ਪੰਜਾਬ ਮੁੱਖ ਖ਼ਬਰ

ਦਵਾਈਆਂ ਦੀਆਂ ਵੱਧ ਕੀਮਤਾਂ ਕਾਰਨ ਜਨਤਾ ਦੀ ਲੁੱਟ ਦਾ ਹੱਲ ਲੱਭਣ ਲਈ ਪੰਜਾਬ ਵਿਧਾਨ ਸਭਾ ‘ਚ ਅਹਿਮ ਵਿਚਾਰ-ਵਟਾਂਦਰਾ 21 ਫ਼ਰਵਰੀ ਨੂੰ

ਦਵਾਈਆਂ ਦੀਆਂ ਵੱਧ ਕੀਮਤਾਂ ਕਾਰਨ ਜਨਤਾ ਦੀ ਲੁੱਟ ਦਾ ਹੱਲ ਲੱਭਣ ਲਈ ਪੰਜਾਬ ਵਿਧਾਨ ਸਭਾ ‘ਚ ਅਹਿਮ ਵਿਚਾਰ-ਵਟਾਂਦਰਾ 21 ਫ਼ਰਵਰੀ ਨੂੰ
  • PublishedFebruary 19, 2023


ਵਿਧਾਨ ਸਭਾ ਸਪੀਕਰ ਵੱਲੋਂ ਸੱਦੀ ਮੀਟਿੰਗ ਵਿੱਚ ਸ਼ਾਮਲ ਹੋਣਗੇ ਮੰਤਰੀ, ਵਿਧਾਇਕ, ਮਾਹਰ ਅਤੇ ਸਮਾਜਕ ਸੰਸਥਾਵਾਂ ਦੇ ਨੁਮਾਇੰਦੇ

ਚੰਡੀਗੜ੍ਹ, 19 ਫ਼ਰਵਰੀ 2023 (ਦੀ ਪੰਜਾਬ ਵਾਇਰ)। ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਦੱਸਿਆ ਕਿ ਦਵਾਈਆਂ ਦੀਆਂ ਵੱਧ ਕੀਮਤਾਂ ਕਾਰਨ ਜਨਤਾ ਦੀ ਹੋ ਰਹੀ ਲੁੱਟ-ਖਸੁੱਟ ਦਾ ਸਥਾਈ ਹੱਲ ਲੱਭਣ ਲਈ ਪੰਜਾਬ ਵਿਧਾਨ ਸਭਾ ‘ਚ ਕੈਬਨਿਟ ਮੰਤਰੀਆਂ, ਵਿਧਾਇਕਾਂ ਅਤੇ ਮਾਹਰਾਂ ਦੀ ਅਹਿਮ ਮੀਟਿੰਗ 21 ਫ਼ਰਵਰੀ ਨੂੰ ਸੱਦੀ ਗਈ ਹੈ।

ਉਨ੍ਹਾਂ ਦੱਸਿਆ ਕਿ ਜਨਤਾ ਨੂੰ ਦਰਪੇਸ਼ ਵੱਖ-ਵੱਖ ਮਾਮਲਿਆਂ ਸਬੰਧੀ ਵਿਚਾਰ-ਵਟਾਂਦਰੇ ਦੀ ਲੜੀ ਤਹਿਤ ਇਸ ਭਖਦੇ ਮਸਲੇ ਬਾਰੇ ਇਹ ਵਿਚਾਰ ਚਰਚਾ ਉਲੀਕੀ ਗਈ ਹੈ ਕਿਉਂਕਿ ਇਹ ਆਮ ਧਾਰਣਾ ਹੈ ਕਿ ਦਵਾਈਆਂ ਦੀ ਉੱਚ ਐਮ.ਆਰ.ਪੀ. ਉਤੇ ਵਿਕਰੀ ਕਾਰਨ ਜਨਤਾ ਦੀ ਲੁੱਟ-ਖਸੁੱਟ ਹੋ ਰਹੀ ਹੈ ਅਤੇ ਦਵਾਈਆਂ ਗ਼ਰੀਬਾਂ ਦੀ ਪਹੁੰਚ ਤੋਂ ਬਾਹਰ ਹੁੰਦੀਆਂ ਜਾ ਰਹੀਆਂ ਹਨ, ਇਸ ਲਈ ਲੋਕ ਹਿੱਤ ਨਾਲ ਜੁੜੀ ਇਸ ਸਮੱਸਿਆ ਦਾ ਹੱਲ ਲੱਭਣਾ ਸਮੇਂ ਦੀ ਮੁੱਖ ਲੋੜ ਹੈ।

ਉਨ੍ਹਾਂ ਕਿਹਾ ਕਿ ਜਨਤਾ ਅਤੇ ਸਰਕਾਰ ਦਰਮਿਆਨ ਕੜੀ ਵਜੋਂ ਕੰਮ ਕਰਦੇ ਵਿਧਾਇਕ ਸਾਹਿਬਾਨ ਨੂੰ ਇਸ ਮਾਮਲੇ ਸਬੰਧੀ ਜਾਗਰੂਕ ਕਰਨ ਅਤੇ ਇਸ ਦੇ ਪੁਖ਼ਤਾ ਹੱਲ ਲਈ ਯੋਗ ਕਦਮ ਚੁੱਕਣ ਦੇ ਮੱਦੇਨਜ਼ਰ ਇਹ ਮੀਟਿੰਗ ਉਲੀਕੀ ਗਈ ਹੈ ਤਾਂ ਜੋ ਵਿਧਾਇਕ ਇਸ ਲੋਕ ਹਿੱਤ ਦੇ ਮੁੱਦੇ ‘ਤੇ ਸਦਨ ਅੰਦਰ ਸਾਰਥਕ ਬਹਿਸ ਕਰ ਸਕਣ ਅਤੇ ਜਨਤਾ ਨੂੰ ਸਹੀ ਸੇਧ ਦੇ ਸਕਣ।

ਮੀਟਿੰਗ ਵਿੱਚ ਕੈਬਨਿਟ ਮੰਤਰੀਆਂ ਤੇ ਵਿਧਾਇਕਾਂ ਤੋਂ ਇਲਾਵਾ ਸਿਹਤ ਮਾਹਰ ਅਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਸ਼ਾਮਲ ਹੋਣਗੇ।

Written By
The Punjab Wire