ਡਿਪਟੀ ਕਮਿਸ਼ਨਰ ਵਲੋਂ ਮਥੁਰਾ ਕਲੋਨੀ ਵਿਖੇ ਨਵੇਂ ਬਣ ਰਹੇ ‘ਆਮ ਆਦਮੀ ਕਲੀਨਿਕਾਂ’ ਦੀ ਪ੍ਰਗਤੀ ਦਾ ਜਾਇਜ਼ਾ
27 ਜਨਵਰੀ ਨੂੰ 35 ਆਮ ਆਦਮੀ ਕਲੀਨਿਕ ਪਟਿਆਲਾ ਵਾਸੀਆਂ ਨੂੰ ਕੀਤੇ ਜਾਣਗੇ ਸਮਰਪਿਤ : ਸਾਕਸ਼ੀ ਸਾਹਨੀ
ਪਟਿਆਲਾ, 23 ਜਨਵਰੀ (ਦੀ ਪੰਜਾਬ ਵਾਇਰ)। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵਲੋਂ ਮਥੁਰਾ ਕਲੋਨੀ ਵਿਖੇ ਨਵੇਂ ਬਣ ਰਹੇ ਆਮ ਆਦਮੀ ਕਲੀਨਿਕਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ ਈਸ਼ਾ ਸਿੰਘਲ ਤੇ ਸਿਵਲ ਸਰਜਨ ਡਾ. ਦਲਬੀਰ ਕੌਰ, ਐਸ.ਐਮ.ਓ. ਡਾ. ਵਿਕਾਸ ਗੋਇਲ ਤੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਐਸ. ਜੇ ਸਿੰਘ ਵੀ ਮੌਜੂਦ ਸਨ।
ਇਸ ਮੌਕੇ ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਕਲੀਨਿਕਾਂ ਵਿੱਚ ਕੰਮ ਦੇ ਮਿਆਰ ਵਿੱਚ ਕੋਈ ਕਮੀ ਨਹੀਂ ਆਉਣੀ ਚਾਹੀਦੀ। ਉਨ੍ਹਾਂ ਵੱਖ-ਵੱਖ ਕਮਰਿਆਂ ਦਾ ਦੌਰਾ ਕੀਤਾ ਜਿੱਥੇ ਲੋੜੀਂਦੇ ਮੈਡੀਕਲ ਉਪਕਰਨਾਂ, ਦਵਾਈਆਂ ਦੀ ਉਪਲਬਧਤਾ ਆਦਿ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 27 ਜਨਵਰੀ ਨੂੰ 35 ਆਮ ਆਦਮੀ ਕਲੀਨਿਕ ਪਟਿਆਲਾ ਵਾਸੀਆਂ ਨੂੰ ਸਮਰਪਿਤ ਕੀਤੇ ਜਾਣਗੇ।
ਆਮ ਆਦਮੀ ਕਲੀਨਿਕਾਂ ਦੇ ਚੱਲ ਰਹੇ ਕੰਮ ‘ਤੇ ਤਸੱਲੀ ਪ੍ਰਗਟ ਕਰਦਿਆਂ ਸਾਕਸ਼ੀ ਸਾਹਨੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨੂੰ ਘਰ-ਘਰ ਮੁਫਤ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ ਅਤੇ ਇਹ ਨਵੇਂ ਕਲੀਨਿਕ ਤੰਦਰੁਸਤ ਪੰਜਾਬ ਦੀ ਸਿਰਜਣਾ ਕਰਨ ਵਿੱਚ ਸਹਾਈ ਸਿੱਧ ਹੋਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਟਿਆਲਾ ਵਿੱਚ 5 ਆਮ ਆਦਮੀ ਕਲੀਨਿਕ ਪਹਿਲਾਂ ਹੀ ਕਾਰਜਸ਼ੀਲ ਹਨ ਅਤੇ ਇਹ ਹਸਪਤਾਲਾਂ ‘ਤੇ ਬੋਝ ਘਟਾਉਣ ਦੇ ਨਾਲ-ਨਾਲ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੇ ਹਨ।
ਉਹਨਾਂ ਕਿਹਾ ਕਿ ਇਹਨਾਂ ਕਲੀਨਿਕਾਂ ਦੇ ਖੁਲਣ ਨਾਲ ਲੋਕਾਂ ਨੂੰ ਆਮ ਬਿਮਾਰੀਆਂ ਦੇ ਇਲਾਜ ਲਈ ਦੂਰ ਦੁਰਾਡੇ ਦੇ ਹਸਪਤਾਲਾਂ ਵਿੱਚ ਜਾਣ ਦੀ ਜ਼ਰੂਰਤ ਨਹੀ ਹੋਵੇਗੀ ਕਿਉਂਕਿ ਜਿਥੇ ਇਹਨਾਂ ਕਲੀਨਿਕਾਂ ਵਿੱਚ ਯੋਗ ਐਮ.ਬੀ.ਬੀ.ਐਸ ਡਾਕਟਰਾਂ ਵੱਲੋਂ ਮਰੀਜ਼ਾਂ ਦੀ ਸਿਹਤ ਜਾਂਚ ਕੀਤੀ ਜਾਵੇਗੀ ਉਥੇ ਮੁਫ਼ਤ ਦਵਾਈਆਂ ਦੇ ਨਾਲ ਨਾਲ ਲੋੜਵੰਦ ਮਰੀਜ਼ਾਂ ਦੇ ਖੂਨ ਪਿਸ਼ਾਬ ਦੇ ਟੈਸਟ ਵੀ ਕੀਤੇ ਮੁਫ਼ਤ ਕੀਤੇ ਜਾਣਗੇ।
ਕੈਪਸ਼ਨ : ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਮਥੁਰਾ ਕਲੋਨੀ ਵਿਖੇ ਬਣ ਰਹੇ ਆਮ ਆਦਮੀ ਕਲੀਨਿਕ ਦੀ ਪ੍ਰਗਤੀ ਦਾ ਜਾਇਜ਼ਾ ਲੈਂਦੇ ਹੋਏ।