ਨੌਜਵਾਨ ਆਪਣੇ ਵੋਟ ਦੇ ਹੱਕ ਦੀ ਵਰਤੋਂ ਜ਼ਰੂਰ ਕਰਨ : ਅਰੁਣ ਸੇਖੜੀ
-2024 ਦੀਆਂ ਲੋਕਾਂ ਸਭਾ ਚੋਣਾਂ ‘ਚ 100 ਫ਼ੀਸਦੀ ਮਤਦਾਨ ਯਕੀਨੀ ਬਣਾਉਣ ਲਈ ਨੌਜਵਾਨ ਨਿਭਾਉਣ ਅਹਿਮ ਭੂਮਿਕਾ : ਵਧੀਕ ਮੁੱਖ ਚੋਣ ਅਫ਼ਸਰ
-ਵਿਧਾਨ ਸਭਾ ਚੋਣਾਂ ‘ਚ ਬਿਹਤਰੀਨ ਸੇਵਾਵਾਂ ਦੇਣ ਵਾਲੇ ਅਧਿਕਾਰੀਆਂ ਨੂੰ ਕੀਤਾ ਸਨਮਾਨਿਤ
-ਲੋਕਤੰਤਰਿਕ ਪ੍ਰਣਾਲੀ ‘ਚ ਹਿੱਸਾ ਲੈਣ ਦਾ ਲਿਆ ਹਲਫ਼
ਪਟਿਆਲਾ, 25 ਜਨਵਰੀ (ਦੀ ਪੰਜਾਬ ਵਾਇਰ)। ਕੌਮੀ ਵੋਟਰ ਦਿਵਸ ਮੌਕੇ ਪੰਜਾਬੀ ਯੂਨੀਵਰਸਿਟੀ ਵਿਖੇ ਕਰਵਾਏ ਰਾਜ ਪੱਧਰੀ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਡਵੀਜ਼ਨਲ ਕਮਿਸ਼ਨਰ ਪਟਿਆਲਾ ਮੰਡਲ ਅਰੁਣ ਸੇਖੜੀ ਨੇ ਨੌਜਵਾਨ ਵੋਟਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਦੇਸ਼ ਦੇ ਸੰਵਿਧਾਨ ਨੇ ਸਾਨੂੰ ਵੋਟ ਕਰਨ ਦਾ ਜੋ ਅਧਿਕਾਰੀ ਦਿੱਤਾ ਹੈ, ਉਸ ਦੀ ਹਰੇਕ ਯੋਗ ਵੋਟਰ ਨੂੰ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਜਿਹੜੇ ਲੋਕ ਆਪਣੇ ਇਸ ਅਧਿਕਾਰ ਦੀ ਸਹੀ ਵਰਤੋਂ ਨਹੀਂ ਕਰਦੇ ਉਨ੍ਹਾਂ ਨੂੰ ਵੀ ਪ੍ਰੇਰਿਤ ਕਰਕੇ ਲੋਕਤੰਤਰ ਦੇ ਇਸ ਸਭ ਤੋਂ ਵੱਡੇ ਤਿਉਹਾਰ ਦਾ ਹਿੱਸਾ ਬਣਾਉਣ ਲਈ ਸਾਨੂੰ ਸਾਰਿਆਂ ਨੂੰ ਰਲ ਕੇ ਹੰਭਲਾ ਮਾਰਨ ਦੀ ਜ਼ਰੂਰਤ ਹੈ। ਅਰੁਣ ਸੇਖੜੀ ਨੇ ਕਿਹਾ ਕਿ ਭਵਿੱਖ ਦੇ ਵੋਟਰਾਂ ਨੂੰ ਆਪਣੀਆਂ ਵੋਟਾਂ ਰਜਿਸਟਰਡ ਕਰਵਾਉਣ ਲਈ ਹੋਰ ਵਧੇਰੇ ਉਤਸ਼ਾਹਤ ਕਰਨ ਦੀ ਲੋੜ ਹੈ। ਇਸ ਮੌਕੇ ਉਨ੍ਹਾਂ ਨੌਜਵਾਨ ਵਰਗ ਨੂੰ ਬਿਨਾਂ ਕਿਸੇ ਡਰ, ਲਾਲਚ ਤੇ ਜਾਤਪਾਤ ਅਤੇ ਧਰਮ ਤੋਂ ਨਿਰਪੱਖ ਹੋ ਕੇ ਵੋਟ ਪਾਉਣ ਦੀ ਸਹੁੰ ਵੀ ਚੁਕਾਈ।
ਸਮਾਗਮ ਦੌਰਾਨ ਪੰਜਾਬ ਦੇ ਵਧੀਕ ਮੁੱਖ ਚੋਣ ਅਫ਼ਸਰ ਵਿਪੁਲ ਉਜਵਲ ਨੇ ਨੌਜਵਾਨਾਂ ਨੂੰ ਲੋਕ ਸਭਾ ਚੋਣਾਂ ਵਿੱਚ ਪੂਰੇ ਉਤਸ਼ਾਹ ਨਾਲ ਸ਼ਾਮਲ ਹੋਣ ਅਤੇ ਸਭ ਤੋਂ ਵੱਡੀ ਲੋਕਤੰਤਰਿਕ ਪ੍ਰਣਾਲੀ ਵਿੱਚ ਭਾਗ ਲੈਣ ਦਾ ਸੱਦਾ ਦਿੰਦਿਆਂ ਕਿਹਾ ਕਿ 2024 ਵਿੱਚ ਹੋਣ ਵਾਲੀਆਂ ਚੋਣਾਂ ‘ਚ 100 ਫ਼ੀਸਦੀ ਵੋਟਾਂ ਪਾਉਣ ਦਾ ਟੀਚਾ ਪੂਰਾ ਕੀਤਾ ਜਾਵੇ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕਲਾ ਭਵਨ ਵਿੱਚ ਕੌਮੀ ਵੋਟਰ ਦਿਵਸ ਦੇ ਅਵਸਰ ‘ਤੇ ਕਰਵਾਏ ਗਏ ਰਾਜ ਪੱਧਰੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਅਰੁਣ ਸੇਖੜੀ ਤੇ ਵਿਪੁਲ ਉਜਵਲ ਨੇ ਵਿਧਾਨ ਸਭਾ ਚੋਣਾਂ ‘ਚ ਬਿਹਤਰੀਨ ਸੇਵਾਵਾਂ ਪ੍ਰਦਾਨ ਕਰਨ ਵਾਲੇ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਬੈਸਟ ਇਲੈਕਟਰੋਲ ਪ੍ਰੈਕਟਿਸ ਅਵਾਰਡ-2022 ਆਈ.ਏ.ਐਸ. ਅਧਿਕਾਰੀ ਡਾਇਰੈਕਟਰ ਸੂਚਨਾ ਅਤੇ ਲੋਕ ਸੰਪਰਕ ਵਿਭਾਗ, ਪੰਜਾਬ, ਸੋਨਾਲੀ ਗਿਰਿ, ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ, ਜਲੰਧਰ ਜਸਪ੍ਰੀਤ ਸਿੰਘ, ਡਾਇਰੈਕਟਰ ਫੂਡ ਐਂਡ ਸਿਵਲ ਸਪਲਾਈ ਵਿਭਾਗ ਘਣਸ਼ਿਆਮ ਥੋਰੀ ਤੇ ਐਸ.ਐਸ.ਪੀ ਵਿਵੇਕ ਸ਼ੀਲ ਸੋਨੀ ਨੂੰ ਪ੍ਰਦਾਨ ਕੀਤੇ ਗਏ।
ਜਦਕਿ ਸਟੇਟ ਆਈਕਨ ਦਿਵਿਆਂਗਜਨ ਵੋਟਰ ਡਾ. ਕਿਰਨ, ਪੈਰਾ ਸਾਈਕਲਿਸਟ-ਕਮ-ਜ਼ਿਲ੍ਹਾ ਸਵੀਪ ਆਈਕਨ ਜਗਵਿੰਦਰ ਸਿੰਘ, ਜ਼ਿਲ੍ਹਾ ਆਈਕਨ ਉਜਾਗਰ ਸਿੰਘ ਅੰਟਾਲ, ਗੁਰਪ੍ਰੀਤ ਸਿੰਘ ਨਾਮਧਾਰੀ ਅਤੇ ਜਗਦੀਪ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਡਾ. ਨਵਦੀਪ ਵਾਲੀਆ, ਪ੍ਰਿੰਸੀਪਲ ਗੁਰਬਖ਼ਸ਼ੀਸ਼ ਸਿੰਘ, ਮਨਪ੍ਰੀਤ ਸਿੰਘ ਅਨੇਜਾ ਦਾ ਸਵੀਪ ਗਤੀਵਿਧੀਆਂ ਵਿੱਚ ਪਾਏ ਗਏ ਯੋਗਦਾਨ ਲਈ ਸਨਮਾਨ ਕੀਤਾ ਗਿਆ। ਜ਼ਿਲ੍ਹਾ ਪੱਧਰ ਉੱਪਰ ਵਧੀਆ ਕਾਰਗੁਜ਼ਾਰੀ ਲਈ ਐਸ.ਡੀ.ਐਮ ਨਾਭਾ ਦਮਨਜੀਤ ਕੌਰ, ਨੋਡਲ ਅਫ਼ਸਰ ਸਤਬੀਰ ਸਿੰਘ ਗਿੱਲ ਅਤੇ ਚੋਣ ਤਹਿਸੀਲਦਾਰ ਰਾਮਜੀ ਲਾਲ ਅਤੇ ਚੋਣ ਕਾਨੂੰਨਗੋ ਰਾਜਪੁਰਾ ਸਤਿੰਦਰ ਕੌਰ ਨੂੰ ਵੀ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਆਏ ਮਹਿਮਾਨਾਂ ਨੂੰ ਜੀ ਆਇਆ ਆਖਿਆ ਗਿਆ ਅਤੇ ਜ਼ਿਲ੍ਹੇ ਦੀਆਂ ਸਵੀਪ ਗਤੀਵਿਧੀਆਂ ਉੱਪਰ ਚਾਨਣਾ ਪਾਇਆ।
ਸਮਾਗਮ ਦੀ ਸ਼ੁਰੂਆਤ ਪੈਰਾਸਾਈਕਲਿਸਟ-ਕਮ-ਜ਼ਿਲ੍ਹਾ ਸਵੀਪ ਆਈਕਨ ਜਗਵਿੰਦਰ ਸਿੰਘ ਦੀ ਅਗਵਾਈ ਵਿੱਚ ਸਾਈਕਲ ਰੈਲੀ ਨਾਲ ਕੀਤੀ ਗਈ, ਜਿਸ ਵਿੱਚ ਵਧੀਕ ਮੁੱਖ ਚੋਣ ਅਫ਼ਸਰ ਵਿਪੁਲ ਉਜਵਲ ਅਤੇ ਚੋਣ ਅਫ਼ਸਰ ਪੰਜਾਬ ਭਰਤ ਭੂਸ਼ਣ ਬਾਂਸਲ ਨੇ ਉਚੇਚੇ ਤੌਰ ‘ਤੇ ਸਾਈਕਲ ਚਲਾ ਕੇ ਸ਼ਮੂਲੀਅਤ ਕੀਤੀ। ਇਸ ਰੈਲੀ ਵਿੱਚ ਜਿੱਥੇ ਸੈਂਕੜਿਆਂ ਵਿੱਚ ਵਿਦਿਆਰਥੀਆਂ ਅਤੇ ਅਧਿਕਾਰੀਆਂ ਨੇ ਭਾਗ ਲਿਆ ਉੱਥੇ ਹੀ ਹਾਰਲੇ ਡੇਵਿਡਸਨ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਸ਼ਮੂਲੀਅਤ ਕਰਕੇ ਵੱਖਰਾ ਰੰਗ ਬੰਨਿਆ।
ਇਸ ਮੌਕੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ (ਬਲਾਈਂਡ ਐਂਡ ਡੈਫ਼ ਸਕੂਲ, ਸੈਫ਼ਦੀਪੁਰ, ਪਟਿਆਲਾ) ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ। ਵਿਜੈ ਯਮਲਾ ਜੱਟ ਦੀ ਅਗਵਾਈ ਵਿੱਚ ਲੋਕ ਸਾਜ਼ਾਂ ਦੇ ਆਰਕੈਸਟਰਾ ਦੀ ਪੇਸ਼ਕਾਰੀ ਕੀਤੀ ਗਈ। ਭਾਰਤ ਚੋਣ ਕਮਿਸ਼ਨ ਵੱਲੋਂ ਦਿਵਿਆਂਗਜਨ ਲਈ ਬਣਾਈ ਗਈ ਵਿਸ਼ੇਸ਼ ਐਪ ‘ਸਕਸ਼ਮ-ਈ.ਸੀ.ਆਈ’ ਨੂੰ ਦਰਸਾਉਂਦੀ ਗੁਰਪ੍ਰੀਤ ਸਿੰਘ ਨਾਮਧਾਰੀ ਵੱਲੋਂ ਬਣਾਈ ਗਈ ਪੇਂਟਿੰਗ ਦਾ ਮੁੱਖ ਮਹਿਮਾਨ ਵੱਲੋਂ ਵਿਮੋਚਨ ਕੀਤਾ ਗਿਆ। ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀ ਲਵਪ੍ਰੀਤ ਸਿੰਘ ਨੇ ਪੰਜਾਬ ਚੋਣਾਂ ਦੇ ਮੈਸਕਾਟ ‘ਸ਼ੇਰਾ’ ਦੇ ਰੂਪ ਵਿੱਚ ਸਮਾਗਮ ਵਿੱਚ ਹਿੱਸਾ ਲਿਆ। ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਵੱਲੋਂ ਸਾਈਨ ਲੈਂਗੁਏਜ ਵਿੱਚ ਰਾਸ਼ਟਰ ਗਾਨ ਪੇਸ਼ ਕੀਤਾ ਗਿਆ। ਰਾਜ ਅਤੇ ਜ਼ਿਲ੍ਹਾ ਦਿਵਿਆਂਗਜਨ ਕੋਆਰਡੀਨੇਟਰਾਂ ਜਿਨ੍ਹਾਂ ਨੇ ਵਲੰਟੀਅਰ ਵੱਜੋਂ ਚੋਣਾਂ ਵਿੱਚ ਸੇਵਾ ਪ੍ਰਦਾਨ ਕੀਤੀ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਸਮੁੱਚੇ ਸਮਾਗਮ ਦੀ ਦੇਖ-ਰੇਖ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਥਿੰਦ ਅਤੇ ਗੁਰਬਖ਼ਸ਼ੀਸ਼ ਸਿੰਘ ਅੰਟਾਲ, ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਵੱਲੋਂ ਕੀਤੀ ਗਈ।