ਫ਼ਤਹਿਗੜ੍ਹ ਸਾਹਿਬ, 22 ਫ਼ਰਵਰੀ, 2023 (ਦੀ ਪੰਜਾਬ ਵਾਇਰ)। ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਅੰਦਰ ਬੁੱਧਵਾਰ ਨੂੰ ਪੰਜਾਬ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਹੋਈ ਮੁਠਭੇੜ ਵਿੱਚ 2 ਗੈਂਗਸਟਰਾਂ ਦੇ ਮਾਰੇ ਜਾਣ ਦੀ ਖ਼ਬਰ ਹੈ।
ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫ਼ੋਰਸ ਨੂੰ ਕੁਝ ਗੈਂਗਸਟਰਾਂ ਦੀ ਹਰਕਤ ਬਾਰੇ ਖ਼ਬਰ ਮਿਲੀ ਸੀ ਜਿਸ ’ਤੇ ਏ.ਜੀ.ਟੀ.ਐਫ. ਦੇ ਮੁਖ਼ੀ ਸ੍ਰੀ ਪ੍ਰਮੋਦ ਬਾਨ ਆਈ.ਪੀ.ਐੱਸ. ਦੀ ਅਗਵਾਈ ਵਿੱਚ ਟੀਮ ਨੇ ਕਾਰਵਾਈ ਕੀਤੀ।
ਇਸ ਦੌਰਾਨ ਬੱਸੀ ਪਠਾਣਾਂ ਦੀ ਮੇਨ ਮਾਰਕੀਟ ਵਿੱਚ ਗੈਂਗਸਟਰਾਂ ਨਾਲ ਪੁਲਿਸ ਦਾ ਸਾਹਮਣਾ ਹੋਣ ’ਤੇ ਗੈਂਗਸਟਰਾਂ ਵੱਲੋਂ ਪੁਲਿਸ ’ਤੇ ਗੋਲੀ ਚਲਾਈ ਗਈ ਜਿਸ ’ਤੇ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਜਿਸ ਦੌਰਾਨ 2 ਗੈਂਗਸਟਰ ਮਾਰੇ ਗਏ ਜਦਕਿ ਇਕ ਹੋਰ ਜ਼ਖ਼ਮੀ ਦੱਸਿਆ ਜਾ ਰਿਹਾ ਹੈ। ਪਤਾ ਲੱਗਾ ਹੈ ਕਿ ਇਹ ਤਿੰਨੇ ਗੈਂਗਸਟਰ ਇਕ ਕਾਰ ਵਿੱਚ ਸਵਾਰ ਹੋ ਕੇ ਜਾ ਰਹੇ ਸਨ। ਇਸ ਮੁਠਭੇੜ ਵਿੱਚ ਇਕ ਪੁਲਿਸ ਕਰਮੀ ਦੇ ਵੀ ਜ਼ਖ਼ਮੀ ਹੋਣ ਦੀ ਖ਼ਬਰ ਹੈ।
ਸੂਤਰਾਂ ਅਨੁਸਾਰ ਪੁਲਿਸ ਦੀ ਕਾਰਵਾਈ ਮੁਕੰਮਲ ਹੋ ਗਈ ਹੈ ਹਾਲਾਂਕਿ ਇਹਤਿਆਤਨ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਮੌਕੇ ’ਤੇ ਏ.ਜੀ.ਟੀ.ਐਫ. ਮੁਖ਼ੀ ਸ੍ਰੀ ਪ੍ਰਮੋਦ ਬਾਨ ਤੋਂ ਇਲਾਵਾ ਫ਼ਤਹਿਗੜ੍ਹ ਸਾਹਿਬ ਦੇ ਐੱਸ.ਐੱਸ.ਪੀ. ਡਾ:ਰਵਜੋਤ ਗਰੇਵਾਲ ਵੀ ਮੌਕੇ ’ਤੇ ਹਾਜ਼ਰ ਹਨ।