ਚੰਡੀਗੜ੍ਹ, 30 ਨਵੰਬਰ (ਦੀ ਪੰਜਾਬ ਵਾਇਰ)। ਪੰਜਾਬ ਦੇ ਕੈਬਨਿਟ ਮੰਤਰੀ ਡਾ: ਇੰਦਰਬੀਰ ਸਿੰਘ ਨਿੱਜਰ ਨੇ ਆਪਣੇ ਉਸ ਵਿਵਾਦਿਤ ਬਿਆਨ ’ਤੇ ਮੁਆਫ਼ੀ ਮੰਗ ਲਈ ਹੈ ਜਿਸ ਵਿੱਚ ਉਨ੍ਹਾਂ ਨੇ ਪੰਜਾਬੀਆਂ ਦੀ ਕੌਮ ਨੂੰ ਮੂਰਖ਼ਾਂ ਦੀ ਕੌਮ ਕਿਹਾ ਸੀ।
ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਕੈਬਨਿਟ ਮੰਤਰੀ ਡਾ: ਨਿੱਜਰ ਨੇ ਮੀਡੀਆ ਨਾਲ ਕਿਸਾਨੀ ਵੱਲੋਂ ਨਹਿਰੀ ਪਾਣੀ ਦੀ ਥਾਂ ਮੁਫ਼ਤ ਬਿਜਲੀ ਕਰਕੇ ਟਿਊਬਵੈਲਾਂ ਰਾਹੀਂ ਹੀ ਪਾਣੀ ਵਰਤੇ ਜਾਣ ਸੰਬੰਧੀ ਬਿਆਨ ਦਿੰਦਿਆਂ ਇਹ ਵਿਵਾਦਿਤ ਬਿਆਨ ਦਿੱਤਾ ਸੀ।
ਉਹਨਾਂ ਨੇ ਆਖ਼ਿਆ ਸੀ ਕਿ ਅਸੀਂ ਇੰਨੇ ਸਾਲਾਂ ਤੋਂ ਜ਼ਿੰਮੀਦਾਰਾਂ ਨੂੰ ਕਣਕ ਅਤੇ ਝੋਨੇ ਵੱਲ ਹੀ ਧੱਕੀ ਗਏ। ਪੰਜਾਬੀਆਂ ਵਰਗੀ ਬੇਵਕੂਫ਼ ਕੌਮ ਕੋਈ ਨਹੀਂ। ਉਹਨਾਂ ਕਿਹਾ ਕਿ ਜਦ ਮੈਂ ਨਿੱਕਾ ਹੁੰਦਾ ਸੀ, ਅਸੀਂ ਨਹਿਰ ਦਾ ਪਾਣੀ ਲਾਉਂਦੇ ਸੀ। ਹੁਣ ਸਾਡੇ ਨਹਿਰ ਆਉਂਦੀ ਹੀ ਨਹੀਂ, ਨਹਿਰੀ ਪਾਣੀ ਲਾਉਣਾਬੰਦ ਕਰ ਦਿੱਤਾ ਹੈ ਅਤੇ ਹੁਣ ਵਿਭਾਗ ਵੀ ਪਾਣੀ ਨਹੀਂ ਘੱਲਦਾ। ਉਹਨਾਂ ਕਿਹਾ ਕਿ ਕਿਸਾਨਾਂ ਦੇ ਟਿਊਬਵੈਲਾਂਦੇ ਸਟਾਰਟਰ ਵੀ ਹਰ ਵੇਲੇ ਸਟਾਰਟ ’ਤੇ ਹੀ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਸਮੱਸਿਆ ਇਹ ਹੈ ਕਿ ਪਾਣੀ ਬਚਾਉਣਾ ਚਾਹੀਦਾ ਹੈ ਪਰ ਮੁਫ਼ਤ ਬਿਜਲੀ ਨੇ ਜ਼ਿੰਮੀਦਾਰਾਂ ਨੂੰ ਆਰਾਮਪ੍ਰਸਤ ਬਣਾ ਦਿੱਤਾ ਹੈ।
ਡਾ: ਨਿੱਜਰ ਦੇ ਇਸ ਬਿਆਨ ਤੋਂ ਬਾਅਦ ਉਨ੍ਹਾਂ ਵੱਲੋਂ ‘ਪੰਜਾਬੀਆਂ ਵਰਗੀ ਬੇਵਕੂਫ਼ ਕੌਮ ਕੋਈ ਨਹੀਂ’ ਵਾਲੇ ਬਿਆਨ ’ਤੇ ਤਿੱਖਾ ਪ੍ਰਤੀਕਰਮ ਸਾਹਮਣੇ ਆਇਆ ਅਤੇ ਉਨ੍ਹਾਂ ਨੇ ਆਪਣੀ ਗ਼ਲਤੀ ਨੂੰ ਸਵੀਕਾਰ ਕਰਦਿਆਂ ਕੁਝ ਘੰਟਿਆਂ ਬਾਅਦ ਹੀ ਇਸ ਬਾਰੇ ਮੁਆਫ਼ੀ ਮੰਗ ਲਈ।
ਇਕ ਵੀਡੀਉ ਸੁਨੇਹਾ ਜਾਰੀ ਕਰਦਿਆਂ ਉਨ੍ਹਾਂ ਕਿਹਾ, ‘ਕੁਝ ਦੇਰ ਪਹਿਲਾਂ ਮੇਰੇ ਤੋਂ ਇਕ ਗ਼ਲਤ ਬਿਆਨ ਦਿੱਤਾ ਗਿਆ ਹੈ, ਜਿਸਦੇ ਨਾਲ ਪੰਜਾਬੀਆਂ ਦਾ ਦਿਲ ਦੁਖ਼ਿਆ ਹੈ। ਮੈਂ ਪੰਜਾਬੀਅਤ ਅਤੇ ਪੰਜਾਬੀਆਂ ਦਾ ਸਨਮਾਨ ਕਰਦਾ ਹਾਂ, ਮੈਂ ਆਪ ਪੰਜਾਬੀ ਹਾਂ, ਮੈਨੂੰ ਪਤਾ ਹੈ ਅਸੀਂ ਕਿੰਨੇ ਦਲੇਰ ਹਾਂ, ਕਿਸ ਤਰ੍ਹਾਂ ਅਸੀਂ ਆਪਣੀ ਆਜ਼ਾਦੀ ਵਾਸਤੇ ਲੜੇ ਹਾਂ, ਕਿਸ ਤਰ੍ਹਾਂ ਅਸੀਂ ਹਰੀ ਕ੍ਰਾਂਤੀ ਲਿਆਂਦੀ ਹੈ, ਬਹਾਵ ਵਿੱਚ ਬਿਆਨ ਦਿੱਤਾ ਗਿਆ ਹੈ, ਉਸ ਬਿਆਨ ਵਾਸਤੇ ਮੈਂ ਸਾਰੇ ਪੰਜਾਬੀ ਜਗਤ ਤੋਂ ਹੱਥ ਜੋੜ ਕੇ ਮੁਆਫ਼ੀ ਮੰਗਦਾ ਹਾਂ।’