ਮੀਤ ਹੇਅਰ ਨੇ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਨਿਗਮ ਦੇ 15 ਜੇ.ਈਜ਼ ਤੇ 14 ਕਲਰਕਾਂ ਨੂੰ ਨਿਯੁਕਤੀ ਪੱਤਰ ਸੌਂਪੇ
ਨੌਜਵਾਨਾਂ ਨੂੰ ਰੋਜ਼ਗਾਰ ਦੇਣਾ ਭਗਵੰਤ ਮਾਨ ਸਰਕਾਰ ਦੀ ਪ੍ਰਮੁੱਖ ਤਰਜੀਹ: ਮੀਤ ਹੇਅਰ
ਚੰਡੀਗੜ੍ਹ, 20 ਫਰਵਰੀ 2023 (ਦੀ ਪੰਜਾਬ ਵਾਇਰ)। ਪੰਜਾਬ ਦੇ ਜਲ ਸਰੋਤ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇੱਥੇ ਪੰਜਾਬ ਭਵਨ ਵਿਖੇ ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਨਿਗਮ ਵਿੱਚ ਨਵੇਂ ਚੁਣੇ ਗਏ 15 ਜੇ.ਈਜ਼ ਅਤੇ 14 ਕਲਰਕਾਂ ਨੂੰ ਨਿਯੁਕਤੀ ਪੱਤਰ ਸੌਂਪੇ।
ਜਲ ਸਰੋਤ ਮੰਤਰੀ ਨੇ ਨਵ ਨਿਯੁਕਤ ਕਰਮਚਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ਨੌਜਵਾਨਾਂ ਨੂੰ ਰੋਜ਼ਗਾਰ ਦੇਣਾ ਪ੍ਰਮੁੱਖ ਤਰਜੀਹ ਹੈ। ਸੂਬਾ ਸਰਕਾਰ ਨੇ ਸਿਰਫ 11 ਮਹੀਨਿਆਂ ਦੇ ਵਕਫ਼ੇ ਦੌਰਾਨ 27000 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਹਨ। ਆਉਣ ਵਾਲੇ ਸਮੇਂ ਵਿੱਚ ਵੀ ਸਰਕਾਰ ਜਿੱਥੇ ਨੌਜਵਾਨਾਂ ਨੂੰ ਰੋਜ਼ਗਾਰ ਦੇਵੇਗੀ ਉੱਥੇ ਸੂਬੇ ਵਿੱਚ ਨਿਵੇਸ਼ ਪੱਖੀ ਮਾਹੌਲ ਸਿਰਜ ਕੇ ਨਵੇਂ ਪ੍ਰਾਜੈਕਟ ਸਥਾਪਤ ਕਰੇ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰ ਰਹੀ ਹੈ।
ਮੀਤ ਹੇਅਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਿਛਲੇ ਲੰਬੇ ਸਮੇਂ ਤੋਂ ਅਣਗੌਲੇ ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਨਿਗਮ ਦੀ ਬਾਂਹ ਫੜਦਿਆਂ ਜਿੱਥੇ ਤਰੱਕੀਆਂ ਦਿੱਤੀਆਂ ਹਨ ਉੱਥੇ ਨਵੀਂ ਭਰਤੀ ਕੀਤੀ ਹੈ। ਇਸ ਤੋਂ ਇਲਾਵਾ ਸੂਬੇ ਭਰ ਵਿੱਚ ਟਿਊਬਵੈੱਲਾਂ ਤੇ ਖਾਲਿਆਂ ਦੇ 220 ਕਰੋੜ ਰੁਪਏ ਦੇ ਪ੍ਰਾਜੈਕਟ ਸ਼ੁਰੂ ਹੋ ਰਹੇ ਹਨ।
ਜਲ ਸਰੋਤ ਮੰਤਰੀ ਨੇ ਅੱਜ ਨਿਯੁਕਤੀ ਪੱਤਰ ਹਾਸਲ ਕਰਨ ਵਾਲੇ ਨੌਜਵਾਨਾਂ ਨੂੰ ਤਨਦੇਹੀ ਅਤੇ ਇਮਾਨਦਾਰੀ ਨਾਲ ਆਪਣੀਆਂ ਸੇਵਾਂਵਾਂ ਲੋਕ ਹਿੱਤਾਂ ਵਿੱਚ ਨਿਭਾਉਣ ਲਈ ਆਖਿਆ। ਉਨ੍ਹਾਂ ਕਿਹਾ ਕਿ ਜਲ ਸਰੋਤ ਵਿਭਾਗ ਸਿੱਧਾ ਕਿਸਾਨਾਂ ਨਾਲ ਜੁੜਿਆ ਹੋਇਆ ਹੈ, ਇਸੇ ਕਰਕੇ ਨਵ ਨਿਯੁਕਤ ਕਰਮਚਾਰੀ ਕਿਸਾਨੀ ਦੀ ਭਲਾਈ ਵਿੱਚ ਆਪਣੀ ਬਿਹਤਰੀਨ ਸੇਵਾਵਾਂ ਨਿਭਾ ਕੇ ਯੋਗਦਾਨ ਪਾ ਸਕਦੇ ਹਨ। ਉਨ੍ਹਾਂ ਕਿਹਾ ਕਿ ਨਵੇਂ ਕਰਮਚਾਰੀ ਆਪਣੀ ਤਾਇਨਾਤੀ ਤੋਂ ਬਾਅਦ ਬਦਲੀ ਦੀ ਬਜਾਏ ਡਿਊਟੀ ਨੂੰ ਪਹਿਲ ਦੇਣ।
ਇਸ ਮੌਕੇ ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਨਿਗਮ ਦੇ ਚੇਅਰਮੈਨ ਰਣਜੀਤ ਸਿੰਘ ਚੀਮਾ, ਜਲ ਸਰੋਤ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ, ਨਿਗਮ ਦੇ ਪ੍ਰਬੰਧਕ ਨਿਰਦੇਸ਼ਕ ਡਾ ਹਰਿੰਦਰ ਪਾਲ ਸਿੰਘ ਬੇਦੀ ਅਤੇ ਹੋਰ ਅਧਿਕਾਰੀ ਮੌਜੂਦ ਸਨ