ਚੰਡੀਗੜ੍ਹ ‘ਚ ਸਾਲ 2027 ਤੱਕ 70 ਫੀਸਦੀ ਇਲੈਕਟ੍ਰਿਕ ਵਾਹਨ ਰਜਿਸਟਰਡ ਹੋਣਗੇ: ਪੁਰੋਹਿਤ
ਪ੍ਰਸ਼ਾਸਕ ਨੇ ਪੀਐਚਡੀਸੀਸੀਆਈ ਦੇ ਈ.ਵੀ. ਐਕਸਪੋ ਦਾ ਕੀਤਾ ਉਦਘਾਟਨ
ਗਰੀਨ ਅਤੇ ਕਲੀਨ ਤਕਨੌਲਜੀ ਨੂੰ ਅਪਣਾਉਣ ਸ਼ਹਿਰਵਾਸੀ
ਈ.ਵੀ. ਦੀ ਜਾਣਕਾਰੀ ਦੇ ਛੇਤੀ ਲਾਂਚ ਹੋਵੇਗਾ ਮੋਬਾਈਲ ਐਪ
ਚੰਡੀਗੜ੍ਹ, 3 ਫਰਵਰੀ (ਦੀ ਪੰਜਾਬ ਵਾਇਰ)। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਹੈ ਕਿ ਸ਼ਹਿਰ ਉਦੋਂ ਹੀ ਸਹੀ ਅਰਥਾਂ ਵਿੱਚ ਸੁੰਦਰ ਬਣੇਗਾ ਜਦੋਂ ਸ਼ਹਿਰ ਵਾਸੀ ਹਰਿਆਲੀ ਅਤੇ ਸਾਫ਼-ਸੁਥਰੀ ਤਕਨੀਕ ਨੂੰ ਅਪਣਾਉਣ। ਪੁਰੋਹਿਤ ਅੱਜ ਪੀਐਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੁਆਰਾ CREST ਦੇ ਸਹਿਯੋਗ ਨਾਲ ਆਯੋਜਿਤ ਤਿੰਨ ਦਿਨਾਂ ਈਵੀ ਐਕਸਪੋ 2023 ਦੇ ਉਦਘਾਟਨ ਮੌਕੇ ਦੇਸ਼ ਭਰ ਦੇ ਇਲੈਕਟ੍ਰਿਕ ਵਾਹਨ ਨਿਰਮਾਤਾਵਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਵਿੱਚ ਇਲੈਕਟ੍ਰਿਕ ਵਾਹਨ ਪਾਲਿਸੀ ਲਾਗੂ ਕਰ ਦਿੱਤੀ ਗਈ ਹੈ। ਸਾਲ 2027 ਤੱਕ 70 ਫੀਸਦੀ ਇਲੈਕਟ੍ਰਿਕ ਵਾਹਨ ਰਜਿਸਟਰਡ ਹੋ ਜਾਣਗੇ। ਚੰਡੀਗੜ੍ਹ ਵਿੱਚ ਪਬਲਿਕ ਟਰਾਂਸਪੋਰਟ ਨੂੰ ਸਾਲ 2030 ਤੱਕ ਈਵੀ ਵਿੱਚ ਬਦਲ ਦਿੱਤਾ ਜਾਵੇਗਾ। ਚੰਡੀਗੜ੍ਹ ਵਿੱਚ ਪਹਿਲੀ ਵਾਰ ਇਸ ਤਰ੍ਹਾਂ ਦਾ ਇਲੈਕਟ੍ਰਿਕ ਵਹੀਕਲ ਐਕਸਪੋ ਦਾ ਆਯੋਜਨ ਕੀਤਾ ਜਾ ਰਿਹਾ ਹੈ। ਦੇਸ਼ ਭਰ ਦੀਆਂ ਇਲੈਕਟ੍ਰਿਕ ਵਾਹਨ ਨਿਰਮਾਤਾ ਕੰਪਨੀਆਂ ਆਮ ਲੋਕਾਂ ਲਈ ਇੱਕ ਛੱਤ ਹੇਠਾਂ ਆਪਣੇ ਉਤਪਾਦਾਂ ਨੂੰ ਪ੍ਰਦਰਸ਼ਿਤ ਕਰਨਗੀਆਂ।
ਪੁਰੋਹਿਤ ਨੇ ਕਿਹਾ ਕਿ ਇਹ ਸਮਾਗਮ ਇਲੈਕਟ੍ਰਿਕ ਵਾਹਨ ਨਿਰਮਾਤਾਵਾਂ ਅਤੇ ਵਪਾਰੀਆਂ ਨੂੰ ਇੱਕ ਮਜ਼ਬੂਤ ਪਲੇਟਫਾਰਮ ਪ੍ਰਦਾਨ ਕਰੇਗਾ। ਉਨ੍ਹਾਂ ਕਿਹਾ ਕਿ ਜਲਵਾਯੂ ਪਰਿਵਰਤਨ ਪੂਰੇ ਦੇਸ਼ ਨੂੰ ਦਰਪੇਸ਼ ਵੱਡੀ ਸਮੱਸਿਆ ਹੈ। ਅਜਿਹੇ ‘ਚ ਇਲੈਕਟ੍ਰਿਕ ਵਾਹਨ ਪ੍ਰਦੂਸ਼ਣ ਕੰਟਰੋਲ ‘ਚ ਅਹਿਮ ਭੂਮਿਕਾ ਨਿਭਾ ਸਕਦੇ ਹਨ। ਇਸ ਮੌਕੇ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਨੇ ਕਿਹਾ ਕਿ ਇਲੈਕਟ੍ਰਿਕ ਵਾਹਨਾਂ ਨੂੰ ਉਤਸ਼ਾਹਿਤ ਕਰਨ ਲਈ ਚੰਡੀਗੜ੍ਹ ਵਿੱਚ ਚਾਰਜਿੰਗ ਪੁਆਇੰਟ ਬਣਾਏ ਜਾ ਰਹੇ ਹਨ। ਖਪਤਕਾਰਾਂ ਦੀ ਸਹੂਲਤ ਲਈ ਇੱਕ ਮੋਬਾਈਲ ਐਪ ਲਾਂਚ ਕੀਤੀ ਜਾ ਰਹੀ ਹੈ।
ਪੀਐਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ, ਹਰਿਆਣਾ ਚੈਪਟਰ ਦੇ ਚੇਅਰਮੈਨ ਪ੍ਰਣਵ ਗੁਪਤਾ ਨੇ ਕਿਹਾ ਕਿ ਪਹਿਲੀ ਵਾਰ ਚੈਂਬਰ ਦੁਆਰਾ ਈਵੀ ਨਿਰਮਾਤਾਵਾਂ ਤੇ ਖਰੀਦਦਾਰਾਂ ਨੂੰ ਇੱਕ ਸਾਂਝਾ ਪਲੇਟਫਾਰਮ ਪ੍ਰਦਾਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਪੀਐਚਡੀ ਸੀਸੀਆਈ ਚੰਡੀਗੜ੍ਹ ਚੈਪਟਰ ਦੇ ਪ੍ਰਧਾਨ ਮਧੂਸੂਦਨ ਵਿਜ ਨੇ ਕਿਹਾ ਕਿ ਭਾਰਤ ਆਟੋਮੋਬਾਈਲ ਸੈਕਟਰ ਵਿੱਚ ਇੱਕ ਹੱਬ ਬਣ ਰਿਹਾ ਹੈ। ਆਟੋ ਉਦਯੋਗ ਦੀਆਂ ਭਵਿੱਖ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਈਵੀ ਦੇ ਨਿਰਮਾਣ ਨੂੰ ਵਧਾਉਣਾ ਹੋਵੇਗਾ। ਕਰਨ ਗਿਲਹੋਤਰਾ ਕੋ-ਚੇਅਰ ਪੀਐਚਡੀਸੀਸੀਆਈ ਪੰਜਾਬ ਚੈਪਟਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਚੈਂਬਰ ਵੱਲੋਂ ਭਵਿੱਖ ਵਿੱਚ ਵੀ ਅਜਿਹੇ ਸਮਾਗਮਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਚੈਂਬਰ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਚੰਡੀਗੜ੍ਹ ਦੇ ਮੇਅਰ ਅਨੂਪ ਗੁਪਤਾ ਨੇ ਕਿਹਾ ਕਿ ਇਹ ਸਮਾਗਮ ਚੰਡੀਗੜ੍ਹ ਵਾਸੀਆਂ ਲਈ ਬੇਹੱਦ ਲਾਹੇਵੰਦ ਸਾਬਤ ਹੋਵੇਗਾ। ਇਸ ਮੌਕੇ ਚੈਂਬਰ ਦੇ ਸਹਾਇਕ ਸਕੱਤਰ ਜਨਰਲ ਨਵੀਨ ਸੇਠ, ਖੇਤਰੀ ਡਾਇਰੈਕਟਰ ਭਾਰਤੀ ਸੂਦ ਸਮੇਤ ਕਈ ਪਤਵੰਤੇ ਹਾਜ਼ਰ ਸਨ।