ਗੁਰਦਾਸਪੁਰ ਪੰਜਾਬ

ਡਿਪਟੀ ਕਮਿਸ਼ਨਰ ਵੱਲੋਂ ਫੂਡ ਸੇਫਟੀ ਵਿਭਾਗ ਨੂੰ ਖਾਣ-ਪੀਣ ਦੀਆਂ ਵਸਤਾਂ ਵਿੱਚ ਮਿਲਾਵਟ ਨੂੰ ਰੋਕਣ ਲਈ ਚੈਕਿੰਗ ਮੁਹਿੰਮ ਤੇਜ਼ ਕਰਨ ਦੀਆਂ ਹਦਾਇਤਾਂ

ਡਿਪਟੀ ਕਮਿਸ਼ਨਰ ਵੱਲੋਂ ਫੂਡ ਸੇਫਟੀ ਵਿਭਾਗ ਨੂੰ ਖਾਣ-ਪੀਣ ਦੀਆਂ ਵਸਤਾਂ ਵਿੱਚ ਮਿਲਾਵਟ ਨੂੰ ਰੋਕਣ ਲਈ ਚੈਕਿੰਗ ਮੁਹਿੰਮ ਤੇਜ਼ ਕਰਨ ਦੀਆਂ ਹਦਾਇਤਾਂ
  • PublishedFebruary 14, 2023

ਮਠਿਆਈਆਂ ਅਤੇ ਹੋਰ ਖਾਣ-ਪੀਣ ਦੀਆਂ ਵਸਤਾਂ ਵਿੱਚ ਕੇਵਲ ਐੱਫ.ਐੱਸ.ਐੱਸ.ਏ.ਆਈ ਵੱਲੋਂ ਮਨਜ਼ੂਰ ਰੰਗ ਹੀ ਵਰਤੇ ਜਾਣ – ਡਿਪਟੀ ਕਮਿਸ਼ਨਰ

ਦੁਕਾਨਦਾਰਾਂ ਦੇ ਲਾਇਸੰਸ ਬਣਾਉਣ ਅਤੇ ਰਜਿਸਟ੍ਰੇਸ਼ਨ ਨੂੰ ਵੀ ਯਕੀਨੀ ਬਣਾਇਆ ਜਾਵੇ

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਿਸੇ ਵੀ ਸੂਰਤ ਵਿੱਚ ਸਹਿਣ ਨਹੀਂ ਕੀਤਾ ਜਾਵੇਗਾ

ਗੁਰਦਾਸਪੁਰ, 14 ਫਰਵਰੀ (ਮੰਨਣ ਸੈਣੀ) – ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਆਈ.ਏ.ਐੱਸ. ਨੇ ਫੂਡ ਸੇਫਟੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਫੂਡ ਸੇਫਟੀ ਅਤੇ ਸਟੈਂਡਰਡ ਐਕਟ-2006 ਦੇ ਤਹਿਤ ਖਾਣ-ਪੀਣ ਦੀਆਂ ਵਸਤਾਂ ਦਾ ਕੰਮ ਕਰਨ ਵਾਲੇ ਹਰ ਦੁਕਾਨਦਾਰ ਜਿਸਦੀ ਸਲਾਨਾ ਸੇਲ 12 ਲੱਖ ਰੁਪਏ ਤੋਂ ਵੱਧ ਹੈ ਉਨ੍ਹਾਂ ਦੇ ਲਾਇਸੰਸ ਬਣਾਏ ਜਾਣ ਅਤੇ ਜਿਨ੍ਹਾਂ ਦੀ ਸੇਲ 12 ਲੱਖ ਰੁਪਏ ਸਲਾਨਾ ਤੋਂ ਘੱਟ ਹੈ ਉਨ੍ਹਾਂ ਦੁਕਾਨਦਾਰਾਂ ਨੂੰ ਰਜਿਸਟਰਡ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਲਾਇਸੰਸ ਬਣਾਉਣ ਅਤੇ ਰਜਿਸਟਰੇਸ਼ਨ ਕਰਨ ਦੇ ਕੰਮ ਨੂੰ ਜਲਦ ਤੋਂ ਜਲਦ 100 ਫੀਸਦੀ ਮੁਕੰਮਲ ਕੀਤਾ ਜਾਵੇ।

ਇਹ ਹਦਾਇਤਾਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਅੱਜ ਫੂਡ ਸੇਫਟੀ ਸਬੰਧੀ ਜ਼ਿਲ੍ਹਾ ਪੱਧਰੀ ਅਡਵਾਈਜਰੀ ਕਮੇਟੀ ਦੀ ਪ੍ਰਧਾਨਗੀ ਕਰਦਿਆਂ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਜਾਰੀ ਕੀਤੀਆਂ। ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਦੇ ਲਾਇਸੰਸ ਬਣਾਉਣ ਅਤੇ ਰਜਿਸਟ੍ਰੇਸ਼ਨ ਕਰਨ ਲਈ ਜਾਗਰੂਕਤਾ ਕੈਂਪ ਲਗਾਏ ਜਾਣ। ਉਨ੍ਹਾਂ ਕਿਹਾ ਕਿ ਜਿਹੜੇ ਦੁਕਾਨਦਾਰ ਫਿਰ ਵੀ ਆਪਣੇ ਲਾਇੰਸਸ ਨਹੀਂ ਬਣਾਉਂਦੇ ਜਾਂ ਰਜਿਸਟਰੇਸ਼ਨ ਨਹੀਂ ਕਰਵਾਉਂਦੇ ਉਨ੍ਹਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਉਨ੍ਹਾਂ ਕਿਹਾ ਕਿ ਖਾਣ-ਪੀਣ ਦੀਆਂ ਵਸਤਾਂ ਵਿੱਚ ਮਿਲਾਵਟ ਨੂੰ ਰੋਕਣ ਲਈ ਫੂਡ ਸੇਫਟੀ ਵਿਭਾਗ ਵੱਲੋਂ ਚੇਕਿੰਗ ਮੁਹਿੰਮ ਨੂੰ ਤੇਜ਼ ਕੀਤਾ ਜਾਵੇ ਅਤੇ ਜਿਹੜੇ ਦੁਕਾਨਦਾਰ ਮਿਲਾਵਟ ਦਾ ਧੰਦਾ ਕਰਦੇ ਹਨ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਿਸੇ ਵੀ ਸੂਰਤ ਵਿੱਚ ਸਹਿਣ ਨਹੀਂ ਕੀਤਾ ਜਾਵੇਗਾ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਠਿਆਈਆਂ ਵਿੱਚ ਕੇਵਲ ਐੱਫ.ਐੱਸ.ਐੱਸ.ਏ.ਆਈ ਵੱਲੋਂ ਮਨਜ਼ੂਰ ਰੰਗ ਹੀ ਵਰਤੇ ਜਾਣ ਅਤੇ ਦੁੱਧ ਅਤੇ ਦੁੱਧ ਦੇ ਪਦਾਰਥਾਂ ਤੋਂ ਤਿਆਰ ਕੀਤੀਆਂ ਜਾਣ ਵਾਲੀਆਂ ਮਿਠਾਈਆਂ ਵਿੱਚ ਦੁੱਧ ਅਤੇ ਪਨੀਰ ਆਪਣੇ ਪੱਧਰ ’ਤੇ ਹੀ ਤਿਆਰ ਕੀਤਾ ਜਾਵੇ ਅਤੇ ਪਰਮਿੱਟਡ ਫੂਡ ਰੰਗ ਹੀ ਵਰਤੇ ਜਾਣੇ ਯਕੀਨੀ ਬਣਾਏ ਜਾਣ। ਉਨ੍ਹਾਂ ਕਿਹਾ ਗੁਲਾਬੀ ਰੰਗ ਮਠਿਆਈ ਵਿੱਚ ਬਿਲਕੁਲ ਨਾ ਵਰਤਿਆ ਜਾਵੇ ਕਿਉਂਕਿ ਇਹ ਇੱਕ ਸਿੰਥੈਟਿਕ ਡਾਈ ਹੈ ਜਿਸ ਨਾਲ ਕੈਂਸਰ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਉਨ੍ਹਾਂ ਕਿਹਾ ਕਿ ਹੋਟਲਾਂ, ਢਾਬਿਆਂ ਅਤੇ ਰੈਸਟੋਰੈਂਟਾਂ ਦੀ ਰਸੋਈ ਵਿੱਚ ਸਫ਼ਾਈ ਦੀ ਵੀ ਚੈਕਿੰਗ ਕੀਤੀ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਖਾਣਾ ਤਿਆਰ ਕਰਨ ਵਾਲੇ ਕੁੱਕ ਸਿਹਤਮੰਦ ਹੋਣ, ਉਨ੍ਹਾਂ ਨੇ ਪਰਾਪਰ ਡਰੈੱਸ ਪਾਈ ਹੋਵੇ ਅਤੇ ਨੂੰਹ ਕੱਟੇ ਹੋਣ। ਮੀਟਿੰਗ ਦੌਰਾਨ ਗੁਰਦਾਸਪੁਰ ਸ਼ਹਿਰ ਵਿੱਚ ਗੁਰੂ ਰਵਿਦਾਸ ਚੌਂਕ-ਜੇਲ੍ਹ ਰੋਡ ਤੱਕ ਕਲੀਨ ਸਟਰੀਟ ਫੂਡ ਹੱਬ ਬਣਾਉਣ ਬਾਰੇ ਵੀ ਵਿਚਾਰ ਕੀਤਾ ਗਿਆ।

ਮੀਟਿੰਗ ਦੌਰਾਨ ਡਾ. ਜੀ.ਐੱਸ. ਪੰਨੂ ਸਹਾਇਕ ਕਮਿਸ਼ਨਰ (ਫੂਡ) ਨੇ ਦੱਸਿਆ ਕਿ ਦਸੰਬਰ 2022 ਤੋਂ ਜਨਵਰੀ 2023 ਤੱਕ ਫੂਡ ਸੇਫਟੀ ਵਿਭਾਗ ਵੱਲੋਂ ਜ਼ਿਲ੍ਹੇ ਵਿੱਚ ਖਾਣ-ਪੀਣ ਦੀਆਂ ਵਸਤਾਂ ਦੇ ਕੁੱਲ 58 ਸੈਂਪਲ ਭਰੇ ਗਏ ਹਨ ਜਿਨ੍ਹਾਂ ਵਿੱਚੋਂ 14 ਸੈਂਪਲ ਪਾਸ ਹੋਏ ਹਨ ਜਦਕਿ 1 ਸੈਂਪਲ ਸਬ ਸਟੈਂਡਰਡ ਪਾਇਆ ਗਿਆ ਹੈ। ਇਸਤੋਂ ਇਲਾਵਾ 43 ਸੈਂਪਲਾਂ ਦੀ ਰੀਪੋਰਟ ਆਉਣੀ ਅਜੇ ਬਾਕੀ ਹੈ। ਉਨ੍ਹਾਂ ਦੱਸਿਆ ਕਿ ਦਸੰਬਰ 2022 ਤੱਕ ਜਿਹੜੇ ਸੈਂਪਲ ਫੇਲ੍ਹ ਹੋਏ ਸਨ ਉਨ੍ਹਾਂ ਦੁਕਾਨਦਾਰਾਂ ਖਿਲਾਫ ਫੂਡ ਸੇਫਟੀ ਐਕਟ ਤਹਿਤ ਕਾਰਵਾਈ ਅਮਨ ਵਿੱਚ ਲਿਆਂਦੀ ਜਾ ਚੁੱਕੀ ਹੈ।

ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਨਿਧੀ ਕੁਮੁਦ ਬਾਮਬਾ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ. ਮਨਮੋਹਨ ਸਿੰਘ, ਐੱਸ.ਡੀ.ਐੱਮ. ਡੇਰਾ ਬਾਬਾ ਨਾਨਕ ਸ. ਬਲਵਿੰਦਰ ਸਿੰਘ, ਡਾ. ਜੀ.ਐੱਸ. ਪੰਨੂ ਸਹਾਇਕ ਕਮਿਸ਼ਨਰ (ਫੂਡ), ਡੀ.ਡੀ.ਪੀ.ਓ. ਸ੍ਰੀ ਸਤੀਸ਼ ਕੁਮਾਰ, ਮੁੱਖ ਖੇਤੀਬਾੜੀ ਅਫ਼ਸਰ ਡਾ. ਕ੍ਰਿਪਾਲ ਸਿੰਘ ਢਿਲੋਂ, ਨਗਰ ਕੌਂਸਲਾਂ ਦੇ ਈ.ਓਜ਼ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Written By
The Punjab Wire