ਬਜਟ ਤਿਆਰ ਕਰਨ ਲਈ ਇਸ ਵਾਰ ਸ਼੍ਰੋਮਣੀ ਕਮੇਟੀ ਲੋਕਾਂ ਦੇ ਲਏਗੀ ਸੁਝਾਅ
SGPC ਨੇ ਬਜਟ ‘ਤੇ ਵਿਚਾਰ ਦੇਣ ਲਈ ਇੱਕ ਈਮੇਲ ਜਾਰੀ ਕੀਤੀ
ਅੰਮਿ੍ਤਸਰ, 16 ਫਰਵਰੀ (ਦੀ ਪੰਜਾਬ ਵਾਇਰ)। ਇਸ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਤਿਆਰ ਕਰਨ ਲਈ ਸੰਗਤਾਂ ਦੇ ਸੁਝਾਅ ਵੀ ਲਏ ਜਾ ਰਹੇ ਹਨ। ਪਹਿਲੀ ਵਾਰ ਸ਼੍ਰੋਮਣੀ ਕਮੇਟੀ ਵੱਲੋਂ ਬਜਟ ਸਬੰਧੀ ਵਿਚਾਰ ਅਤੇ ਸੁਝਾਅ ਭੇਜਣ ਲਈ ਈਮੇਲ ਜਾਰੀ ਕੀਤੀ ਗਈ ਹੈ। ਬਜਟ ਸਬੰਧੀ ਜਨਰਲ ਹਾਊਸ ਦੀ ਮੀਟਿੰਗ ਮਾਰਚ ਮਹੀਨੇ ਬੁਲਾਈ ਜਾਣੀ ਹੈ। ਜਿਸ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਬ ਕਮੇਟੀ ਬਣਾਈ ਹੈ। ਇਸ ਕਮੇਟੀ ਵਿੱਚ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕੈਮਪੁਰ, ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ, ਕਾਰਜਕਾਰਨੀ ਕਮੇਟੀ ਮੈਂਬਰ ਜਰਨੈਲ ਸਿੰਘ ਕਰਤਾਰਪੁਰ, ਭਾਈ ਰਜਿੰਦਰ ਸਿੰਘ ਮਹਿਤਾ, ਭਾਈ ਅਮਰਜੀਤ ਸਿੰਘ ਚਾਵਲਾ, ਭਾਈ ਗੁਰਬਖਸ਼ ਸਿੰਘ ਖਾਲਸਾ, ਸਰਵਣ ਸਿੰਘ ਕੁਲਾਰ ਅਤੇ ਕੁਲਵੰਤ ਸਿੰਘ ਮੰਨਣ ਸ਼ਾਮਲ ਹਨ।
ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਦੱਸਿਆ ਕਿ ਇਸ ਵਾਰ ਸਾਰਿਆਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਇਲਾਵਾ ਬਜਟ ਦੀਆਂ ਤਰਜੀਹਾਂ ਤੈਅ ਕਰਨ ਲਈ ਮੈਂਬਰਾਂ ਅਤੇ ਸੰਗਤਾਂ ਦੇ ਸੁਝਾਅ ਵੀ ਲਏ ਜਾ ਰਹੇ ਹਨ। ਇਸ ਸਬੰਧੀ ਸ਼੍ਰੋਮਣੀ ਕਮੇਟੀ ਨੇ ਇੱਕ ਈਮੇਲ sgpcbudgetsuggestions@gmail.com ਜਾਰੀ ਕੀਤੀ ਹੈ। ਇਸ ਈਮੇਲ ਦਾ ਸ਼੍ਰੋਮਣੀ ਕਮੇਟੀ ਦੀ ਵੈੱਬਸਾਈਟ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਵੀ ਪ੍ਰਚਾਰ ਕੀਤਾ ਜਾ ਰਿਹਾ ਹੈ। ਸੰਗਤ ਅਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਬੇਨਤੀ ਹੈ ਕਿ ਉਹ ਬਜਟ ਸਬੰਧੀ ਆਪਣੇ ਕੀਮਤੀ ਸੁਝਾਅ ਜ਼ਰੂਰ ਭੇਜਣ। ਤਾਂ ਜੋ ਮੈਂਬਰਾਂ ਅਤੇ ਸੰਗਤਾਂ ਦੀਆਂ ਭਾਵਨਾਵਾਂ ਅਨੁਸਾਰ ਬਜਟ ਤਿਆਰ ਕੀਤਾ ਜਾ ਸਕੇ।
ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਗਠਿਤ ਬਜਟ ਸਬ-ਕਮੇਟੀ ਦੀਆਂ ਮੀਟਿੰਗਾਂ ਪਿਛਲੇ ਇੱਕ ਮਹੀਨੇ ਤੋਂ ਚੱਲ ਰਹੀਆਂ ਹਨ, ਜਿਸ ਵਿੱਚ ਵੱਖ-ਵੱਖ ਵਿੱਤੀ ਪਹਿਲੂਆਂ ‘ਤੇ ਚਰਚਾ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸੰਗਤਾਂ ਦੇ ਸੁਝਾਅ ਵੀ ਅਹਿਮ ਹੋਣਗੇ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਪਹਿਲੀ ਵਾਰ ਕੀਤਾ ਜਾ ਰਿਹਾ ਹੈ ਅਤੇ ਉਮੀਦ ਹੈ ਕਿ ਇਸ ਦੇ ਚੰਗੇ ਨਤੀਜੇ ਨਿਕਲਣਗੇ। ਸ਼੍ਰੋਮਣੀ ਕਮੇਟੀ ਗੁਰਦੁਆਰਾ, ਵਿੱਦਿਅਕ ਅਦਾਰੇ, ਧਰਮ ਪ੍ਰਚਾਰ ਕਮੇਟੀ, ਪ੍ਰੈਸ ਅਤੇ ਪ੍ਰਕਾਸ਼ਨ, ਟਰੱਸਟ ਆਦਿ ਲਈ ਬਜਟ ਤਿਆਰ ਕਰੇਗੀ।