ਸਰਹੱਦੀ ਪਿੰਡ ਇਸਲਾਮਪੁਰ ਵਿਖੇ ਮਿਸ਼ਨ ‘ਅਬਾਦ’ ਤਹਿਤ ਲੱਗੇ ਕੈਂਪ ਵਿੱਚ 565 ਵਿਅਕਤੀਆਂ ਨੇ ਸਰਕਾਰ ਦੀਆਂ ਭਲਾਈ ਸਕੀਮਾਂ ਦਾ ਲਾਭ ਉਠਾਇਆ
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕੈਂਪ ਦੌਰਾਨ ਸਰਹੱਦੀ ਖੇਤਰ ਦੇ ਵਸਨੀਕਾਂ ਦੀਆਂ ਮੁਸ਼ਕਲਾਂ ਸੁਣ ਕੇ ਉਨਾਂ ਦੇ ਹੱਲ ਦੇ ਨਿਰਦੇਸ਼ ਦਿੱਤੇ
ਡਿਪਟੀ ਕਮਿਸ਼ਨਰ ਨੇ ਪਿੰਡ ਇਸਲਾਮਪੁਰ ਵਿਖੇ ਹੋਏ ਵਿਕਾਸ ਕਾਰਜਾਂ ਦਾ ਵੀ ਕੀਤਾ ਨਿਰੀਖਣ
ਗੁਰਦਾਸਪੁਰ, 20 ਫਰਵਰੀ ( ਮੰਨਣ ਸੈਣੀ ) । ਪੰਜਾਬ ਸਰਕਾਰ ਵੱਲੋਂ ਅਧਿਕਾਰੀਆਂ ਨੂੰ ਲੋਕਾਂ ਦੇ ਕੋਲ ਜਾ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣ ਕੇ ਉਨ੍ਹਾਂ ਦਾ ਹੱਲ ਕਰਨ ਅਤੇ ਨਾਲ ਹੀ ਸਰਕਾਰ ਦੀਆਂ ਭਲਾਈ ਯੋਜਨਾਵਾਂ ਦਾ ਲਾਭ ਦੇਣ ਲਈ ਪਿੰਡਾਂ ਵਿੱਚ ਜਾਣ ਦੀਆਂ ਦਿੱਤੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਅੱਜ ਦੋਰਾਂਗਲਾ ਬਲਾਕ ਦੇ ਸਰਹੱਦੀ ਪਿੰਡ ਇਸਲਾਮਪੁਰ ਦੇ ਸਰਕਾਰੀ ਮਿਡਲ ਸਕੂਲ ਵਿਖੇ ਮਿਸ਼ਨ ‘ਅਬਾਦ’ (ਐਬਸੀਲਿਊਟ ਬਾਰਡਰ ਏਰੀਆ ਡਿਵੈਲਪਮੈਂਟ) ਤਹਿਤ ਵਿਸ਼ੇਸ਼ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਪਿੰਡ ਇਸਲਾਮਪੁਰ ਤੋਂ ਇਲਾਵਾ ਸਰਹੱਦੀ ਪਿੰਡ ਸਲਾਚ, ਚੌਂਤਰਾਂ, ਸ਼ਮਸ਼ੇਰਪੁਰ, ਵਜ਼ੀਰਪੁਰ ਅਫ਼ਗਾਨਾ, ਸੰਘੋਰ, ਠੂੰਡੀ ਅਤੇ ਸ਼ਾਹਪੁਰ ਅਫ਼ਗਾਨਾ ਦੇ ਵਸਨੀਕਾਂ ਨੇ ਵੀ ਭਾਗ ਲਿਆ। ਅੱਜ ਦੇ ਇਸ ਕੈਂਪ ਵਿੱਚ 565 ਲੋਕਾਂ ਨੇ ਸਰਕਾਰ ਦੀਆਂ ਵੱਖ-ਵੱਖ ਭਲਾਈ ਸਕੀਮਾਂ ਦਾ ਲਾਭ ਲਿਆ।
ਪਿੰਡ ਇਸਲਾਮਪੁਰ ਵਿਖੇ ਮਿਸ਼ਨ ਅਬਾਦ ਤਹਿਤ ਲੱਗੇ ਕੈਂਪ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਮਿਸ਼ਨ ਅਬਾਦ ਦਾ ਮੁੱਖ ਮਕਸਦ ਸਰਹੱਦੀ ਪਿੰਡਾਂ ਦਾ ਸਰਬਪੱਖੀ ਵਿਕਾਸ ਹੈ। ਉਨਾਂ ਕਿਹਾ ਕਿ ਸਰਹੱਦੀ ਖੇਤਰ ਦੇ ਵਸਨੀਕਾਂ ਤੱਕ ਸਰਕਾਰ ਦੀਆਂ ਸਾਰੀਆਂ ਭਲਾਈ ਯੋਜਨਾਵਾਂ ਦਾ ਲਾਭ ਪਹੁੰਚੇ ਅਤੇ ਸਰਹੱਦੀ ਪਿੰਡ ਵਿਕਾਸ ਪੱਖੋਂ ਕਿਸੇ ਵੀ ਤਰਾਂ ਘੱਟ ਨਾ ਰਹਿਣ, ਇਸ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ‘ਐਬਸੀਲਿਊਟ ਬਾਰਡਰ ਏਰੀਆ ਡਿਵੈਲਪਮੈਂਟ’ ਮਿਸ਼ਨ (ਅਬਾਦ) ਤਹਿਤ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਉਨਾਂ ਕਿਹਾ ਕਿ ਅਬਾਦ ਕੈਂਪਾਂ ਦੌਰਾਨ ਜ਼ਿਲੇ ਦੇ ਸਾਰੇ ਸਰਹੱਦੀ ਪਿੰਡ ਕਵਰ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਇਸ ਤੋਂ ਇਲਾਵਾ ਹੋਰ ਸੀਨੀਅਰ ਅਧਿਕਾਰੀਆਂ ਵੱਲੋਂ ਜ਼ਿਲ੍ਹੇ ਦੇ ਬਾਕੀ ਪਿੰਡਾਂ ਵਿੱਚ ਵੀ ਜਨ-ਸੁਣਵਾਈ ਪ੍ਰੋਗਰਾਮ ਤਹਿਤ ਵਿਸ਼ੇਸ਼ ਕੈਂਪ ਲਗਾ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਜਾ ਰਹੀਆਂ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਨਾਂ ਕਿਹਾ ਕਿ ਇਨਾਂ ਕੈਂਪਾਂ ਦੌਰਾਨ ਲੋਕਾਂ ਦੀਆਂ ਸੁਣੀਆਂ ਮੁਸ਼ਕਲਾਂ ਤੇ ਸ਼ਿਕਾਇਤਾਂ ਦੇ ਹੱਲ ਲਈ ਡਿਪਟੀ ਕਮਿਸ਼ਨਰ ਦਫ਼ਤਰ ਵੱਲੋਂ ਬਕਾਇਦਾ ਪੈਰਵੀ ਕੀਤੀ ਜਾਂਦੀ ਹੈ ਅਤੇ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਲੋਕਾਂ ਦੀਆਂ ਮੁਸ਼ਕਲਾਂ ਦਾ ਜਲਦ ਤੋਂ ਜਲਦ ਨਿਪਟਾਰਾ ਹੋ ਸਕੇ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨਾਲ ਸਰਹੱਦੀ ਪਿੰਡ ਇਸਲਾਮਪੁਰ, ਸਲਾਚ, ਚੌਂਤਰਾਂ, ਸ਼ਮਸ਼ੇਰਪੁਰ, ਵਜ਼ੀਰਪੁਰ ਅਫ਼ਗਾਨਾ, ਸੰਘੋਰ, ਠੂੰਡੀ ਅਤੇ ਸ਼ਾਹਪੁਰ ਅਫ਼ਗਾਨਾ ਦੇ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ ਅਤੇ ਪਿੰਡ ਇਲਾਮਪੁਰ ਵਿਖੇ ਹੋਏ ਵਿਕਾਸ ਕਾਰਜਾਂ ਦਾ ਮੌਕੇ ’ਤੇ ਜਾ ਕੇ ਮੁਆਇਨਾ ਵੀ ਕੀਤਾ।
ਅਬਾਦ ਕੈਂਪ ਦੌਰਾਨ ਸੇਵਾ ਕੇਂਦਰ ਨੇ 28 ਅਧਾਰ ਕਾਰਡ ਅਤੇ ਈ. ਸੇਵਾ ਵਿੱਚ ਜਾਤੀ ਸਰਟੀਫਿਕੇਟ, ਆਮਦਨ, ਰੂਰਲ, ਰੈਜੀਡੈਂਸ ਅਤੇ ਬਾਰਡਰ ਏਰੀਏ ਦੇ 13 ਸਰਟੀਫਿਕੇਟ ਮੌਕੇ ’ਤੇ ਜਾਰੀ ਕੀਤੇ। ਅਬਾਦ ਕੈਂਪ ਵਿੱਚ ਪਹੁੰਚੀ ਪਿੰਡ ਇਲਾਮਪੁਰ ਦੀ ਵਸਨੀਕ ਸੰਤੋਸ਼ ਕੁਮਾਰੀ ਨੇ ਦੱਸਿਆ ਕਿ ਉਸਨੇ ਕੈਂਪ ਦੌਰਾਨ ਆਪਣੇ ਅਧਾਰ ਕਾਰਡ ਨੂੰ ਅਪਡੇਟ ਕਰਵਾਇਆ ਹੈ। ਉਸਨੇ ਕਿਹਾ ਕਿ ਇਸ ਕੰਮ ਲਈ ਉਸ ਨੂੰ ਗੁਰਦਾਸਪੁਰ ਜਾਣਾ ਪੈਣਾ ਸੀ ਪਰ ਅੱਜ ਉਨ੍ਹਾਂ ਦੇ ਪਿੰਡ ਵਿਖੇ ਹੀ ਉਸਦਾ ਇਹ ਕੰਮ ਹੋ ਗਿਆ ਹੈ।
ਹੁਨਰ ਵਿਕਾਸ ਵਿਭਾਗ ਵੱਲੋਂ ਮੌਕੇ ’ਤੇ 38 ਨੌਜਵਾਨ ਲੜਕੇ ਲੜਕੀਆਂ ਦੀ ਹੁਨਰ ਵਿਕਾਸ ਕੋਰਸਾਂ ਲਈ ਚੋਣ ਕੀਤੀ ਗਈ। ਇਸ ਮੌਕੇ ਸਿਹਤ ਵਿਭਾਗ ਵੱਲੋਂ ਲਗਾਏ ਸਟਾਲ ’ਤੇ ਮਾਹਿਰ ਡਾਕਟਰਾਂ ਵੱਲੋਂ 123 ਮਰੀਜਾਂ ਦੀ ਮੁੱਢਲੀ ਜਾਂਚ ਕਰਕੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਅਤੇ ਕੋਡਿਵ ਦੀਆਂ 30 ਡੋਜ਼ ਲਗਾਈਆਂ ਗਈਆਂ। ਸਰਹੱਦੀ ਪਿੰਡਾਂ ਦੇ ਵਸਨੀਕ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਏ ਗਏ ਇਸ ਕੈਂਪ ਤੋਂ ਬਹੁਤ ਖੁਸ਼ ਸਨ ਅਤੇ ਉਨ੍ਹਾਂ ਨੇ ਇਸ ਉਪਰਾਲੇ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ।
ਅਬਾਦ ਕੈਂਪ ਦੌਰਾਨ ਸਹਾਇਕ ਕਮਿਸ਼ਨਰ (ਜ) ਸ੍ਰੀ ਸਚਿਨ ਪਾਠਕ, ਐੱਸ.ਡੀ.ਐੱਮ. ਦੀਨਾਨਗਰ ਸ. ਪਰਮਪ੍ਰੀਤ ਸਿੰਘ ਗੁਰਾਇਆ, ਡੀ.ਡੀ.ਪੀ.ਓ. ਸ੍ਰੀ ਸਤੀਸ਼ ਕੁਮਾਰ, ਬੀ.ਡੀ.ਪੀ.ਓ. ਦੋਰਾਂਘਲਾ ਸ੍ਰੀ ਜਿੰਦਰਪਾਲ ਸਿੰਘ ਅਠਵਾਲ, ਐਕਸੀਅਨ ਮੰਡੀ ਬੋਰਡ ਸ. ਬਲਦੇਵ ਸਿੰਘ ਰੰਧਾਵਾ, ਐਕਸੀਅਨ ਲੋਕ ਨਿਰਮਾਣ ਵਿਭਾਗ ਸ੍ਰੀ ਜਤਿੰਦਰ ਮੋਹਨ, ਜ਼ਿਲ੍ਹਾ ਨਿਆਂ ਅਤੇ ਅਧਿਕਾਰਤਾ ਅਫ਼ਸਰ ਸ. ਸੁਖਵਿੰਦਰ ਸਿੰਘ, ਜ਼ਿਲ੍ਹਾ ਭੂਮੀ ਰੱਖਿਆ ਅਫ਼ਸਰ ਸ. ਹਰਚਰਨ ਸਿੰਘ ਕੰਗ, ਡੀ.ਐੱਫ.ਐੱਸ.ਓ. ਮੈਡਮ ਨਵਨੀਤ ਕੌਰ, ਸੀ.ਡੀ.ਪੀ.ਓ. ਦੋਰਾਂਗਲਾ ਸ. ਬਿਕਰਮਜੀਤ ਸਿੰਘ, ਰੋਜ਼ਗਾਰ ਦਫ਼ਤਰ ਤੋਂ ਸ੍ਰੀ ਚਾਂਦ ਠਾਕੁਰ, ਸਰਕਾਰੀ ਮਿਡਲ ਸਕੂਲ ਦੇ ਹੈੱਡਾਸਟਰ ਸ. ਕੁਲਵੰਤ ਸਿੰਘ, ਐੱਸ.ਐੱਚ.ਓ. ਜਤਿੰਦਰਪਾਲ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।