿਲ ਕੀਤੀ ਗਈ ਅਤੇ ਹਾਲਾਤਾਂ ਦਾ ਨਿਰਿਖਣ ਕਰ ਕਈ ਪੁਆਇੰਟ ਨੋਟ ਕੀਤੇ ਗਏ। ਗਸ਼ਤ ਦੋਰਾਨ ਅਧਿਕਾਰੀਆਂ ਵੱਲੋਂ ਬਹਿਰਾਮਪੁਰ ਰੋਡ, ਮੱਛੀ ਮਾਰਕਿਟ, ਪੁਰਾਣਾ ਬਾਜ਼ਾਰ ਆਦਿ ਸ਼ਹਿਰ ਦੇ ਵੱਖ ਵੱਖ ਪੁਆਇੰਟਾ ਅਤੇ ਬਾਜ਼ਾਰਾ ਦਾ ਦੌਰਾ ਕੀਤਾ ਗਿਆ।
ਇਸ ਸਬੰਧੀ ਫੋਨ ਤੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਹਿਮਾਂਸ਼ੂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਬੁੱਧਵਾਰ ਨੂੰ ਵੀ ਗਸ਼ਤ ਕੀਤੀ ਗਈ ਸੀ ਅਤੇ ਬੀਤੇ ਦਿਨ ਵੀਰਵਾਰ ਨੂੰ ਐਸਐਸਪੀ ਹਰੀਸ਼ ਨਾਲ ਮਿਲ ਕੇ ਸ਼ਹਿਰ ਦੇ ਅੰਦਰੂਣੀ ਹਿਸੇ ਦਾ ਜਾਇਜਾ ਲਿਆ ਗਿਆ ਅਤੇ ਕਈ ਪੁਆਇੰਟ ਨੋਟ ਕੀਤੇ ਗਏ ਹਨ ਜਿਸ ਵਿੱਚ ਟ੍ਰੈਫਿਕ ਦੀ ਸਮਸਿਆ, ਨਾਜ਼ਾਇਜ਼ ਕਬਜ਼ੇ ਸਬੰਧੀ ਜਾਣਕਾਰੀ, ਕੂੜਾ ਸੁੱਟਣ ਵਾਲੇ ਪੁਆਇੰਟ, ਸਟ੍ਰੀਟ ਲਾਇਟਾਂ ਦੇ ਕੁੱਝ ਪੁਆਇੰਟ ਅਤੇ ਸ਼ਹਿਰ ਦੇ ਐਂਟਰੀ ਪੁਆਇੰਟ ਆਕ੍ਰਸ਼ਿਟ ਬਣਾਉਣ ਸਬੰਧੀ ਨਿਰਿਖਣ ਕੀਤਾ ਗਿਆ। ਇਸ ਮੌਕੇ ਉਨ੍ਹਾਂ ਵੱਲੋਂ ਲੋਕਾਂ ਨਾਲ ਗੱਲਬਾਤ ਵੀ ਕੀਤੀ ਗਈ । ਡੀਸੀ ਨੇ ਦੱਸਿਆ ਕਿ ਉਨ੍ਹਾਂ ਵੱਲ਼ੋਂ ਸਾਰੇ ਪੁਆਇੰਟ ਨੋਟ ਕਰਨ ਬਾਅਦ ਫੌਰੀ ਹੱਲ ਕਰਨ ਦੇ ਆਦੇਸ਼ ਦਿੱਤੇ ਗਏ ਹਨ ਜਿਸ ਸਬੰਧੀ ਹੁਣ ਆਰਡਰ ਵੀ ਜਾਰੀ ਕਰ ਦਿੱਤੇ ਜਾਣਗੇ।
ਦੱਸਣਯੋਗ ਹੈ ਕਿ ਸ਼ਹਿਰ ਅੰਦਰ ਬਾਜ਼ਾਰ ਤੰਗ ਹੋਣ ਕਾਰਨ ਪਾਰਕਿੰਗ ਦੀ ਸਮੱਸਿਆ ਬੇਹੱਦ ਅਹਿਮ ਹੈ। ਇਸ ਦੇ ਨਾਲ ਹੀ ਦੁਕਾਨਦਾਰਾਂ ਵੱਲੋਂ ਨਾਜ਼ਾਇਜ ਕਬਜ਼ੇ ਕਰਦੇ ਹੋਏ ਕਈ ਕਈ ਫੁੱਟ ਦੁਕਾਨਾਂ ਦੇ ਬਾਹਰ ਆਪਣਾ ਸਾਮਾਨ ਲਗਾ ਕੇ ਕਬਜ਼ਾ ਕਰ ਲਿਆ ਜਾਂਦਾ ਹੈ ਜਿਸ ਨਾਲ ਟਰੈਫਿਕ ਦੀ ਸਮੱਸਿਆ ਹੋਰ ਭਿਆਨਕ ਰੂਪ ਧਾਰਨ ਕਰ ਲੈਂਦੀ ਹੈ। ਇਸੇ ਸਮੱਸਿਆ ਦੇ ਹੱਲ ਦੇ ਲਈ ਡੀਸੀ ਗੁਰਦਾਸਪੁਰ ਖੁੱਦ ਸ਼ਹਿਰ ਦਾ ਨਰਿੱਖਣ ਕਰਦੇ ਨਜ਼ਰ ਆ ਰਹੇ ਹਨ। ਜਿਸ ਦੇ ਚਲਦਿਆਂ ਪਿਛਲੇ ਦਿੰਨੀ ਉਨ੍ਹਾਂ ਵੱਲੋਂ ਰੇਲਵੇ ਫਾਟਕ ਮੰਡੀ ਦਾ ਦੋਰਾ ਕੀਤਾ ਗਿਆ ਸੀ ਅਤੇ ਬੈਂਕਾ ਅਤੇ ਦੁਕਾਨਦਾਰਾਂ ਨੂੰ ਪਾਰਕਿੰਗ ਦੇ ਪੁੱਖਤਾ ਪ੍ਰਬੰਧ ਕਰਨ ਸਬੰਧੀ ਆਰਡਰ ਜਾਰੀ ਕੀਤੇ ਗਏ ਸਨ। ਬੁੱਧਵਾਰ ਨੂੰ ਵੀ ਉਨ੍ਹਾਂ ਵੱਲੋਂ ਸ਼ਹਿਰ ਦੀ ਟ੍ਰੈਫਿਕ ਦਾ ਜਾਇਜ਼ਾ ਲੈ ਕੇ ਬਤੌਰ ਜਿਲ੍ਹਾ ਮੈਜਿਸਟ੍ਰੇਟ ਗੁਰਦਾਸਪੁਰ ਸ਼ਹਿਰ ਅੰਦਰ ਸਵੇਰੇ 7:00 ਵਜੇ ਤੋਂ ਰਾਤ 10:00 ਵਜੇ ਤੱਕ ਵਪਾਰਕ ਵੱਡੇ ਵਾਹਨ/ਟਰਾਲੀਆਂ ਦੇ ਲੰਘਣ `ਤੇ ਪਾਬੰਦੀ ਲਗਾਈ ਗਈ ਸੀ।