ਗੁਰਦਾਸਪੁਰ

ਚੇਅਰਮੈਨ ਰਮਨ ਬਹਿਲ ਨੇ ਸਰਕਾਰੀ ਕਾਲਜ ਗੁਰਦਾਸਪੁਰ ’ਚ ਕੰਪਿਊਟਰ ਲੈਬ ਦਾ ਨੀਂਹ ਪੱਥਰ ਰੱਖਿਆ

ਚੇਅਰਮੈਨ ਰਮਨ ਬਹਿਲ ਨੇ ਸਰਕਾਰੀ ਕਾਲਜ ਗੁਰਦਾਸਪੁਰ ’ਚ ਕੰਪਿਊਟਰ ਲੈਬ ਦਾ ਨੀਂਹ ਪੱਥਰ ਰੱਖਿਆ
  • PublishedJanuary 24, 2023

23 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਕੰਪਿਊਟਰ ਲੈਬ 31 ਮਾਰਚ ਤੱਕ ਹੋਵੇਗੀ ਮੁਕੰਮਲ

ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਵਿੱਚ ਉਚੇਰੀ ਸਿੱਖਿਆ ਨੂੰ ਉਤਸ਼ਾਹਤ ਕਰਨ ਲਈ ਵਚਨਬੱਧ – ਚੇਅਰਮੈਨ ਰਮਨ ਬਹਿਲ

ਗੁਰਦਾਸਪੁਰ, 24 ਜਨਵਰੀ (ਮੰਨਣ ਸੈਣੀ )। ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਵੱਲੋਂ ਅੱਜ ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਨਵੀਂ ਬਣਨ ਵਾਲੀ ਕੰਪਿਊਟਰ ਲੈਬ ਦਾ ਨੀਂਹ ਪੱਥਰ ਰੱਖਿਆ ਗਿਆ। ਪੰਜਾਬ ਸਰਕਾਰ ਵੱਲੋਂ ਇਸ ਕੰਪਿਊਟਰ ਲੈਬ ਦੀ ਉਸਾਰੀ ਉੱਪਰ ਕਰੀਬ 23 ਲੱਖ ਰੁਪਏ ਖਰਚੇ ਜਾਣਗੇ।

ਕੰਪਿਊਟਰ ਲੈਬ ਦੀ ਇਮਾਰਤ ਦਾ ਨੀਂਹ ਪੱਥਰ ਰੱਖਣ ਉਪਰੰਤ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਸਰਕਾਰੀ ਕਾਲਜ ਗੁਰਦਾਸਪੁਰ ਵਿੱਚ ਇਸ ਨਵੀਂ ਕੰਪਿਊਟਰ ਲੈਬ ਦੀ ਬਹੁਤ ਜਿਆਦਾ ਲੋੜ ਸੀ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇਸ ਲੋੜ ਨੂੰ ਪਹਿਲ ਦੇ ਅਧਾਰ ’ਤੇ ਪੂਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੂਚਨਾ ਤੇ ਤਕਨੌਲੋਜੀ ਦੇ ਇਸ ਦੌਰ ਵਿੱਚ ਕੰਪਿਊਟਰ ਦੀ ਬਹੁਤ ਮਹੱਤਤਾ ਹੈ ਅਤੇ ਇਹ ਨਵੀਂ ਬਣਨ ਵਾਲੀ ਕੰਪਿਊਟਰ ਲੈਬ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਦੇ ਵਿਦਿਆਰਥੀਆਂ ਲਈ ਵਰਦਾਨ ਸਾਬਤ ਹੋਵੇਗੀ। ਸ੍ਰੀ ਰਮਨ ਬਹਿਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਕੰਪਿਊਟਰ ਲੈਬ ਦੀ ਉਸਾਰੀ ਉੱਪਰ 23 ਲੱਖ ਰੁਪਏ ਖਰਚ ਕੀਤੇ ਜਾਣਗੇ ਅਤੇ 31 ਮਾਰਚ 2023 ਤੱਕ ਇਹ ਲੈਬ ਬਣ ਕੇ ਤਿਆਰ ਹੋ ਜਾਵੇਗੀ।

ਉਚੇਰੀ ਸਿੱਖਿਆ ਬਾਰੇ ਗੱਲ ਕਰਦਿਆਂ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਉਚੇਰੀ ਸਿੱਖਿਆ ਨੂੰ ਉਤਸ਼ਾਹਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਰਾਜ ਸਰਕਾਰ ਵੱਲੋਂ ਕਾਲਜਾਂ ਵਿੱਚ ਅਧਿਆਪਕਾਂ ਦੀਆਂ 645 ਨਵੀਆਂ ਪੋਸਟਾਂ ਭਰਨ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਸਤੋਂ ਇਲਾਵਾ ਗੈਸਟ ਫੈਕਲਟੀ ਅਧਿਆਪਕਾਂ ਦੀ ਤਨਖਾਹ ਵਿੱਚ 33600 ਤੋਂ 47000 ਰੁਪਏ ਤੱਕ ਦਾ ਵਾਧਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਰੈਗੂਲਰ ਅਧਿਆਪਕਾਂ ਲਈ 7ਵਾਂ ਤਨਖਾਹ ਕਮਿਸ਼ਨ ਲਾਗੂ ਕੀਤਾ ਗਿਆ ਹੈ। ਇਸਦੇ ਨਾਲ ਹੀ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ੍ਹਨ ਲਈ ਪੰਜਾਬ ਸਰਕਾਰ ਵੱਲੋਂ ਨਵੀਂ ਸਪੋਰਟਸ ਨੀਤੀ ਤਹਿਤ ਕਾਲਜਾਂ ਵਿੱਚ ਖੇਡਾਂ ਦੇ ਬੁਨਿਆਦੀ ਢਾਂਚੇ ਵਿੱਚ ਕ੍ਰਾਂਤੀਕਾਰੀ ਸੁਧਾਰ ਲਿਆਂਦੇ ਜਾ ਰਹੇ ਹਨ। ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਨੌਜਵਾਨ ਸ਼ਕਤੀ ਸੂਬੇ ਅਤੇ ਦੇਸ਼ ਨੂੰ ਤਰੱਕੀ ਦੀਆਂ ਬੁਲੰਦੀਆਂ ’ਤੇ ਲਿਜਾ ਸਕਦੀ ਹੈ ਅਤੇ ਰਾਜ ਸਰਕਾਰ ਵੱਲੋਂ ਨੌਜਵਾਨਾਂ ਲਈ ਉਚੇਰੀ ਸਿੱਖਿਆ ਪ੍ਰਾਪਤ ਕਰਨ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਢੁਕਵਾਂ ਮਾਹੌਲ ਬਣਾਉਣ ਦੇ ਸੁਹਿਰਦ ਯਤਨ ਕੀਤੇ ਜਾ ਰਹੇ ਹਨ।

ਇਸ ਮੌਕੇ ਸਰਕਾਰੀ ਕਾਲਜ ਗੁਰਦਾਸਪੁਰ ਦੇ ਪ੍ਰਿੰਸੀਪਲ ਸ. ਗੁਰਿੰਦਰ ਸਿੰਘ ਕਲਸੀ ਨੇ ਚੇਅਰਮੈਨ ਸ੍ਰੀ ਰਮਨ ਬਹਿਲ ਦਾ ਕਾਲਜ ਵਿਖੇ ਪਹੁੰਚਣ ’ਤੇ ਧੰਨਵਾਦ ਕੀਤਾ। ਇਸ ਮੌਕੇ ਪੰਜਾਬੀ ਦੇ ਪ੍ਰੋ. ਬਲਜੀਤ ਸਿੰਘ ਸ਼ਾਹਬਾਦ, ਪ੍ਰੋ. ਬਲਜੀਤ ਸਿੰਘ (ਸਰੀਰਕ ਸਿੱਖਿਆ), ਪ੍ਰੋ. ਹਰਜੀਤ ਸਿੰਘ, ਪ੍ਰੋ. ਕਰਨ ਸ਼ਰਮਾਂ, ਪ੍ਰੋ. ਸਰਬਜੀਤ ਸਿੰਘ, ਪ੍ਰੋ. ਸਤਵਿੰਦਰ ਸਿੰਘ, ਪ੍ਰੋ. ਰਣਜੀਤ ਸਿੰਘ, ਪ੍ਰੋ. ਜੋਗਾ ਸਿੰਘ, ਪ੍ਰੋ. ਗੁਰਦੀਪ ਸਿੰਘ, ਸਾਬਕਾ ਪ੍ਰੋ. ਰਾਜ ਕੁਮਾਰ ਸ਼ਰਮਾਂ, ਆਪ ਆਗੂ ਭਾਰਤ ਭੂਸ਼ਨ ਸ਼ਰਮਾਂ ਤੋਂ ਇਲਾਵਾ ਹੋਰ ਵੀ ਮੋਹਤਬਰ ਹਾਜ਼ਰ ਸਨ।

Written By
The Punjab Wire