ਚੰਡੀਗੜ੍ਹ: 23 ਫਰਵਰੀ 2023 (ਦੀ ਪੰਜਾਬ ਵਾਇਰ)। ਆਮ ਆਦਮੀ ਪਾਰਟੀ ਦੇ ਬਠਿੰਡਾ ਦਿਹਾਤੀ ਤੋਂ ਵਿਧਾਇਕ ਅਮਿਤ ਰਤਨ ਨੂੰ ਵਿਜੀਲੈਂਸ ਵੱਲੋਂ ਗ੍ਰਿਫਤਾਰ ਕਰਨ ਦੀ ਸੂਚਨਾ ਹੈ। ਪਤਾ ਲੱਗਾ ਹੈ ਕਿ ਬੀਤੀ ਅੱਧੀ ਰਾਤ ਅਮਿਤ ਰਤਨ ਪਟਿਆਲਾ ਤੋਂ ਰਾਜਪੁਰਾ ਨੂੰ ਜਾ ਰਿਹਾ ਸੀ ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰੀ ਮਗਰੋਂ ਟੀਮ ਉਹਨਾਂ ਨੂੰ ਬਠਿੰਡਾ ਲੈ ਕੇ ਪੁੱਜੀ ਜਿੱਥੇ ਹੁਣ ਸਿਵਲ ਹਸਪਤਾਲ ਵਿੱਚ ਮੈਡੀਕਲ ਕਰਵਾਉਣ ਮਗਰੋਂ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਆਮ ਆਦਮੀ ਪਾਰਟੀ ਦਾ ਵਿਧਾਇਕ ਦੇ ਪੀਏ ਰਿਸ਼ਵਤ ਲੈਂਦਾ ਹੋਇਆ ਵਿਜੀਲੈਂਸ ਵੱਲੋਂ ਕਾਬੂ ਕੀਤਾ ਸੀ। ਬਠਿੰਡਾ ਦਿਹਾਤੀ ਤੋਂ ਵਿਧਾਇਕ ਅਮਿਤ ਰਤਨ ਦੇ ਪੀਏ ਰੇਮਸ਼ ਗਰਗ ਨੂੰ ਵਿਜੀਲੈਂਸ ਨੇ 4 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਕਾਬੂ ਕੀਤਾ ਸੀ।ਪਿੰਡ ਘੁੱਦਾ ਦੀ ਸਰਪੰਚ ਨੇ ਦੋਸ਼ ਲਗਾਇਆ ਸੀ ਕਿ ਗ੍ਰਾਂਟ ਦੇ ਰੁਕੇ ਪੈਸੇ ਜਾਰੀ ਕਰਾਉਣ ਲਈ ਉਸ ਤੋਂ 4 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਗਈ ਸੀ। ਜਿਸ ਤੋਂ ਬਾਅਦ ਉਸਨੇ ਵਿਜੀਲੈਂਸ ਤੱਕ ਪਹੁੰਚ ਕੀਤੀ ਸੀ। ਵਿਜੀਲੈਂਸ ਵੱਲੋਂ ਵਿਸਾਏ ਗਏ ਜਾਲ ਵਿੱਚ ਉਸ ਨੂੰ ਕਾਬੂ ਕੀਤਾ ਗਿਆ ਸੀ।
ਇਸ ਸਬੰਧੀ ਘੁੱਦਾ ਦੀ ਮਹਿਲਾ ਸਰਪੰਚ ਦੇ ਪਤੀ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਪੈਸੇ ਦੇਣ ਲਈ ਮਜ਼ਬੂਰ ਕੀਤਾ ਜਾ ਰਿਹਾ ਸੀ। ਇਸ ਸਬੰਧੀ ਉਨ੍ਹਾਂ ਵਿਜੀਲੈਂਸ ਡੀਜੀਪੀ ਨਾਲ ਮੁਲਾਕਾਤ ਕੀਤੀ ਸੀ, ਇਸ ਤੋਂ ਬਾਅਦ ਉਨ੍ਹਾਂ ਬਠਿੰਡਾ ਵਿਖੇ ਸੰਪਰਕ ਕਰਨ ਲਈ ਕਿਹਾ। ਉਨ੍ਹਾਂ ਕਿਹਾ ਅਸੀਂ ਇਸ ਤੋਂ ਬਾਅਦ ਬਠਿੰਡਾ ਵਿਖੇ ਵਿਜੀਲੈਂਸ ਨਾਲ ਸੰਪਰਕ ਕੀਤਾ। ਉਸ ਸਮੇਂ ਵਿਧਾਇਕ ਅਮਿਤ ਰਤਨ ਨੇ ਕਿਹਾ ਸੀ ਕਿ ਉਹ ਮੇਰਾ ਪੀਏ ਨਹੀਂ ਹੈ।