ਗੁਰਦਾਸਪੁਰ

ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਵਾਸੀਆਂ ਨੂੰ ਆਪਣੇ ਅਧਾਰ ਕਾਰਡ ਅਪਡੇਟ ਕਰਵਾਉਣ ਦੀ ਅਪੀਲ

ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਵਾਸੀਆਂ ਨੂੰ ਆਪਣੇ ਅਧਾਰ ਕਾਰਡ ਅਪਡੇਟ ਕਰਵਾਉਣ ਦੀ ਅਪੀਲ
  • PublishedFebruary 3, 2023

ਸੇਵਾ ਕੇਂਦਰ ਵਿੱਚ ਪਛਾਣ ਅਤੇ ਪਤੇ ਦੇ ਸਬੂਤਾਂ ਦੇ ਦਸਤਾਵੇਜ਼ ਜਮ੍ਹਾਂ ਕਰਕੇ ਆਪਣੇ ਅਧਾਰ ਕਾਰਡ ਨੂੰ ਅਪਡੇਟ ਕਰਵਾਇਆ ਜਾ ਸਕਦਾ

ਗੁਰਦਾਸਪੁਰ, 3 ਫਰਵਰੀ ( ਮੰਨਣ ਸੈਣੀ) । ਡਾ. ਹਿਮਾਂਸ਼ੂ ਅਗਰਵਾਲ, ਆਈ.ਏ.ਐੱਸ, ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਧਾਰ ਜਾਣਕਾਰੀ ਨੂੰ ਅਪਡੇਟ ਜਰੂਰ ਕਰਵਾਉਣ। ਜ਼ਿਲ੍ਹਾ ਵਾਸੀ ਆਪਣੇ ਨਜ਼ਦੀਕੀ ਅਧਾਰ ਨਾਮਾਂਕਣ ਕੇਂਦਰ ’ਤੇ ਜਾ ਕੇ ਪਛਾਣ ਅਤੇ ਪਤੇ ਦੇ ਸਬੂਤਾਂ ਦੇ ਦਸਤਾਵੇਜ਼ ਜਮ੍ਹਾਂ ਕਰਕੇ ਆਪਣੇ ਅਧਾਰ ਕਾਰਡ ਨੂੰ ਅਪਡੇਟ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਸਾਰੇ ਨਿਵਾਸੀਆਂ ਨੂੰ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਕੇ ਆਪਣੀ ਜਾਣਕਾਰੀ ਨੂੰ ਮੁੜ ਪ੍ਰਮਾਣਿਤ ਕਰਨ ਦੀ ਲੋੜ ਹੁੰਦੀ ਹੈ, ਭਾਵੇਂ ਉਨ੍ਹਾਂ ਦੇ ਜਨਸੰਖਿਆ ਡੇਟਾ ਵਿੱਚ ਕੋਈ ਬਦਲਾਅ ਨਾ ਵੀ ਹੋਇਆ ਹੋਵੇ। ਉਨ੍ਹਾਂ ਕਿਹਾ ਕਿ ਜੇਕਰ ਮੋਬਾਇਲ ਨੰਬਰ ਅਧਾਰ ’ਤੇ ਰਜਿਸਟਰਡ ਹੈ ਤਾਂ ਨਾਗਰਿਕ ਖੁਦ ਵੀ ਵੈਬਸਾਈਟ  https://myaadhaar.uidai.gov.in ’ਤੇ ਲੌਗਇਨ ਕਰਕੇ ਔਨਲਾਈਨ ਇਸ ਸੇਵਾ ਦਾ ਲਾਭ ਲੈ ਸਕਦੇ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਵੇਂ ਕਿ ਅਧਾਰ ਬਾਇਓਮੀਟ੍ਰਿਕ ਪ੍ਰਮਾਣੀਕਰਣ ਦੇ ਨਾਲ ਇੱਕ ਨਾਗਰਿਕ ਦੀ ਪਛਾਣ ਕਰਨ ਦੇ ਪ੍ਰਬੰਧ ਦੇ ਨਾਲ ਪਛਾਣ ਦੇ ਸਭ ਤੋਂ ਵੱਧ ਪ੍ਰਵਾਨਿਤ ਸਬੂਤ ਵਜੋ ਉਭਰਿਆ ਹੈ ਅਤੇ ਕਈ ਸਰਕਾਰੀ ਸੇਵਾਵਾਂ/ਸਹੂਲਤਾਂ ਦਾ ਲਾਭ ਲੈਣ ਲਈ ਵਰਤਿਆ ਜਾ ਰਿਹਾ ਹੈ। ਇਸ ਲਈ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਅਧਾਰ ਕਾਰਡ ਨੂੰ ਸਮੇਂ-ਸਮੇਂ ਅਪਡੇਟ ਜਰੂਰ ਕਰਵਾਉਣ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨਾਗਰਿਕਾਂ ਨੇ 2015 ਤੋਂ ਪਹਿਲਾਂ ਅਧਾਰ ਕਾਰਡ ਬਣਵਾਇਆ ਹੈ ਉਨ੍ਹਾਂ ਲਈ ਤਾਂ ਅਧਾਰ ਕਾਰਡ ਨੂੰ ਅਪਡੇਟ ਕਰਵਾਉਣਾ ਹੋਰ ਵੀ ਜਰੂਰੀ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੇ ਪਛਾਣ ਦੇ ਸਬੂਤ ਅਤੇ ਪਤੇ ਦੇ ਸਬੂਤ ਦਸਤਾਵੇਜ਼ਾਂ ਨੂੰ ਅਪਡੇਟ ਕਰਕੇ ਨਾਗਰਿਕਾਂ ਦੇ ਅਧਾਰ ਨੂੰ ਮਜ਼ਬੂਤ ਕਰਨ ਲਈ ਇੱਕ ਅਭਿਆਸ ਸ਼ੁਰੂ ਕੀਤਾ ਹੈ। ਯੂ.ਆਈ.ਡੀ.ਏ.ਆਈ. ਨੇ ਦਸਤਾਵੇਜ਼ ਅਪਡੇਟ ਵਿਸ਼ੇਸ਼ਤਾ ਰਾਹੀਂ ਅਧਾਰ ਵਿੱਚ ਦਸਤਾਵੇਜ਼ ਅਪਡੇਟ ਦੀ ਇੱਕ ਨਵੀਂ ਕਾਰਜਸ਼ੀਲਤਾ ਪੇਸ਼ ਕੀਤੀ ਹੈ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਅਧਾਰ ਕਾਰਡ ਨੂੰ ਪਛਾਣ ਦੇ ਸਬੂਤ ਵਜੋਂ ਸਵੀਕਾਰ ਕਰਨ ਤੋਂ ਪਹਿਲਾਂ ਇਸ ਦੀ ਤਸਦੀਕ ਕਰਨ, ਕਿਉਂਕਿ ਇਹ ਜਾਅਲੀ/ਫੋਟੋਸ਼ਾਪ ਵਾਲੇ ਅਧਾਰ ਕਾਰਡਾਂ ਦੀ ਪਛਾਣ ਕਰਨ ਵਿੱਚ ਮਦਦ ਕਰੇਗਾ।

Written By
The Punjab Wire