ਪੰਜਾਬ

ਕਮਰਸ਼ੀਆਲ ਖੱਡਾਂ ਵਿੱਚੋਂ ਵੀ ਮਿਲੇਗਾ 5.50 ਰੁਪਏ ਪ੍ਰਤੀ ਘਣ ਫੁੱਟ ਰੇਤਾ – ਗੁਰਮੀਤ ਸਿੰਘ ਮੀਤ ਹੇਅਰ

ਕਮਰਸ਼ੀਆਲ ਖੱਡਾਂ ਵਿੱਚੋਂ ਵੀ ਮਿਲੇਗਾ 5.50 ਰੁਪਏ ਪ੍ਰਤੀ ਘਣ ਫੁੱਟ ਰੇਤਾ – ਗੁਰਮੀਤ ਸਿੰਘ ਮੀਤ ਹੇਅਰ
  • PublishedMarch 4, 2023

ਜੁਲਾਈ ਮਹੀਨੇ ਤੱਕ 250 ਖੱਡਾਂ ਚਾਲੂ ਕਰਨਾ ਪੰਜਾਬ ਸਰਕਾਰ ਦਾ ਟੀਚਾ – ਖਣਨ ਮੰਤਰੀ

ਰੇਤੇ ਦੀ ਚੋਰ ਬਾਜ਼ਾਰੀ ਅਤੇ ਕਾਲਾਬਾਜ਼ਾਰੀ ਨੂੰ ਰੋਕਣ ਲਈ ਸੂਬੇ ਨੂੰ 7 ਬਲਾਕਾਂ ਵਿੱਚੋਂ ਤੋੜ ਕੇ 100 ਬਲਾਕਾਂ ਵਿੱਚ ਵੰਡਿਆ

ਪਿੰਡ ਸੇਖਾ ਕਲਾਂ ਵਿਖੇ 13.50 ਕਰੋੜ ਰੁਪਏ ਦੀ ਲਾਗਤ ਨਾਲ ਸਿਵੀਆਂ ਰਜਬਾਹਾ ਪੱਕਾ ਕਰਨ ਦਾ ਨੀਂਹ ਪੱਥਰ  ਰੱਖਿਆ

ਬਾਘਾ ਰਜਬਾਹਾ ਦਾ ਕੰਮ ਅਗਲੇ ਸਾਲ ਚਾਲੂ ਕਰਨ ਅਤੇ ਬਾਘਾਪੁਰਾਣਾ ਵਿੱਚ ਨਵਾਂ ਸੁਵਿਧਾ ਕੇਂਦਰ ਖੋਲ੍ਹਣ ਦਾ ਐਲਾਨ

ਚੰਡੀਗੜ੍ਹ / ਬਾਘਾਪੁਰਾਣਾ (ਮੋਗਾ), 4 ਮਾਰਚ (ਦੀ ਪੰਜਾਬ ਵਾਇਰ)। ਸ੍ਰ ਗੁਰਮੀਤ ਸਿੰਘ ਮੀਤ ਹੇਅਰ, ਕੈਬਨਿਟ ਮੰਤਰੀ ਪ੍ਰਸ਼ਾਸ਼ਕੀ ਸੁਧਾਰ, ਜਲ ਸਰੋਤ, ਖਣਨ ਤੇ ਭੂ- ਵਿਗਿਆਨ, ਸਾਇੰਸ ਤਕਨਾਲੋਜੀ ਤੇ ਵਾਤਾਵਰਨ, ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ, ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਕਿ ਜਲਦ ਹੀ ਸੂਬੇ ਦੀਆਂ 100 ਕਮਰਸ਼ੀਆਲ ਖੱਡਾਂ ਵਿੱਚੋਂ ਵੀ 5.50 ਰੁਪਏ ਪ੍ਰਤੀ ਘਣ ਫੁੱਟ ਰੇਤਾ ਮਿਲਣ ਲੱਗੇਗਾ। ਮਾਰਚ ਦੌਰਾਨ ਸਾਰੀਆਂ ਖੱਡਾਂ ਦੇ ਟੈਂਡਰ ਨਵੇਂ ਸਿਰੇ ਤੋਂ ਕੀਤੇ ਜਾ ਰਹੇ ਹਨ। ਉਹ ਅੱਜ ਪਿੰਡ ਸੇਖਾ ਕਲਾਂ ਵਿਖੇ 13.50 ਕਰੋੜ ਰੁਪਏ ਦੀ ਲਾਗਤ ਨਾਲ ਸਿਵੀਆਂ ਰਜਬਾਹਾ ਪੱਕਾ ਕਰਨ ਦਾ ਨੀਂਹ ਪੱਥਰ ਰੱਖਣ ਤੋਂ ਪਹਿਲਾਂ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰ ਰਹੇ ਸਨ।

ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦਾ ਟੀਚਾ ਹੈ ਕਿ ਇਸੇ ਸਾਲ ਜੁਲਾਈ ਮਹੀਨੇ ਤੱਕ 250 ਖੱਡਾਂ ਚਾਲੂ ਕਰ ਦਿੱਤੀਆਂ ਜਾਣ, ਜਿਹਨਾਂ ਵਿੱਚ 100 ਖੱਡਾਂ ਕਮਰਸ਼ੀਆਲ ਅਤੇ 150 ਖੱਡਾਂ ਜਨਤਕ ਵਰਗ ਨਾਲ ਸਬੰਧਤ ਹੋਣਗੀਆਂ। ਉਹਨਾਂ ਕਿਹਾ ਕਿ ਫਿਲਹਾਲ ਸੂਬੇ ਭਰ ਵਿੱਚ 16 ਸਰਕਾਰੀ ਖੱਡਾਂ ਚਾਲੂ ਕਰ ਦਿੱਤੀਆਂ ਹਨ। ਮਾਰਚ ਮਹੀਨੇ ਤੱਕ 32 ਹੋਰ ਖੱਡਾਂ ਚਾਲੂ ਹੋ ਜਾਣਗੀਆਂ। ਉਹਨਾਂ ਕਿ ਰੇਤੇ ਦੀ ਚੋਰ ਬਾਜ਼ਾਰੀ ਅਤੇ ਕਾਲਾਬਾਜ਼ਾਰੀ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਸੂਬੇ ਨੂੰ 7 ਬਲਾਕਾਂ ਵਿੱਚੋਂ ਤੋੜ ਕੇ 100 ਬਲਾਕਾਂ ਵਿੱਚ ਵੰਡ ਦਿੱਤਾ ਹੈ।

ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੀ ਖੇਤੀਬਾੜੀ ਨੂੰ ਪ੍ਰਫੁੱਲਿਤ ਕਰਨਾ ਅਤੇ ਹਰੇਕ ਖੇਤ ਤੱਕ ਪਾਣੀ ਪਹੁੰਚਾਉਣਾ ਪ੍ਰਮੁੱਖ ਤਰਜੀਹ ਹੈ। ਉਹਨਾਂ ਕਿਹਾ ਕਿ ਸੂਬੇ ਭਰ ਵਿੱਚ 500 ਕਰੋੜ ਰੁਪਏ ਨਾਲ ਲਾਈਨਿੰਗ ਦਾ ਕੰਮ ਕੀਤਾ ਜਾ ਰਿਹਾ ਹੈ। ਪਹਿਲਾਂ ਇਸ ਕੰਮ ਲਈ 10 ਫੀਸਦੀ ਕਿਸਾਨ ਨੂੰ ਪਾਉਣਾ ਪੈਂਦਾ ਸੀ ਪਰ ਹੁਣ ਇਹ ਸਾਰਾ 100 ਫੀਸਦੀ ਖਰਚਾ ਸਰਕਾਰ ਦੇਵੇਗੀ। ਉਹਨਾਂ ਐਲਾਨ ਕੀਤਾ ਕਿ ਬਾਘਾ ਰਜਬਾਹਾ ਦਾ ਕੰਮ ਵੀ ਅਗਲੇ ਸਾਲ ਚੱਲ ਪਵੇਗਾ। ਇਸ ਤੋਂ ਇਲਾਵਾ ਉਹਨਾਂ ਬਾਘਾਪੁਰਾਣਾ ਵਿੱਚ ਨਵਾਂ ਸੁਵਿਧਾ ਕੇਂਦਰ ਖੋਲ੍ਹਣ ਦਾ ਵੀ ਐਲਾਨ ਕੀਤਾ।

ਉਹਨਾਂ ਕਿਹਾ ਕਿ ਨਵੀਂ ਖੇਤੀ ਨੀਤੀ ਲਈ ਕਿਸਾਨਾਂ ਨਾਲ ਸਲਾਹ ਕੀਤੀ ਜਾ ਰਹੀ ਹੈ। ਇਹ ਨੀਤੀ ਏ ਸੀ ਕਮਰਿਆਂ ਵਿੱਚ ਬੈਠ ਕੇ ਨਹੀਂ ਬਣਾਈ ਜਾ ਰਹੀ। ਮੂੰਗੀ ਉੱਤੇ ਐੱਮ ਐੱਸ ਪੀ ਦਿੱਤੀ ਜਾ ਰਹੀ ਹੈ। ਸਿੱਧੀ ਬਿਜਾਈ ਲਈ 15 ਹਜ਼ਾਰ ਪ੍ਰਤੀ ਏਕੜ ਦਿੱਤਾ ਜਾ ਰਿਹਾ ਹੈ ਤਾਂ ਜੋ ਖੇਤੀ ਵਿਭਿੰਨਤਾ ਲਿਆਂਦੀ ਜਾ ਸਕੇ। ਉਹਨਾਂ ਕਿਹਾ ਕਿ ਸਾਡੀ ਸਰਕਾਰ ਆਮ ਲੋਕਾਂ ਵਿਚੋਂ ਨਿਕਲ ਕੇ ਆਈ ਹੈ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਪਾਣੀ ਦੀ ਸੰਜਮ ਨਾਲ ਵਰਤੋਂ ਕੀਤੀ ਜਾਵੇ।

ਇਸ ਤੋਂ ਪਹਿਲਾਂ ਸੰਬੋਧਨ ਕਰਦਿਆਂ ਵਿਧਾਇਕ ਸ੍ਰ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਪੰਜਾਬ ਸਰਕਾਰ ਅਤੇ ਕੈਬਨਿਟ ਮੰਤਰੀ ਦਾ ਧੰਨਵਾਦ ਕੀਤਾ। ਉਹਨਾਂ ਦੱਸਿਆ ਕਿ ਇਹ ਲੋਕਾਂ ਦੀ ਚਿਰੋਕਣੀ ਮੰਗ ਸੀ, ਜੋ ਕਿ ਅੱਜ ਪੂਰੀ ਹੋ ਗਈ ਹੈ। ਇਸ ਕੰਮ ਲਈ ਉਹਨਾਂ ਨੇ ਪਹਿਲੇ ਦਿਨ ਤੋਂ ਹੀ ਕੰਮ ਸ਼ੁਰੂ ਕਰ ਦਿੱਤਾ ਸੀ। ਜਿਸ ਦਾ ਇਲਾਕੇ ਦਾ 18 ਪਿੰਡਾਂ ਨੂੰ ਸਿੱਧਾ ਲਾਭ ਹੋਵੇਗਾ ਅਤੇ 21 ਹਜ਼ਾਰ ਏਕੜ ਰਕਬੇ ਨੂੰ ਪਾਣੀ ਦੀ ਸਹੂਲਤ ਮਿਲੇਗੀ ਜੋ ਕਿ ਪਹਿਲਾਂ 14 ਹਜ਼ਾਰ ਨੂੰ ਮਿਲਦੀ ਸੀ।

ਡਾਕਟਰ ਅਮਨਦੀਪ ਕੌਰ ਅਰੋੜਾ ਵਿਧਾਇਕਾ ਮੋਗਾ, ਦੀਪਕ ਅਰੋੜਾ ਚੇਅਰਮੈਨ ਨਗਰ ਸੁਧਾਰ ਟਰੱਸਟ ਮੋਗਾ, ਸ੍ਰ ਹਰਮਨਦੀਪ ਸਿੰਘ ਬਰਾੜ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਅਤੇ ਹੋਰਾਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸ੍ਰ ਦਵਿੰਦਰਜੀਤ ਸਿੰਘ ਲਾਡੀ ਢੋਂਸ ਵਿਧਾਇਕ ਧਰਮਕੋਟ, ਐੱਸ ਡੀ ਐੱਮ ਸ੍ਰ ਰਾਮ ਸਿੰਘ, ਸ਼੍ਰੀ ਸ਼ੰਮੀ ਕੁਮਾਰ ਮੁੱਖ ਇੰਜੀਨੀਅਰ ਜਲ ਸਰੋਤ ਵਿਭਾਗ ਅਤੇ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕ ਵੀ ਹਾਜ਼ਰ ਸਨ।

Written By
The Punjab Wire