Close

Recent Posts

ਗੁਰਦਾਸਪੁਰ ਪੰਜਾਬ

ਭਾਜਪਾ ਦੇ ਸੀਨੀਅਰ ਆਗੂ ਯਾਦਵਿੰਦਰ ਸਿੰਘ ਬੁੱਟਰ ਨੇ ਮਹਾਰਾਜਾ ਸ਼ੇਰ ਸਿੰਘ ਪੈਲੈਸ ਅਤੇ ਬਾਰਾਂਦਰੀ ਦੀ ਸੰਭਾਲ ਲਈ ਦਿੱਲ੍ਹੀ ਪਹੁੰਚ ਕਰ ਦਿੱਤਾ ਮੰਗ ਪੱਤਰ

ਭਾਜਪਾ ਦੇ ਸੀਨੀਅਰ ਆਗੂ ਯਾਦਵਿੰਦਰ ਸਿੰਘ ਬੁੱਟਰ ਨੇ ਮਹਾਰਾਜਾ ਸ਼ੇਰ ਸਿੰਘ ਪੈਲੈਸ ਅਤੇ ਬਾਰਾਂਦਰੀ ਦੀ ਸੰਭਾਲ ਲਈ ਦਿੱਲ੍ਹੀ ਪਹੁੰਚ ਕਰ ਦਿੱਤਾ ਮੰਗ ਪੱਤਰ
  • PublishedNovember 26, 2022

ਸਾਰੇ ਪੱਖਾਂ ਨੂੰ ਧਿਆਨ ਵਿੱਚ ਰੱਖ ਜਲਦ ਚੁੱਕਾਂਗੇ ਸਾਰਥਕ ਕਦਮ- ਸ. ਇਕਬਾਲ ਸਿੰਘ ਲਾਲਪੁਰਾ ਚੇਅਰਮੈਨ

ਬਟਾਲਾ, 25 ਨਵੰਬਰ (ਮੰਨਣ ਸੈਣੀ)। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਯਾਦਵਿੰਦਰ ਸਿੰਘ ਬੁੱਟਰ ਨੇ ਕੌਮੀ ਘਟ ਗਿਣਤੀ ਨੇ ਕਮਿਸ਼ਨ ਦੇ ਚੇਅਰਮੈਨ ਸ ਇਕਬਾਲ ਸਿੰਘ ਲਾਲਪੁਰਾ ਨੂੰ ਮੰਗ ਪੱਤਰ ਸੌਪਿਆ ਹੈ। ਉਥੇ ਹੀ ਚੇਅਰਮੈਨ ਕੌਮੀ ਘੱਟ ਗਿਣਤੀ ਕਮਿਸ਼ਨ ਇਕਬਾਲ ਸਿੰਘ ਵਲੋ ਮੰਗ ਪਤਰ ਪ੍ਰਾਪਤ ਕਰਦੇ ਹੋਏ ਸਾਰੇ ਪਖਾਂ ਦਾ ਗੌਰ ਕਰ ਵਿਚਾਰ ਕਰਦੇ ਹੋਏ ਹਾਂ ਪਖੀ ਹੁੰਘਾਰਾ ਦਿੱਤਾ ਗਿਆ ਅਤੇ ਜਲਦ ਸਾਰਥਕ ਕਦਮ ਚੁੱਕਣ ਦੀ ਗਲ ਕਹੀ ਗਈ।

ਦਿੱਤੇ ਗਏ ਮੰਗ ਪੱਤਰ ਵਿੱਚ ਯਾਦਵਿੰਦਰ ਸਿੰਘ ਬੁੱਟਰ ਵੱਲੋਂ ਦੱਸਿਆ ਗਿਆ ਕਿ ਬਟਾਲਾ ਸ਼ਹਿਰ ਸੂਬਾ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦਾ ਬਹੁਤ ਇਤਿਹਾਸਕ ਸ਼ਹਿਰ ਹੈ। ਇਸ ਸ਼ਹਿਰ ਵਿੱਚ ਸੰਨ 1807 ਵਿੱਚ ਮਹਾਰਾਜਾ ਸ਼ੇਰ ਸਿੰਘ ਦਾ ਜਨਮ ਹੋਇਆ ਸੀ ਅਤੇ ਉਨ੍ਹਾਂ ਦਾ ਪੈਲੇਸ ਅਤੇ ਬਾਰਾਂਦਰੀ ਅੱਜ ਵੀ ਬਟਾਲਾ ਸ਼ਹਿਰ ਵਿੱਚ ਮੌਜੂਦ ਹਨ। ਅੰਗਰੇਜ਼ ਹਕੂਮਤ ਨੇ ਸੰਨ 1849 ਵਿੱਚ ਪੰਜਾਬ ਉੱਪਰ ਆਪਣਾ ਕਬਜ਼ਾ ਕਰਨ ਤੋਂ ਬਾਅਦ ਸੰਨ 1878 ਵਿੱਚ ਮਹਾਰਾਜਾ ਸ਼ੇਰ ਸਿੰਘ ਦਾ ਪੈਲੇਸ 99 ਸਾਲ ਦੀ ਲੀਜ਼ ’ਤੇ ਰੇਵ ਹੈਨਰੀ ਬੇਰਿੰਗ ਨੂੰ ਦੇ ਦਿੱਤਾ ਸੀ। ਇਸ ਇਤਿਹਾਸਕ ਪੈਲੇਸ ਦੇ ਕੰਪਲੈਕਸ ਵਿੱਚ ਹੀ ਬਾਅਦ ਵਿੱਚ ਬੇਰਿੰਗ ਸਕੂਲ ਅਤੇ ਬੇਰਿੰਗ ਯੂਨੀਅਨ ਕ੍ਰਿਸ਼ਚੀਅਚਨ ਕਾਲਜ ਬਣਿਆ ਹੈ। ਸੰਨ 1977 ਵਿੱਚ ਮਹਾਰਾਜਾ ਸ਼ੇਰ ਸਿੰਘ ਪੈਲੇਸ ਦੀ ਲੀਜ਼ ਖਤਮ ਹੋ ਗਈ ਹੈ ਅਤੇ ਇਹ ਇਤਿਹਾਸਕ ਇਮਾਰਤ ਸਰਕਾਰ ਦੀ ਮਲਕੀਅਤ ਹੈ। ਪਿਛਲੇ ਕਈ ਦਹਾਕਿਆਂ ਤੋਂ ਮਹਾਰਾਜਾ ਸ਼ੇਰ ਸਿੰਘ ਪੈਲੇਸ ਦੀ ਲੀਜ਼ ਖਤਮ ਹੋਣ ਦੇ ਬਾਵਜੂਦ ਵੀ ਇਹ ਇਤਿਹਾਸਕ ਇਮਾਰਤ ਬੇਰਿੰਗ ਕਾਲਜ ਦੇ ਕਬਜ਼ੇ ਹੇਠ ਹੈ।

ਉਹਨਾਂ ਕਿਹਾ ਕਿ ਭਾਰਤੀ ਅਤੇ ਇਟੈਲੀਅਨ ਭਵਨ ਨਿਰਮਾਣ ਕਲਾ ਦਾ ਨਮੂਨਾ ਇਹ ਇਹ ਇਮਾਰਤ ਸੰਭਾਲ ਨਾ ਹੋਣ ਕਾਰਨ ਹਾਲਤ ਖਸਤਾ ਹੋ ਗਈ ਹੈ ਅਤੇ ਆਮ ਲੋਕਾਂ ਨੂੰ ਇਸ ਇਤਿਹਾਸਕ ਇਮਾਰਤ ਵਿੱਚ ਜਾਣ ਵੀ ਨਹੀਂ ਦਿੱਤਾ ਜਾਂਦਾ। ਪੰਜਾਬ ਸਰਕਾਰ ਵੱਲੋਂ ਕੁਝ ਸਾਲ ਪਹਿਲਾਂ ਇਸ ਇਤਿਹਾਸਕ ਪੈਲੇਸ ਦੇ ਸਾਹਮਣੇ ਲੈਂਡ ਸਕੇਪਿੰਗ ਕਰਵਾਈ ਗਈ ਪਰ ਇਮਾਰਤ ਦੀ ਮੁਰੰਮਤ ਨਾ ਸਕੀ। ਸਾਡੀ ਆਪ ਜੀ ਨੂੰ ਬੇਨਤੀ ਹੈ ਕਿ ਇਸ ਇਤਿਹਾਸਕ ਇਮਾਰਤ ਨੂੰ ਸੁਰੱਖਿਅਤ ਇਮਾਰਤ ਘੋਸ਼ਿਤ ਕਰਕੇ ਇਸਦੀ ਸਾਂਭ-ਸੰਭਾਲ ਕੀਤੀ ਜਾਵੇ ਅਤੇ ਇਥੇ ਪੰਜਾਬ ਦੇ ਗੌਰਵਮਈ ਇਤਿਹਾਸ ਨਾਲ ਸਬੰਧਤ ਮਿਊਜ਼ੀਅਮ ਸਥਾਪਤ ਕੀਤਾ ਜਾਵੇ।

ਮਹਾਰਾਜਾ ਸ਼ੇਰ ਸਿੰਘ ਪੈਲੇਸ ਬਟਾਲਾ ਵਿਖੇ ਮਹਾਰਾਜਾ ਰਣਜੀਤ ਸਿੰਘ ਵੀ ਅਕਸਰ ਠਹਿਰਦੇ ਹੁੰਦੇ ਸਨ। ਇਸ ਤੋਂ ਇਲਾਵਾ ਸਰਦਾਰਨੀ ਸਦਾ ਕੌਰ ਜੋ ਕਿ ਮਹਾਰਾਜਾ ਰਣਜੀਤ ਸਿੰਘ ਸੱਸ ਅਤੇ ਮਹਾਰਾਜਾ ਸ਼ੇਰ ਸਿੰਘ ਦੀ ਨਾਨੀ ਜੀ ਲੱਗਦੇ ਸਨ ਉਨ੍ਹਾਂ ਦਾ ਸਬੰਧ ਵੀ ਇਸ ਪੈਲੇਸ ਨਾਲ ਜੁੜਿਆ ਹੋਇਆ ਹੈ। ਸਿੱਖ ਰਾਜ ਸਮੇਂ ਮਹਾਰਾਜੇ ਆਪਣੀ ਰਿਹਾਇਸ਼ ਵਿੱਚ ਸ੍ਰੀ ਗੁਰੁ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦੇ ਸਨ ਅਤੇ ਇਸੇ ਤਰਾਂ ਮਹਾਰਾਜਾ ਸ਼ੇਰ ਸਿੰਘ ਪੈਲੇਸ ਵਿੱਚ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਸੀ। ਇਸ ਕਾਰਨ ਸਿੱਖ ਸੰਗਤਾਂ ਦੀ ਧਾਰਮਿਕ ਆਸਥਾ ਵੀ ਇਸ ਇਮਾਰਤ ਨਾਲ ਜੁੜੀ ਹੋਈ ਹੈ। ਪਰ ਅੰਗਰੇਜ਼ ਹਕੂਮਤ ਨੇ ਨਾ ਸਿਰਫ ਇਸ ਪੈਲੇਸ ’ਤੇ ਆਪਣਾ ਕਬਜ਼ਾ ਕੀਤਾ ਬਲਕਿ ਗੁਰਦੁਆਰੇ ਨੂੰ ਵੀ ਖਤਮ ਕਰ ਦਿੱਤਾ।

ਇਸ ਇਤਿਹਾਸਕ ਪੈਲੇਸ ਦੇ ਸਾਹਮਣੇ ਸ਼ਮਸ਼ੇਰ ਖਾਨ ਦੇ ਤਲਾਬ ਵਿੱਚ ਮਹਾਰਾਜਾ ਸ਼ੇਰ ਸਿੰਘ ਵੱਲੋਂ ਬਣਾਈ ਬਾਰਾਂਦਰੀ ਵੀ ਸਥਿਤ ਹੈ। ਇਸ ਇਮਾਰਤ ਤੇ ਤਲਾਬ ਨੂੰ ਕੇਂਦਰ ਸਰਕਾਰ ਦੇ ਭਾਰਤੀ ਪੁਰਾਤੱਤਵ ਵਿਭਾਗ ਵੱਲੋਂ ਸੁਰੱਖਿਅਤ ਸਮਾਰਕ ਘੋਸ਼ਿਤ ਕੀਤਾ ਗਿਆ ਹੈ। ਇਹ ਤਲਾਬ ਪਿਛਲੇ ਤਿੰਨ ਦਹਾਕਿਆਂ ਤੋਂ ਸੁੱਕਾ ਪਿਆ ਹੈ। ਬੇਨਤੀ ਹੈ ਕਿ ਸਰਕਾਰ ਇਸ ਤਲਾਬ ਵਿੱਚ ਪਾਣੀ ਭਰ ਦੇਵੇ ਤਾਂ ਇਸ ਇਤਿਹਾਸਕ ਸਮਾਰਕ ਦੀ ਖੂਬਸੂਰਤੀ ਅਤੇ ਦਿੱਖ ਪਹਿਲਾਂ ਵਾਂਗ ਹੋ ਜਾਵੇਗੀ। ਇਸ ਤਲਾਬ ਵਿੱਚ ਪਾਣੀ ਭਰਨ ਲਈ ਨਜ਼ਦੀਕੀ ਪਿੰਡ ਸ਼ਾਹਬਾਦ ਜਾਂ ਉਮਰਪੁਰਾ ਤੋਂ ਨਹਿਰੀ ਪਾਣੀ ਦੀ ਪਾਈਪ ਲਾਈਨ ਵੀ ਪਾਈ ਜਾ ਸਕਦੀ ਹੈ।

ਸ੍ਰੀਮਾਨ ਜੀ ਮਹਾਰਾਜਾ ਸ਼ੇਰ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਸਪੁੱਤਰ ਅਤੇ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਉਹ ਵੀ ਪੰਜਾਬ ਦੇ ਮਹਾਰਾਜੇ ਰਹੇ ਸਨ। ਮਹਾਰਾਜਾ ਸ਼ੇਰ ਸਿੰਘ ਵੱਲੋਂ ਹੀ ਆਪਣੇ ਰਾਜ ਦੌਰਾਨ ਭਾਰਤ ਦੀਆਂ ਹੱਦਾਂ ਤਿੱਬਤ ਤੱਕ ਵਧਾਈਆਂ ਗਈਆਂ ਅਤੇ ਚੀਨ ਨਾਲ ‘ਚਿਸ਼ੂਲ ਦੀ ਸੰਧੀ’ ਵੀ ਮਹਾਰਾਜਾ ਸ਼ੇਰ ਸਿੰਘ ਵੱਲੋਂ ਕੀਤੀ ਗਈ ਸੀ।

ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਬਟਾਲਾ ਸ਼ਹਿਰ ਵਿੱਚ ਮਹਾਰਾਜਾ ਸ਼ੇਰ ਸਿੰਘ ਦੇ ਇਤਿਹਾਸਕ ਪੈਲੇਸ ਅਤੇ ਤਲਾਬ ਵਿੱਚਲੀ ਬਾਰਾਂਦਰੀ ਦੀ ਸੰਭਾਲ ਕਰਕੇ ਇਥੇ ਮਿਊਜ਼ੀਅਮ ਬਣਾਇਆ ਜਾਵੇ ਤਾਂ ਜੋ ਨੌਜਵਾਨ ਪੀੜ੍ਹੀ ਆਪਣੇ ਇਤਿਹਾਸ ਤੋਂ ਜਾਣੂ ਹੋ ਸਕੇ। ਇਸ ਮੌਕੇ ਤੇ ਚੇਅਰਮੈਨ ਕੌਮੀ ਘੱਟ ਗਿਣਤੀ ਕਮਿਸ਼ਨ ਇਕਬਾਲ ਸਿੰਘ ਵਲੋ ਮੰਗ ਪਤਰ ਪ੍ਰਾਪਤ ਕਰਦੇ ਹੋਏ ਸਾਰੇ ਪਖਾਂ ਦਾ ਗੌਰ ਕਰ ਵਿਚਾਰ ਕਰਦੇ ਹੋਏ ਹਾਂ ਪਖੀ ਹੁੰਘਾਰਾ ਦਿੱਤਾ ਗਿਆ ਅਤੇ ਜਲਦ ਸਾਰਥਕ ਕਦਮ ਚੁੱਕਣ ਦੀ ਗਲ ਕਹੀ ।

Written By
The Punjab Wire