ਗੁਰਦਾਸਪੁਰ, 25 ਜਨਵਰੀ (ਦਿਨੇਸ਼ ਕੁਮਾਰ)। ਸਿੰਗਾਪੁਰ ਭੇਜਣ ਦੇ ਨਾਂ ’ਤੇ ਤਿੰਨ ਨੌਜਵਾਨਾਂ ਤੋਂ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਦੋ ਮੁਲਜ਼ਮਾਂ ਖ਼ਿਲਾਫ਼ ਥਾਣਾ ਸਦਰ ਪੁਲੀਸ ਨੇ ਕੇਸ ਦਰਜ ਕੀਤਾ ਹੈ। ਫਿਲਹਾਲ ਕਿਸੇ ਵੀ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਐਸਪੀ ਇਨਵੈਸਟੀਗੇਸ਼ਨ ਵੱਲੋਂ ਜਾਂਚ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਗਿਆ ਹੈ।
ਗੁਰਦੀਪ ਸਿੰਘ ਪੁੱਤਰ ਗੁਲਸ਼ਨ ਕੁਮਾਰ ਵਾਸੀ ਨੌਰੰਗਪੁਰ ਥਾਣਾ ਸਦਰ ਪਠਾਨਕੋਟ ਨੇ ਪੁਲੀਸ ਉੱਚ ਅਧਿਕਾਰੀਆਂ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਅਤੇ ਉਸ ਦੇ ਦੋ ਦੋਸਤ ਵਿਦੇਸ਼ ਜਾ ਕੇ ਰੋਜ਼ੀ ਰੋਟੀ ਕਮਾਉਣਾ ਚਾਹੁੰਦੇ ਸਨ। ਇਸ ਦੇ ਲਈ ਉਸ ਨੇ ਜਾਨਸਨ ਵਾਸੀ ਸਲੇਮਪੁਰ ਅਫਗਾਨਾ ਅਤੇ ਰਾਜ ਕੁਮਾਰ ਵਾਸੀ ਬੱਬੇਹਾਲੀ, ਥਾਣਾ ਤਿੱਬੜ ਨਾਲ ਸੰਪਰਕ ਕੀਤਾ। ਮੁਲਜ਼ਮਾਂ ਨੇ ਉਨ੍ਹਾਂ ਨੂੰ ਸਿੰਗਾਪੁਰ ਭੇਜਣ ਦਾ ਝਾਂਸਾ ਦਿੱਤਾ। ਇਸ ਦੇ ਬਦਲੇ ਉਸ ਦੇ ਦੋਸਤਾਂ ਸਤਨਾਮ ਸਿੰਘ ਅਤੇ ਨਰਿੰਦਰ ਸਿੰਘ ਤੋਂ 10.27 ਲੱਖ ਰੁਪਏ ਲੈ ਲਏ। ਪੈਸੇ ਲੈਣ ਦੇ ਬਾਵਜੂਦ ਮੁਲਜ਼ਮਾਂ ਨੇ ਨਾ ਤਾਂ ਉਨ੍ਹਾਂ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਨ੍ਹਾਂ ਦੇ ਪੈਸੇ ਵਾਪਸ ਕੀਤੇ। ਜਾਂਚ ਅਧਿਕਾਰੀ ਏਐਸਆਈ ਰਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਦੋਵਾਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਹੈ। ਪੁਲੀਸ ਮੁਲਜ਼ਮਾਂ ਦੀ ਭਾਲ ਵਿੱਚ ਛਾਪੇਮਾਰੀ ਕਰ ਰਹੀ ਹੈ।