ਮੰਤਰੀ ਨੇ ਯਕੀਨ ਦਵਾਇਆ ਕਿ ਏਜੰਸੀਆਂ ਦੇ ਮੁਖੀਆਂ ਪਾਸੋਂ ਫੀਡਬੈਕ ਲਏ ਬਿਨ੍ਹਾਂ ਕੋਈ ਕਾਰਵਾਈ ਨਹੀਂ ਹੋਵੇਗੀ
ਚੰਡੀਗੜ੍ਹ, 30 ਨਵੰਬਰ (ਦੀ ਪੰਜਾਬ ਵਾਇਰ)। ਇਸ ਗੱਲ ‘ਤੇ ਜ਼ੋਰ ਦਿੰਦੇ ਹੋਏ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸੱਤਾ ਸੰਭਾਲਣ ਤੋਂ ਬਾਅਦ ਇਸ ਵਰ੍ਹੇ ਮੁਲਾਜ਼ਮਾਂ ਨੇ ਸਖ਼ਤ ਮਿਹਨਤ ਕਰਕੇ ਕਣਕ ਅਤੇ ਝੋਨੇ ਦੇ ਦੋ ਖਰੀਦ ਸੀਜਨ ਕਾਮਯਾਬੀ ਨਾਲ ਪੂਰੇ ਕਰਵਾਏ ਹਨ, ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਕਨਫੈਡਰੇਸ਼ਨ ਆਫ਼ ਆਫ਼ਿਸਰਜ਼ ਐਂਡ ਜੁਆਇੰਟ ਕੋਆਰਡੀਨੇਸ਼ਨ ਕਮੇਟੀ ਆਫ਼ ਪੰਜਾਬ ਸਟੇਟ ਫੂਡ ਗ੍ਰੇਨ ਏਜੰਸੀਜ਼ ਦੇ ਪ੍ਰਤੀਨਿਧੀਆਂ ਨੂੰ ਅਨਾਜ ਭਵਨ, ਚੰਡੀਗੜ ਵਿਖੇ ਇੱਕ ਮੀਟਿੰਗ ਦੌਰਾਨ ਇਹ ਭਰੋਸਾ ਦਿੱਤਾ ਕਿ ਇਮਾਨਦਾਰੀ ਅਤੇ ਲਗਨ ਨਾਲ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਫ਼ਿਕਰ ਕਰਨ ਦੀ ਲੋੜ ਨਹੀਂ ਅਤੇ ਉਨ੍ਹਾਂ ਨੂੰ ਸੂਬੇ ਦੀਆਂ ਜਾਂਚ ਏਜੰਸੀਆਂ ਵੱਲੋਂ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ।
ਵਿਜੀਲੈਂਸ ਬਿਊਰੋ ਵੱਲੋਂ ਦੋ ਡੀ.ਐਫ.ਐਸ.ਸੀ. ਦੀ ਗ੍ਰਿਫ਼ਤਾਰੀ ਅਤੇ ਸੂਬੇ ਭਰ ਵਿੱਚ ਪਿਛਲੇ ਸਾਲਾਂ ਦੌਰਾਨ ਸੂਬੇ ਦੀਆਂ ਏਜੰਸੀਆਂ ਵੱਲੋਂ ਪ੍ਰਾਪਤ ਲੱਕੜ ਦੇ ਬਕਸਿਆਂ ਦੀ ਹਾਲ ਹੀ ਵਿੱਚ ਕੀਤੀ ਗਈ ਚੈਕਿੰਗ ਵਿਰੁੱਧ ਸੂਬੇ ਦੀਆਂ ਅਨਾਜ ਖਰੀਦ ਏਜੰਸੀਆਂ ਦੇ ਅਧਿਕਾਰੀ ਅਤੇ ਕਰਮਚਾਰੀ 24.11.2022 ਤੋਂ ਅਣਮਿੱਥੇ ਸਮੇਂ ਲਈ ਹੜਤਾਲ ‘ਤੇ ਬੈਠੇ ਹਨ।
ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਬਾਰੇ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ, ਅਤੇ ਪ੍ਰਮੁੱਖ ਸਕੱਤਰ, ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਸ੍ਰੀ ਰਾਹੁਲ ਭੰਡਾਰੀ ਨੇ ਅੱਜ ਹੜਤਾਲ ‘ਤੇ ਬੈਠੇ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਵੱਖ-ਵੱਖ ਮੀਟਿੰਗਾਂ ਕੀਤੀਆਂ।
ਮੀਟਿੰਗ ਦੌਰਾਨ ਇਹ ਭਰੋਸਾ ਦਿਵਾਇਆ ਗਿਆ ਕਿ ਵਿਜੀਲੈਂਸ ਬਿਊਰੋ ਨੂੰ ਮਾਮਲੇ ਸਬੰਧੀ ਏਜੰਸੀਆਂ ਦੇ ਮੁਖੀਆਂ ਦੀ ਸਹੀ ਫੀਡਬੈਕ ਜਾਂ ਟਿੱਪਣੀਆਂ ਲੈਣ ਤੋਂ ਪਹਿਲਾਂ ਕੋਈ ਕਾਰਵਾਈ ਸ਼ੁਰੂ ਨਾ ਕਰਨ ਦੀ ਬੇਨਤੀ ਕੀਤੀ ਜਾਵੇਗੀ।
ਇਹ ਵੀ ਭਰੋਸਾ ਦਿੱਤਾ ਗਿਆ ਕਿ ਐਫ.ਆਈ.ਆਰ. ਨੰ. 20 ਮਿਤੀ 22.08.2022 ਤਹਿਤ ਵਿਜੀਲੈਂਸ ਬਿਊਰੋ ਵੱਲੋਂ ਸਮਾਣਾ ਵਿਖੇ ਫੂਡ ਏਜੰਸੀਆਂ ਦੇ 13 ਇੰਸਪੈਕਟਰਾਂ ਵਿਰੁੱਧ ਦਰਜ ਮਾਮਲੇ ਦੀ ਮੁੜ ਜਾਂਚ ਲਈ ਵੀ ਬਿਊਰੋ ਨੂੰ ਬੇਨਤੀ ਕੀਤੀ ਜਾਵੇਗੀ।
ਦੋਵਾਂ ਐਸੋਸੀਏਸ਼ਨਾਂ/ਯੂਨੀਅਨਾਂ ਦੇ ਨੁਮਾਇੰਦਿਆਂ ਨੇ ਮੰਗ ਕੀਤੀ ਕਿ ਭਵਿੱਖ ਵਿੱਚ ਟੈਂਡਰ ਪ੍ਰਕਿਰਿਆ ‘ਚ ਵਿੱਤ/ਟਰਾਂਸਪੋਰਟ/ਸਬੰਧਤ ਵਿਭਾਗਾਂ ਦੇ ਨੁਮਾਇੰਦਿਆਂ ਨੂੰ ਸ਼ਾਮਲ ਕੀਤਾ ਜਾਵੇ।
ਮੰਤਰੀ ਨੇ ਅਧਿਕਾਰੀਆਂ ਅਤੇ ਸਟਾਫ਼ ਨੂੰ ਵੱਡੇ ਜਨਤਕ ਹਿੱਤ ਵਿੱਚ ਆਪਣੀਆਂ ਡਿਊਟੀਆਂ ਮੁੜ ਤੋਂ ਸ਼ੁਰੂ ਕਰਨ ਦੀ ਸੱਦਾ ਦਿੱਤਾ ਕੀਤੀ।