Close

Recent Posts

ਪੰਜਾਬ

ਏ.ਡੀ.ਜੀ.ਪੀ. ਕਾਨੂੰਨ ਤੇ ਵਿਵਸਥਾ ਵੱਲੋਂ ਹੋਲਾ ਮੁਹੱਲਾ ਤੋਂ ਪਹਿਲਾਂ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ

ਏ.ਡੀ.ਜੀ.ਪੀ. ਕਾਨੂੰਨ ਤੇ ਵਿਵਸਥਾ ਵੱਲੋਂ ਹੋਲਾ ਮੁਹੱਲਾ ਤੋਂ ਪਹਿਲਾਂ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ
  • PublishedFebruary 16, 2023

ਪੁਲਿਸ ਨੂੰ ਆਗਾਮੀ ਤਿਉਹਾਰ ਲਈ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰਨ ਦੇ ਨਿਰਦੇਸ਼

ਇਸ ਪਵਿੱਤਰ ਧਰਤੀ ‘ਤੇ ਦੁਨੀਆ ਭਰ ਤੋਂ ਆਉਣ ਵਾਲੇ ਲੱਖਾਂ ਸ਼ਰਧਾਲੂਆਂ ਦੀ ਸਹੂਲਤ ਲਈ ਹੈਲਪ ਡੈਸਕ ਸਥਾਪਤ ਕੀਤੇ ਜਾਣਗੇ :ਏ.ਡੀ.ਜੀ.ਪੀ. ਅਰਪਿਤ ਸ਼ੁਕਲਾ

 ਚੰਡੀਗੜ੍ਹ/ਅਨੰਦਪੁਰ ਸਾਹਿਬ, 16 ਫਰਵਰੀ (ਦੀ ਪੰਜਾਬ ਵਾਇਰ)। ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮੁਹੱਲੇ ਦੇ ਆਗਾਮੀ ਤਿਉਹਾਰ ਲਈ ਪੁਖਤਾ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਵਾਸਤੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏ.ਡੀ.ਜੀ.ਪੀ.) ਕਾਨੂੰਨ ਤੇ ਵਿਵਸਥਾ ਅਰਪਿਤ ਸ਼ੁਕਲਾ ਨੇ ਅੱਜ ਇੱਥੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਤਾਂ ਜੋ ਸ਼ਾਂਤਮਈ ਜਸ਼ਨਾਂ ਨੂੰ ਯਕੀਨੀ ਬਣਾਇਆ ਜਾ ਸਕੇ।

ਹਰ ਸਾਲ 3 ਦਿਨ ਮਨਾਇਆ ਜਾਣ ਵਾਲਾ ਸਿੱਖਾਂ ਦਾ ਤਿਉਹਾਰ ਹੋਲਾ ਮੁਹੱਲਾ 6 ਤੋਂ 8 ਮਾਰਚ, 2023 ਤੱਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾਵੇਗਾ।

ਰੂਪਨਗਰ ਰੇਂਜ ਦੇ ਇੰਸਪੈਕਟਰ ਜਨਰਲ ਆਫ਼ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ, ਡਿਪਟੀ ਕਮਿਸ਼ਨਰ ਰੂਪਨਗਰ ਪ੍ਰੀਤੀ ਯਾਦਵ ਅਤੇ ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀ) ਰੂਪਨਗਰ ਵਿਵੇਕ ਸ਼ੀਲ ਸੋਨੀ ਨਾਲ ਤਾਲਮੇਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਏ.ਡੀ.ਜੀ.ਪੀ ਅਰਪਿਤ ਸ਼ੁਕਲਾ ਨੇ ਹਦਾਇਤ ਕੀਤੀ ਕਿ ਖਾਲਸੇ ਪੰਥ ਦੀ ਜਨਮ ਭੂਮੀ ‘ਤੇ ਮੱਥਾ ਟੇਕਣ ਲਈ ਦੁਨੀਆਂ ਭਰ ਤੋਂ ਆਉਣ ਵਾਲੇ ਲੱਖਾਂ ਸ਼ਰਧਾਲੂਆਂ ਦੀ ਸਹੂਲਤ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣ।

ਉਨ੍ਹਾਂ ਨੇ ਆਈ.ਜੀ.ਪੀ ਅਤੇ ਐਸ.ਐਸ.ਪੀ ਨੂੰ ਟ੍ਰੈਫਿਕ ਦੀ ਸੁਚਾਰੂ ਆਵਾਜਾਈ, ਵਾਹਨਾਂ ਦੀ ਪਾਰਕਿੰਗ, ਸੁਰੱਖਿਆ ਪ੍ਰਬੰਧਾਂ, ਸ਼ਰਧਾਲੂਆਂ ਦੇ ਆਉਣ-ਜਾਣ ਅਤੇ ਠਹਿਰ ਦੇ ਪ੍ਰਬੰਧਾਂ ਵਾਸਤੇ ਢੁੱਕਵੀਂ ਯੋਜਨਾ ਬਣਆਉਣ ਦੀ ਹਦਾਇਤ ਕੀਤੀ ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

ਏ.ਡੀ.ਜੀ.ਪੀ. ਨੇ ਕਿਹਾ ਕਿ ਇਸ ਵਾਰ ਲੋਕਾਂ ਦੀ ਸੁਚਾਰੂ ਆਵਾਜਾਈ ਅਤੇ ਸਮਾਜ ਵਿਰੋਧੀ ਅਨਸਰਾਂ ‘ਤੇ ਨਜ਼ਰ ਰੱਖਣ ਲਈ ਡਰੋਨ ਤਾਇਨਾਤ ਕੀਤੇ ਜਾਣਗੇ।

ਉਨ੍ਹਾਂ ਕਿਹਾ ਕਿ ਲੋਕਾਂ ਲਈ ਮਹੱਤਵਪੂਰਨ ਜਾਣਕਾਰੀ ਪ੍ਰਦਰਸ਼ਿਤ ਕਰਨ ਲਈ ਪ੍ਰਮੁੱਖ ਸਥਾਨਾਂ ‘ਤੇ ਵੱਡੀਆਂ ਸਕਰੀਨਾਂ ਲਾਈਆਂ ਜਾਣਗੀਆਂ। ਇਸ ਤੋਂ ਇਲਾਵਾ ਸ਼ਰਧਾਲੂਆਂ ਦੀ ਸਹੂਲਤ ਅਤੇ ਗੁੰਮ ਹੋਈਆਂ ਤੇ ਲੱਭੀਆਂ ਵਸਤਾਂ ਲਈ ਹੈਲਪ ਡੈਸਕ ਸਥਾਪਤ ਕੀਤੇ ਜਾਣਗੇ।

ਜ਼ਿਕਰਯੋਗ ਹੈ ਕਿ ਹੋਲਾ ਮੁਹੱਲਾ ਦਾ ਤਿਉਹਾਰ ਪੰਜਾਬੀਆਂ ਅਤੇ ਵਿਸ਼ੇਸ਼ ਤੌਰ ‘ਤੇ ਸਿੱਖ ਕੌਮ ਦੀ ਚੜ੍ਹਦੀਕਲਾ ਦਾ ਪ੍ਰਤੀਕ ਹੈ ਅਤੇ ਇਸ ਤਿਉਹਾਰ ਮੌਕੇ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ‘ਤੇ ਵੱਖ-ਵੱਖ ਥਾਵਾਂ ਤੋਂ ਸ਼ਰਧਾਲੂ ਇੱਥੇ ਨਤਮਸਤਕ ਹੋਣ ਲਈ ਆਉਂਦੇ ਹਨ|

Written By
The Punjab Wire