ਗੁਰਦਾਸਪੁਰ, 20 ਫਰਵਰੀ (ਮੰਨਣ ਸੈਣੀ)। ਗੁਰਦਾਸਪੁਰ ਹਲਕੇ ਤੋਂ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੂੰ ਰਾਜਸਥਾਨ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹਨੂੰਮਾਨਗੜ੍ਹ ਅਤੇ ਸ੍ਰੀ ਗੰਗਾਨਗਰ ਜ਼ਿਲ੍ਹਿਆਂ ਦਾ ਅਬਜ਼ਰਵਰ ਨਿਯੁਕਤ ਕੀਤਾ ਗਿਆ ਹੈ। ਵਿਧਾਇਕ ਪਾਹੜਾ ਦੀ ਨਿਯੁਕਤੀ ਸੂਬਾ ਕਾਂਗਰਸ ਦੇ ਰਾਜਸਥਾਨ ਇੰਚਾਰਜ ਸੁਖਜਿੰਦਰ ਸਿੰਘ ਰੰਧਾਵਾ ਦੀ ਸਿਫ਼ਾਰਸ਼ ‘ਤੇ ਕੀਤੀ ਗਈ ਹੈ। ਰੰਧਾਵਾ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਅਤੇ ਪਾਰਟੀ ਦੀ ਮਜ਼ਬੂਤੀ ਨੂੰ ਦੇਖਦਿਆਂ ਪਾਹੜਾ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਪਾਹੜਾ ਉਪਰੋਕਤ ਦੋਵਾਂ ਜ਼ਿਲ੍ਹਿਆਂ ਵਿੱਚ ਪਾਰਟੀ ਨੂੰ ਮਜ਼ਬੂਤ ਕਰਨਗੇ, ਜਿਸ ਦਾ ਪਾਰਟੀ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਫਾਇਦਾ ਹੋਵੇਗਾ।
ਵਿਧਾਇਕ ਪਾਹੜਾ ਨੇ ਆਪਣੀ ਨਿਯੁਕਤੀ ‘ਤੇ ਹਲਕਾ ਇੰਚਾਰਜ ਰੰਧਾਵਾ ਅਤੇ ਸਮੂਹ ਲੀਡਰਸ਼ਿਪ ਦਾ ਧੰਨਵਾਦ ਕੀਤਾ। ਉਨ੍ਹਾਂ ਭਰੋਸਾ ਦਿੱਤਾ ਕਿ ਪਾਰਟੀ ਵੱਲੋਂ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਲਈ ਉਹ ਕੋਈ ਕਸਰ ਬਾਕੀ ਨਹੀਂ ਛੱਡਣਗੇ ਅਤੇ ਦਿੱਤੇ ਗਏ ਦੋਵਾਂ ਜ਼ਿਲ੍ਹਿਆਂ ਵਿੱਚ ਪਾਰਟੀ ਜਿੱਤ ਦਰਜ ਕਰੇਗੀ।