ਅੰਮ੍ਰਿਤਸਰ, 22 ਜਨਵਰੀ (ਦੀ ਪੰਜਾਬ ਵਾਇਰ)। ਅੰਮ੍ਰਿਤਸਰ ਦੇ ਸਥਾਨਕ ਟ੍ਰਿਲੀਅਮ ਮਾਲ ਦੀ ਸੱਤਵੀਂ ਮੰਜ਼ਿਲ ‘ਤੇ ਚੜ੍ਹ ਕੇ ਇਕ ਲੜਕੀ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚੀ ਅਤੇ ਲੜਕੀ ਨੂੰ ਬਚਾਇਆ। ਘਟਨਾ ਸ਼ਨੀਵਾਰ ਰਾਤ ਦੀ ਹੈ।
ਦੱਸਿਆ ਜਾ ਰਿਹਾ ਹੈ ਕਿ ਲੜਕੀ ਆਪਣੇ ਪ੍ਰੇਮੀ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਪਰ ਉਸ ਦੇ ਪਰਿਵਾਰਕ ਮੈਂਬਰ ਨਹੀਂ ਮੰਨੇ, ਜਿਸ ਕਾਰਨ ਲੜਕੀ ਨੇ ਆਪਣੇ ਪਰਿਵਾਰਕ ਮੈਂਬਰਾਂ ‘ਤੇ ਦਬਾਅ ਬਣਾਉਣ ਲਈ ਖੁਦਕੁਸ਼ੀ ਦਾ ਡਰਾਮਾ ਰਚਿਆ।
ਅੰਮ੍ਰਿਤਸਰ ਦੇ ਏਸੀਪੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਪੁਲਿਸ ਨੂੰ ਸ਼ਨੀਵਾਰ ਰਾਤ ਸੂਚਨਾ ਮਿਲੀ ਸੀ ਕਿ ਇੱਕ ਲੜਕੀ ਟ੍ਰਿਲੀਅਮ ਮਾਲ ਦੀ ਸੱਤਵੀਂ ਮੰਜ਼ਿਲ ‘ਤੇ ਚੜ੍ਹ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਹ ਮਾਲ ਦੇ ਨਾਲ ਫਰਸ਼ ‘ਤੇ ਸਥਿਤ ਫੂਡ ਕੋਰਟ ਪਹੁੰਚੀ ਅਤੇ ਉਥੋਂ ਉਹ ਛੱਤ ਵੱਲ ਚਲੀ ਗਈ। ਪੁਲੀਸ ਨੇ ਲੜਕੀ ਨੂੰ ਬਚਾਉਣ ਲਈ ਜ਼ਮੀਨ ਵਿੱਚ ਜਾਲ ਵੀ ਵਿਛਾ ਕੇ ਕੁਝ ਸਮਾਂ ਉਸ ਨੂੰ ਗੱਲਬਾਤ ਵਿੱਚ ਉਲਝਾ ਕੇ ਰੱਖਿਆ। ਇਸ ਦੌਰਾਨ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਬੁਲਾਇਆ ਗਿਆ ਪਰ ਲੜਕੀ ਖੁਦਕੁਸ਼ੀ ਕਰਨ ‘ਤੇ ਅੜੀ ਹੋਈ ਸੀ।
ਇਸ ਦੌਰਾਨ ਕੁਝ ਪੁਲੀਸ ਮੁਲਾਜ਼ਮਾਂ ਨੂੰ ਦੂਜੇ ਰਸਤੇ ਤੋਂ ਸੱਤਵੀਂ ਮੰਜ਼ਿਲ ’ਤੇ ਭੇਜ ਦਿੱਤਾ ਗਿਆ। ਉਥੋਂ ਇਕ ਮਰਦ ਮੁਲਾਜ਼ਮ ਨੇ ਲੜਕੀ ਨੂੰ ਬਾਂਹ ਤੋਂ ਫੜ ਕੇ ਪਿੱਛੇ ਖਿੱਚ ਲਿਆ। ਏਸੀਪੀ ਖੋਸਾ ਨੇ ਦੱਸਿਆ ਕਿ ਲੜਕੀ ਨੂੰ ਇੱਕ ਲੜਕੇ ਨਾਲ ਪਿਆਰ ਸੀ ਅਤੇ ਉਹ ਉਸੇ ਲੜਕੇ ਨਾਲ ਵਿਆਹ ਕਰਨਾ ਚਾਹੁੰਦੀ ਸੀ ਪਰ ਉਸਦੇ ਪਰਿਵਾਰਕ ਮੈਂਬਰ ਇਸ ਗੱਲ ਲਈ ਰਾਜ਼ੀ ਨਹੀਂ ਸਨ, ਜਿਸ ਕਾਰਨ ਲੜਕੀ ਨੇ ਇਹ ਡਰਾਮਾ ਕਰਕੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਸਾਵਧਾਨੀ ਨਾਲ ਕਾਰਵਾਈ ਕਰਦੇ ਹੋਏ ਲੜਕੀ ਨੂੰ ਛੁਡਵਾਇਆ।ਉਨ੍ਹਾਂ ਦੱਸਿਆ ਕਿ ਲੜਕੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।