ਗੁਰਦਾਸਪੁਰ, 1 ਮਾਰਚ 2023 (ਮੰਨਣ ਸੈਣੀ)। ਥਾਨਾ ਸਿਟੀ ਪੁਲੀਸ ਨੇ ਸੋਨੇ ਦੇ ਗਹਿਣੇ ਠੱਗਣ ਦੇ ਦੋਸ਼ ਹੇਠ ਪਿਉ-ਪੁੱਤ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਫਿਲਹਾਲ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ। ਜੇਲ੍ਹ ਰੋਡ ਦੇ ਵਸਨੀਕ ਮਨੀਸ਼ ਵਰਮਾ ਦੀ ਸ਼ਿਕਾਇਤ ਤੇ ਇਹ ਮਾਮਲਾ ਜਾਂਚ ਤੋਂ ਬਾਅਦ ਮਿਲਾਪ ਮਹਾਜਨ ਅਤੇ ਉਸ ਦੇ ਪਿਤਾ ਰਮੇਸ਼ ਮਹਾਜਨ ਨਿਵਾਸੀ ਜੇਲ ਰੋਡ ਖਿਲਾਫ਼ ਦਰਜ ਕੀਤਾ ਗਿਆ ਹੈ।
ਪੁਲਿਸ ਨੂੰ ਆਪਣੀ ਸ਼ਿਕਾਇਤ ਵਿੱਚ ਮੁਨੀਸ਼ ਵਰਮਾ (ਗਨਪਤੀ ਜਿਓਲਰਜ਼) ਗੁਰਦਾਸਪੁਰ ਨੇ ਦੱਸਿਆ ਕਿ ਖਾਤੇ ਵਿੱਚ ਪੈਸੇ ਨਾ ਹੋਣ ਦੇ ਬਾਵਜੂਦ ਉਕਤ ਦੋਸ਼ਿਆ ਨੇ ਮਿਲੀਭੁਗਤ ਨਾਲ ਉਸ ਨੂੰ ਦਿੱਤੇ ਚੈੱਕਾਂ ’ਤੇ ਜਾਣਬੁੱਝ ਕੇ ਵੱਖਰੇ ਦਸਤਖ਼ਤ ਕਰ ਕੇ 32 ਤੋਲੇ ਸੋਨੇ ਦੇ ਗਹਿਣੇ ਲੈ ਲਏ। ਗਹਿਣਿਆਂ ਦੀ ਕੀਮਤ ਕਰੀਬ 16 ਲੱਖ 68 ਹਜ਼ਾਰ 354 ਰੁਪਏ ਹੈ। ਅਜਿਹਾ ਕਰਕੇ ਮੁਲਜ਼ਮਾਂ ਨੇ ਉਸ ਨਾਲ ਠੱਗੀ ਮਾਰੀ ਹੈ। ਜਾਂਚ ਕਰ ਰਹੇ ਅਧਿਕਾਰੀ ਉਂਕਾਰ ਸਿੰਘ ਨੇ ਦੱਸਿਆ ਕਿ ਹਾਲੇ ਦੋਸ਼ੀਆ ਦੀ ਗ੍ਰਿਫ਼ਤਾਰੀ ਨਹੀਂ ਹੋ ਪਾਈ ਹੈ।