ਪੰਜਾਬ ਮੁੱਖ ਖ਼ਬਰ

ਇੰਮਪਰੂਵਮੈਂਟ ਟਰੱਸਟ ਜਲੰਧਰ ਦੀ ਜਮੀਨ ਦੇ ਮੁਆਵਜੇ ਦੇ ਗਬਨ ਸਬੰਧੀ ਕੇਸ ‘ਚ ਭਗੌੜੇ ਚਲ ਰਹੇ ਦੋ ਹੋਰ ਦੋਸ਼ੀ ਵਿਜੀਲੈਂਸ ਨੇ ਕੀਤੇ ਗ੍ਰਿਫਤਾਰ

ਇੰਮਪਰੂਵਮੈਂਟ ਟਰੱਸਟ ਜਲੰਧਰ ਦੀ ਜਮੀਨ ਦੇ ਮੁਆਵਜੇ ਦੇ ਗਬਨ ਸਬੰਧੀ ਕੇਸ ‘ਚ ਭਗੌੜੇ ਚਲ ਰਹੇ ਦੋ ਹੋਰ ਦੋਸ਼ੀ ਵਿਜੀਲੈਂਸ ਨੇ ਕੀਤੇ ਗ੍ਰਿਫਤਾਰ
  • PublishedJanuary 29, 2023

(ਸੂਰੀਆ ਇੰਨਕਲੇਵ ਐਕਟੈਂਸ਼ਨ ਸਕੀਮ ‘ਚ ਹੁਣ ਤੱਕ 14 ਮੁਲਜ਼ਮ ਕੀਤੇ ਕਾਬੂ)

ਚੰਡੀਗੜ੍ਹ, 29 ਜਨਵਰੀ ( ਦੀ ਪੰਜਾਬ ਵਾਇਰ)। ਇੰਮਪਰੂਵਮੈਂਟ ਟਰੱਸਟ ਜਲੰਧਰ ਦੀ ਜਮੀਨ ਦਾ ਮੁਆਵਜਾ ਵੰਡਣ ਵਿਚ ਹੋਏ ਗਬਨ ਦੇ ਕੇਸ ਵਿਚ ਕਰੀਬ 3 ਸਾਲ ਤੋਂ ਵੱਧ ਸਮੇਂ ਤੋਂ ਫਰਾਰ ਚੱਲ ਰਹੇ ਦੋ ਦੋਸ਼ੀ ਰਾਜਿੰਦਰ ਸਿੰਘ ਤੇ ਰਵੀ ਕੁਮਾਰ, ਵਾਸੀਆਨ ਪਿੰਡ ਬਿਲਗਾ, ਜਿਲਾ ਜਲੰਧਰ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਮੁਕੱਦਮੇ ਵਿੱਚ ਹੁਣ ਤੱਕ ਕੁੱਲ 14 ਦੋਸ਼ੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ ਤੇ ਬਾਕੀਆਂ ਦੀ ਸਰਗਰਮੀ ਨਾਲ ਭਾਲ ਜਾਰੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਇਕ ਬੁਲਾਰੇ ਨੇ ਦੱਸਿਆ ਕਿ ਇੰਮਪਰੂਵਮੈਂਟ ਟਰੱਸਟ ਜਲੰਧਰ ਵਲੋਂ ਸੂਰੀਆ ਇੰਨਕਲੇਵ ਐਕਟੈਂਸ਼ਨ ਸਕੀਮ ਲਈ 94.97 ਏਕੜ ਜ਼ਮੀਨ ਐਕਵਾਇਰ ਕੀਤੀ ਗਈ ਸੀ, ਜਿਸ ਦਾ ਮੁਆਵਜਾ ਦੇਣ ਸਮੇਂ ਅਸਲ ਵਿਅਕਤੀਆਂ ਦੀ ਜਗ੍ਹਾ ਫਰਜ਼ੀ ਵਿਅਕਤੀ ਖੜੇ ਕਰਕੇ ਅਤੇ ਜਾਅਲੀ ਦਸਤਾਵੇਜ਼ ਤਿਆਰ ਕਰਕੇ ਇੰਮਪਰੂਵਮੈਂਟ ਟਰੱਸਟ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮਿਲੀ ਭੁਗਤ ਨਾਲ 5,49,18,523 (ਪੰਜ ਕਰੋੜ ਉਨੰਜਾ ਲੱਖ ਅਠਾਰਾਂ ਹਜ਼ਾਰ ਪੰਜ ਸੌ ਤੇਈ) ਰੁਪਏ ਦੀ ਮੁਆਵਜ਼ੇ ਦੀ ਰਕਮ ਦਾ ਗਬਨ ਕੀਤਾ ਗਿਆ ਸੀ ਜਿਸ ਸਬੰਧੀ ਮੁਕੱਦਮਾ ਨੰਬਰ 244 ਮਿਤੀ 29-10-2013 ਨੂੰ ਆਈ.ਪੀ.ਸੀ. ਦੀ ਧਾਰਾ 409, 419, 420, 465, 467, 468, 201, 120ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 13 ਤਹਿਤ ਥਾਣਾ ਨਵੀਂ ਬਾਰਾਂਦਰੀ ਜਲੰਧਰ ਵਿਖੇ ਦਰਜ ਕੀਤਾ ਗਿਆ ਸੀ। ਉਪਰੰਤ ਇਸ ਮੁਕੱਦਮੇ ਦੀ ਅਗਲੀ ਤਫਤੀਸ਼ ਵਿਜੀਲੈਂਸ ਬਿਊਰੋ ਨੂੰ ਸੌਂਪੀ ਗਈ ਸੀ।

ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਕੇਸ਼ ਵਿਚ ਸ਼ਾਮਲ ਦੋਸ਼ੀ ਗੋਬਿੰਦ ਰਾਮ ਅਤੇ ਪਰਸ਼ੋਤਮ ਲਾਲ ਵੱਲੋਂ ਜਾਅਲੀ ਦਸਤਾਵੇਜ਼ ਤਿਆਰ ਕਰਕੇ ਇੰਮਪਰੂਵਮੈਂਟ ਟਰੱਸਟ ਦੇ ਅਧਿਕਾਰੀਆਂ/ਕਰਮਚਾਰੀਆਂ ਦੀ ਮਿਲੀ ਭੁਗਤ ਨਾਲ ਕ੍ਰਮਵਾਰ 2,12,76,211 ਰੁਪਏ ਅਤੇ 98,77,843 ਦੀ ਰਕਮ ਦਾ ਗਬਨ ਕੀਤਾ ਗਿਆ। ਉਕਤ ਰਕਮਾਂ ਵਿੱਚੋਂ ਦੋਸ਼ੀ ਰਾਜਿੰਦਰ ਸਿੰਘ ਅਤੇ ਰਵੀ ਕੁਮਾਰ ਨੇ ਕ੍ਰਮਵਾਰ 35,00,000 ਰੁਪਏ ਅਤੇ 20,00,00 ਰੁਪਏ ਚੈਕ ਰਾਂਹੀ ਉਕਤ ਦੋਸ਼ੀਆਨ ਗੋਬਿੰਦ ਰਾਮ ਤੇ ਪਰਸ਼ੋਤਮ ਲਾਲ ਪਾਸੋਂ ਹਾਸਲ ਕੀਤੇ ਸਨ।

ਬੁਲਾਰੇ ਨੇ ਦੱਸਿਆ ਕਿ ਇਸ ਕੇਸ ਵਿਚ ਸ਼ਾਮਲ ਦੋਸ਼ੀ ਮਨਜੀਤ ਸ਼ਰਮਾ, ਸੁਖਦੇਵ ਸਿੰਘ ਪਟਵਾਰੀ, ਪ੍ਰੇਮ ਪ੍ਰਕਾਸ਼, ਵਕੀਲ ਮੋਹਿਤ ਭਾਰਦਵਾਜ, ਵਕੀਲ ਦੀਪਕ ਸਡਾਨਾ, ਅਮਨਦੀਪ ਸਿੰਘ, ਕੁਲਵੰਤ ਸਿੰਘ, ਜਤਿੰਦਰ ਕੁਮਾਰ ਸ਼ਰਮਾ, ਤਰਲੋਕ ਸਿੰਘ, ਸੰਦੀਪ ਸ਼ਰਮਾ, ਸੁਰਿੰਦਰ ਕੁਮਾਰ ਕੈਸ਼ੀਅਰ ਤੇ ਗੁਰਦੀਪ ਸਿੰਘ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਬਾਕੀ ਦੇ ਫਰਾਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਵਿਜੀਲੈਂਸ ਬਿਉਰੋ ਵੱਲੋਂ ਉਨ੍ਹਾਂ ਦੇ ਰਿਹਾਇਸ਼ੀ ਅਤੇ ਹੋਰ ਟਿਕਾਣਿਆਂ ਉਪਰ ਲਗਾਤਾਰ ਦਬਿਸ਼ ਦਿੱਤੀ ਜਾ ਰਹੀ ਹੈ, ਜਿਨ੍ਹਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।

Written By
The Punjab Wire