Close

Recent Posts

ਪੰਜਾਬ ਮੁੱਖ ਖ਼ਬਰ

ਵਿਧਾਨ ਸਭਾ ਸਪੀਕਰ ਵੱਲੋਂ ਵਿਦਿਆਰਥੀਆਂ ਨੂੰ ਸਿਲੇਬਸ ਦੇ ਨਾਲ ਨਾਲ ਹੋਰ ਕਿਤਾਬਾਂ ਵੀ ਪੜਨ ਲਈ ਸਲਾਹ

ਵਿਧਾਨ ਸਭਾ ਸਪੀਕਰ ਵੱਲੋਂ ਵਿਦਿਆਰਥੀਆਂ ਨੂੰ ਸਿਲੇਬਸ ਦੇ ਨਾਲ ਨਾਲ ਹੋਰ ਕਿਤਾਬਾਂ ਵੀ ਪੜਨ ਲਈ ਸਲਾਹ
  • PublishedJanuary 24, 2023

ਲੇਖ ਮੁਕਾਬਲਿਆਂ ਦੀਆਂ ਜੇਤੂ ਵਿਦਿਆਰਥਣਾ ਦਾ ਸਨਮਾਨ

ਚੰਡੀਗੜ, 24 ਜਨਵਰੀ (ਦੀ ਪੰਜਾਬ ਵਾਇਰ)। ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਵਿਦਿਆਰਥੀਆਂ ਨੂੰ ਸਿਲੇਬਸ ਦੀਆਂ ਕਿਤਾਬਾਂ ਦੇ ਨਾਲ ਨਾਲ ਹੋਰ ਪੁਸਤਕਾਂ ਵੀ ਪੜਨ ਦੀ ਸਲਾਹ ਦਿੱਤੀ ਹੈ ਤਾਂ ਜੋ ਉਨਾਂ ਦਾ ਗਿਆਨ ਸਿਲੇਬਸ ਦੀ ਪੜਾਈ ਤੱਕ ਹੀ ਸੀਮਤ ਨਾ ਰਹੇ।

ਲੇਖ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਦਾ ਅੱਜ ਵਿਧਾਨ ਸਭਾ ਵਿੱਚ ਸਨਮਾਨ ਕਰਨ ਮੌਕੇ ਸ. ਸੰਧਵਾਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਕੇਵਲ ਸਿਲੇਬਸ ਤੱਕ ਹੀ ਸੀਮਤ ਨਹੀਂ ਰਹਿਣਾ ਚਾਹੀਦਾ ਸਗੋਂ ਉਨਾਂ ਨੂੰ ਇਤਿਹਾਸ ਅਤੇ ਸਾਹਿਤ ਸਣੇ ਹੋਰ ਵੀ ਕਿਤਾਬਾਂ ਪੜਨੀਆਂ ਚਾਹੀਦੀਆਂ ਹਨ। ਉਨਾਂ ਕਿਹਾ ਕਿ ਸਾਹਿਤ ਮਨੁੱਖ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਦਾ ਹੈ ਜਿਸ ਕਰਕੇ ਹਰੇਕ ਬੱਚੇ ਨੂੰ ਨਾਵਲ, ਕਹਾਣੀਆਂ, ਕਵਿਤਾਵਾਂ ਆਦਿ ਜ਼ਰੂਰ ਪੜਨੀਆਂ ਚਾਹੀਦੀਆਂ ਹਨ।

ਸ. ਸੰਧਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਕੂਲੀ ਵਿਦਿਆਰਥੀਆਂ ਦਾ ਚੌਤਰਫ਼ਾ ਵਿਕਾਸ ਯਕੀਨੀ ਬਨਾਉਣ ਦੀ ਦਿਸ਼ਾ ਵੱਲ ਪੇਸ਼ਕਦਮੀ ਕੀਤੀ ਹੈ। ਸਕੂਲੀ ਸਿੱਖਿਆ ਨੂੰ ਅੰਤਰਰਾਸ਼ਟਰੀ ਪੱਧਰ ਦਾ ਬਣਾਉਣ ਲਈ 100 ਸਕੂਲ ਆਫ਼ ਐਮੀਨੈਂਸ ਦੀ ਸ਼ੁਰੂਆਤ ਕੀਤੀ ਹੈ। ਸਕੂਲਾਂ ਦਾ ਪੱਧਰ ਉੱਚਾ ਚੁੱਕਣ ਲਈ ਯਤਨ ਆਰੰਭ ਕੀਤੇ ਗਏ ਹਨ ਅਤੇ ਅਧਿਆਪਕਾਂ ਦੀ ਘਾਟ ਪੂਰੀ ਕਰਨ ਲਈ ਵੀ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ।

ਉਨਾਂ ਕਿਹਾ ਕਿ ਸਿੱਖਿਆ ਵਿਭਾਗ ਵਿੱਚ ਕੰਮ ਕਰ ਰਹੇ ਸਕੂਲ ਸਿੱਖਿਆ ਪ੍ਰਸ਼ਾਸ਼ਕਾਂ, ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਸਿਖਲਾਈ ਪ੍ਰਦਾਨ ਕਰਵਾਉਣ ਲਈ ਅੰਤਰਰਾਸ਼ਟਰੀ ਸਿੱਖਿਆ ਮਾਮਲੇ ਸੈੱਲ (ਇੰਟਰਨੈਸ਼ਨਲ ਐਜੂਕੇਸ਼ਨ ਅਫ਼ੇਅਰਜ਼ ਸੈੱਲ) ਦੀ ਸਥਾਪਨਾ ਕੀਤੀ ਗਈ ਹੈ ਤਾਂ ਜੋ ਉਹ ਪੜਾਈ ਦੀਆਂ ਨਵੀਂਆਂ ਤਕਨੀਕਾਂ ਸਿੱਖ ਕੇ ਬੱਚਿਆਂ ਨੂੰ ਚੰਗੀ ਸੇਧ ਦੇ ਸਕਣ। ਇਸ ਮੌਕੇ ਸਪੀਕਰ ਨੇ ਏ.ਐਨ.ਗੁਜ਼ਰਾਲ ਸੀਨੀਅਰ ਸਕੈਂਡਰੀ ਸਕੂਲ ਜਲੰਧਰ ਦੀ ਵਿਦਿਆਰਥਣ ਪੂਜਾ ਕੁਮਾਰੀ, ਕਾਮਨਾ ਅਤੇ ਮੁਸਕਾਨ ਨੂੰ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਆਉਣ ਲਈ ਸਨਮਾਨਿਤ ਕੀਤਾ।

ਇਸ ਮੌਕੇ ਵਿਧਾਨ ਸਭਾ ਦੇ ਡਿਪਟੀ ਸ੍ਰੀ ਜੈ ਕ੍ਰਿਸ਼ਨ ਸਿੰਘ ਰੋੜੀ, ਸ੍ਰੀ ਗੁਰਮੀਤ ਸਿੰਘ ਖੁੱਡੀਆਂ, ਸ੍ਰੀ ਜਗਰੂਪ ਸਿੰਘ ਅਤੇ ਸ੍ਰੀ ਦਲਜੀਤ ਸਿੰਘ ਗਰੇਵਾਲ (ਸਾਰੇ ਵਿਧਾਇਕ) ਵੀ ਹਜ਼ਰ ਸਨ।

Written By
The Punjab Wire