ਪੰਜਾਬ

ਅਸ਼ਵਨੀ ਸ਼ਰਮਾ ਅਤੇ ਸ੍ਰੀਨਿਵਾਸਲੂ ਨੇ ਨਿਗਮ ਚੋਣਾਂ ਸਬੰਧੀ ਵਰਕਰਾਂ ਦਾ ਕੀਤਾ ਮਾਰਗਦਰਸ਼ਨ

ਅਸ਼ਵਨੀ ਸ਼ਰਮਾ ਅਤੇ ਸ੍ਰੀਨਿਵਾਸਲੂ ਨੇ ਨਿਗਮ ਚੋਣਾਂ ਸਬੰਧੀ ਵਰਕਰਾਂ ਦਾ ਕੀਤਾ ਮਾਰਗਦਰਸ਼ਨ
  • PublishedJanuary 30, 2023

ਅੰਮਿ੍ਤਸਰ 30 ਜਨਵਰੀ (ਦੀ ਪੰਜਾਬ ਵਾਇਰ)। ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਜ਼ਿਲ੍ਹਾ ਭਾਜਪਾ ਦਫ਼ਤਰ ਸ਼ਹੀਦ ਹਰਬੰਸ ਲਾਲ ਖੰਨਾ ਸਮਾਰਕ ਵਿਖੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਆਯੋਜਿਤ ਭਾਜਪਾ ਅਹੁਦੇਦਾਰਾਂ ਅਤੇ ਵਰਕਰਾਂ ਦੀ ਬੈਠਕ ‘ਚ ਮਾਰਗ ਦਰਸ਼ਨ ਕਰਦਿਆਂ ਕਿਹਾ ਕਿ ਪੰਜਾਬ ‘ਚ ਨਗਰ ਨਿਗਮ ਚੋਣਾਂ ਦਾ ਬਿਗਲ ਵਜ ਚੁੱਕਾ ਹੈ ਅਤੇ ਸਾਰੇ ਅਧਿਕਾਰੀ ਅਤੇ ਵਰਕਰ ਆਪੋ-ਆਪਣੇ ਖੇਤਰਾਂ ਵਿੱਚ ਘਰ-ਘਰ ਜਾ ਕੇ ਲੋਕਾਂ ਨੂੰ ਭਾਜਪਾ ਦੀ ਵਿਚਾਰਧਾਰਾ ਅਤੇ ਕੇਂਦਰ ਦੀ ਮੋਦੀ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਤੋਂ ਜਾਣੂ ਕਰਵਾਉਣ ਅਤੇ ਇਸ ਦਾ ਲਾਹਾ ਲੈਣ ਲਈ ਪ੍ਰੇਰਿਤ ਕਰਨ। ਇਸ ਮੌਕੇ ਸੰਗਠਨ ਦੇ ਜਨਰਲ ਸਕੱਤਰ ਸ੍ਰੀਮੰਤਰੀ ਸ੍ਰੀਨਿਵਾਸੂਲੂ ਅਤੇ ਭਾਜਪਾ ਦੇ ਸੂਬਾ ਜਨਰਲ ਸਕੱਤਰ ਬਿਕਰਮਜੀਤ ਸਿੰਘ ਚੀਮਾ ਵੀ ਉਨ੍ਹਾਂ ਦੇ ਨਾਲ ਸਨ। ਮੀਟਿੰਗ ਵਿੱਚ ਪੁੱਜਣ ’ਤੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਨੇ ਆਪਣੇ ਅਹੁਦੇਦਾਰਾਂ ਸਮੇਤ ਅਸ਼ਵਨੀ ਸ਼ਰਮਾ,  ਸ੍ਰੀਮੰਤਰੀ ਸ੍ਰੀਨਿਵਾਸਲੂ ਅਤੇ ਬਿਕਰਮਜੀਤ ਸਿੰਘ ਚੀਮਾ ਦਾ ਫੁੱਲਾਂ ਦੇ ਗੁਲਦਸਤੇ ਦੇ ਕੇ ਸਵਾਗਤ ਕੀਤਾ।

 ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੀਆਂ ਨਗਰ ਨਿਗਮ, ਨਗਰ ਪੰਚਾਇਤ ਅਤੇ 2024 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ। ਪਾਰਟੀ ਵੱਲੋਂ ਪੰਜਾਬ ਦੀਆਂ ਸਾਰੀਆਂ ਸੀਟਾਂ ’ਤੇ ਇਕੱਲਿਆਂ ਹੀ ਚੋਣ ਲੜਨ ਦਾ ਠੋਸ ਫੈਸਲਾ ਲਿਆ ਗਿਆ ਹੈ ਅਤੇ ਇਸ ਲਈ ਸਾਰੇ ਜ਼ਿਲ੍ਹਿਆਂ ਤੋਂ ਫੀਡਬੈਕ ਲਈ ਗਈ ਹੈ। ਵਰਕਰ ਪੂਰੀ ਤਰ੍ਹਾਂ ਤਿਆਰ ਹਨ ਅਤੇ ਉਹ ਪਹਿਲਾਂ ਹੀ ਮੈਦਾਨ ‘ਚ ਨਿੱਤਰੇ ਹੋਏ ਹਨ ਅਤੇ ਚੋਣਾਂ ਜਿੱਤਣ ਲਈ ਸਖ਼ਤ ਮਿਹਨਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਚੋਣ ਲੜਨ ਵਾਲੇ ਉਮੀਦਵਾਰਾਂ ਦੇ ਹਲਕਿਆਂ ਤੋਂ ਫੀਡਬੈਕ ਲੈ ਕੇ ਯੋਗ ਉਮੀਦਵਾਰ ਨੂੰ ਚੋਣ ਲੜਨ ਦਾ ਮੌਕਾ ਵੀ ਦੇਵੇਗੀ ਅਤੇ ਇਸ ਲਈ ਪਾਰਟੀ ਵੱਲੋਂ ਰਣਨੀਤੀ ਵੀ ਤਿਆਰ ਕਰ ਲਈ ਗਈ ਹੈ। ਉਨ੍ਹਾਂ ਸਮੂਹ ਵਰਕਰਾਂ ਨੂੰ ਸੱਦਾ ਦਿੱਤਾ ਕਿ ਉਹ ਆਪੋ-ਆਪਣੇ ਇਲਾਕੇ ਦੇ ਲੋਕਾਂ ਨੂੰ ਭਗਵੰਤ ਮਾਨ ਸਰਕਾਰ ਦੀ ਪੰਜਾਬ ਅਤੇ ਪੰਜਾਬੀਅਤ ਵਿਰੋਧੀ ਸੋਚ ਅਤੇ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਜਾਣੂ ਕਰਵਾਉਣ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਿਆਸੀ ਹਾਲਾਤ ਇਸ ਵੇਲੇ ਭਾਜਪਾ ਲਈ ਬਿਲਕੁਲ ਅਨੁਕੂਲ ਹਨ। ਜਨਤਾ ਭਗਵੰਤ ਮਾਨ ਸਰਕਾਰ ਦੇ ਕੁਸ਼ਾਸਨ ਤੋਂ ਤੰਗ ਆ ਚੁੱਕੀ ਹੈ ਅਤੇ ਪੰਜਾਬ ਦੀ ਸੱਤਾ ਭਾਜਪਾ ਨੂੰ ਸੌਂਪਣ ਦਾ ਮਨ ਬਣਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਵੱਲੋਂ ਦਿੱਤੇ ਗਏ ਬਹੁਮਤ ਅਤੇ ਵਰਕਰਾਂ ਦੀ ਮਿਹਨਤ ਸਦਕਾ ਭਾਜਪਾ ਨਗਰ ਨਿਗਮ ਚੋਣਾਂ ਜਿੱਤੇਗੀ। ਉਨ੍ਹਾਂ ਭਾਜਪਾ ਦੇ ਜਥੇਬੰਦਕ ਢਾਂਚੇ ਨੂੰ ਜਲਦੀ ਤੋਂ ਜਲਦੀ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ।

ਸ਼੍ਰੀਮੰਤਰੀ ਸ਼੍ਰੀਨਿਵਾਸਲੁ ਨੇ ਜਥੇਬੰਦਕ ਢਾਂਚੇ ਬਾਰੇ ਜਾਣਕਾਰੀ ਦਿੰਦੇ ਹੋਏ ਸ਼ਹਿਰ ਦੀਆਂ ਪੰਜਾਂ ਵਿਧਾਨਸਭਾ ਦੇ ਜਥੇਬੰਦਕ ਢਾਂਚੇ ਦਾ ਵਿਸ਼ਲੇਸ਼ਣ ਕੀਤਾ ਅਤੇ ਕਮੀਆਂ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਦੇ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਭਾਜਪਾ ਵਰਕਰਾਂ ‘ਤੇ ਆਧਾਰਿਤ ਵਿਸ਼ਵ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਹੈ ਅਤੇ ਵਰਕਰ ਇਸ ਦੀ ਰੀੜ੍ਹ ਦੀ ਹੱਡੀ ਹਨ। ਭਾਜਪਾ ਇਹ ਨਿਗਮ ਅਤੇ ਲੋਕ ਸਭਾ ਚੋਣਾਂ ਆਪਣੇ ਵਰਕਰਾਂ ਦੇ ਬਲ ‘ਤੇ ਹੀ ਜਿੱਤੇਗੀ। ਇਸ ਮੌਕੇ ਸਾਬਕਾ ਸੂਬਾ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਸ਼ਵੇਤ ਮਲਿਕ, ਸੂਬਾ ਸਕੱਤਰ ਰਾਜੇਸ਼ ਹਨੀ, ਰਜਿੰਦਰ ਮੋਹਨ ਸਿੰਘ ਛੀਨਾ,  ਡਾ: ਜਗਮੋਹਨ ਸਿੰਘ ਰਾਜੂ,  ਡਾ. ਰਾਜ ਕੁਮਾਰ ਵੇਰਕਾ, ਜਨਾਰਦਨ ਸ਼ਰਮਾ, ਡਾ: ਰਾਮ ਚਾਵਲਾ, ਐਡਵੋਕੇਟ ਕੁਮਾਰ ਅਮਿਤ ਆਦਿ ਹਾਜ਼ਰ ਸਨI 

Written By
The Punjab Wire