Close

Recent Posts

ਗੁਰਦਾਸਪੁਰ ਦੇਸ਼ ਪੰਜਾਬ ਮੁੱਖ ਖ਼ਬਰ ਰਾਜਨੀਤੀ

ਲੋਕਾਂ ਨੂੰ ਦਿੱਤੀ ਜ਼ੀਰੋ ਬਿਜਲੀ ਬਿਲ ਦੀ ਗਾਰੰਟੀ ਨੂੰ ਪੂਰਾ ਕਰ ਰਹੀ ਹੈ ਮਾਨ ਸਰਕਾਰ

ਲੋਕਾਂ ਨੂੰ ਦਿੱਤੀ ਜ਼ੀਰੋ ਬਿਜਲੀ ਬਿਲ ਦੀ ਗਾਰੰਟੀ ਨੂੰ ਪੂਰਾ ਕਰ ਰਹੀ ਹੈ ਮਾਨ ਸਰਕਾਰ
  • PublishedNovember 26, 2022

ਇਸ ਵਾਰ ਪੰਜਾਬ ਦੇ 86 ਫੀਸਦੀ ਪਰਿਵਾਰਾਂ ਦਾ ਬਿਜਲੀ ਬਿੱਲ ਜ਼ੀਰੋ ਆਇਆ

ਅਗਲੀ ਵਾਰ ਪੰਜਾਬ ਦੇ ਲਗਭਗ 95 ਫੀਸਦੀ ਤੋਂ ਵੱਧ ਪਰਿਵਾਰਾਂ ਦਾ ਬਿਜਲੀ ਬਿੱਲ ਜ਼ੀਰੋ ਆਵੇਗਾ : ਮੁੱਖ ਮੰਤਰੀ

ਸਾਲ 2015 ਤੋਂ ਬੰਦ ਪਈ ਝਾਰਖੰਡ ਦੀ ਪਛਵਾੜਾ ਖਾਣ ਤੋਂ ਕੋਲੇ ਦੀ ਸਪਲਾਈ ਦਸੰਬਰ ਤੋਂ ਹੋਵੇਗੀ ਸ਼ੁਰੂ

ਚੰਡੀਗੜ੍ਹ, 26 ਨਵੰਬਰ (ਦੀ ਪੰਜਾਬ ਵਾਇਰ)। ਪੰਜਾਬ ਵਾਸੀਆਂ ਲਈ ਮੁਫਤ ਘਰੇਲੂ ਬਿਜਲੀ ਦੀ ਸਹੂਲਤ ਨੂੰ ਸੌਗਾਤ ਦੱਸਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਆਉਂਦੇ ਮਹੀਨਿਆਂ ਵਿਚ ਸੂਬੇ ਦੇ 95 ਫੀਸਦੀ ਤੋਂ ਵੱਧ ਪਰਿਵਾਰਾਂ ਦਾ ਬਿਜਲੀ ਬਿੱਲ ਜ਼ੀਰੋ ਆਵੇਗਾ, ਜਿਸ ਨਾਲ ਉਨ੍ਹਾਂ ਨੂੰ ਵੱਡੀ ਰਾਹਤ ਮਿਲੇਗੀ।

ਇੱਥੇ ਅੱਜ ਪੰਜਾਬ ਰਾਜ ਬਿਜਲੀ ਨਿਗਮ ਦੇ 603 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡਣ ਮੌਕੇ ਆਪਣੇ ਸੰਬੋਧਨ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਨੂੰ ਹਰੇਕ ਬਿੱਲ ’ਤੇ 600 ਯੂਨਿਟ ਮੁਫਤ ਬਿਜਲੀ ਮੁਹੱਈਆ ਕਰਵਾਈ ਜਾ ਰਹੀ ਹੈ, ਜਿਸ ਨਾਲ ਪਹਿਲੀ ਵਾਰ ਪੰਜਾਬ ਦੇ 86 ਫੀਸਦੀ ਪਰਿਵਾਰਾਂ ਦਾ ਬਿਜਲੀ ਬਿੱਲ ਜ਼ੀਰੋ ਆਇਆ ਹੈ ਅਤੇ ਆਉਂਦੇ ਮਹੀਨਿਆਂ ਵਿਚ 95 ਫੀਸਦੀ ਤੋਂ ਵੱਧ ਪਰਿਵਾਰ ਮੁਫ਼ਤ ਬਿਜਲੀ ਦਾ ਲਾਭ ਉਠਾਉਣਗੇ। ਇਹ ਕਦਮ ਘਰੇਲੂ ਖਪਤਕਾਰਾਂ ਲਈ ਵੱਡੀ ਰਾਹਤ ਹੈ, ਜਿਨ੍ਹਾਂ ਨੂੰ ਹੁਣ ਤੱਕ ਹਰ ਮਹੀਨੇ ਬਿਜਲੀ ਬਿੱਲਾਂ ਦੇ ਰੂਪ ਵਿੱਚ ਕਾਫੀ ਪੈਸਾ ਖ਼ਰਚਣਾ ਪੈਂਦਾ ਸੀ।

ਮੁੱਖ ਮੰਤਰੀ ਨੇ ਕਿਹਾ, “ਅਸੀਂ ਜੋ ਵਾਅਦਾ ਕਰਦੇ ਹਾਂ, ਉਸ ਨੂੰ ਪੂਰਾ ਵੀ ਕਰਦੇ ਹਾਂ। ਨੇਕ ਨੀਅਤ ਨਾਲ ਕੀਤੇ ਕੰਮਾਂ ਦੇ ਨਤੀਜੇ ਹਮੇਸ਼ਾ ਚੰਗੇ ਹੁੰਦੇ ਹਨ। ਪੰਜਾਬੀਆਂ ਨੇ ਕਦੇ ਸੁਪਨੇ ਵਿਚ ਵੀ ਨਹੀਂ ਸੀ ਸੋਚਿਆ ਕਿ ਉਨ੍ਹਾਂ ਦੇ ਘਰਾਂ ਦਾ ਬਿਜਲੀ ਬਿੱਲ ਇਕ ਦਿਨ ਜ਼ੀਰੋ ਆਵੇਗਾ ਪਰ ਹੁਣ ਇਹ ਸੱਚ ਸਾਬਤ ਹੋਇਆ। ਹੁਣ ਤਾਂ ਬਹੁਤ ਸਾਰੇ ਪਰਿਵਾਰ ਬਿਜਲੀ ਦੀ ਬੱਚਤ ਵੀ ਕਰਨ ਲੱਗ ਪਏ ਹਨ ਤਾਂ ਕਿ ਉਹ 600 ਯੂਨਿਟ ਮੁਫ਼ਤ ਬਿਜਲੀ ਦਾ ਲਾਭ ਲੈ ਸਕਣ। ਇਸ ਨਾਲ ਬਿਜਲੀ ਦੀ ਖਪਤ ਵੀ ਘਟੇਗੀ।”

ਸੂਬੇ ਵਿਚ ਬਿਜਲੀ ਦਾ ਉਤਪਾਦਨ ਵਧਾਉਣ ਲਈ ਇਕ ਹੋਰ ਵੱਡਾ ਐਲਾਨ ਕਰਦੇ ਹੋਏ ਮੁੱਖ ਮੰਤਰੀ ਨੇ ਦੱਸਿਆ ਕਿ ਪੀ.ਐਸ.ਪੀ.ਸੀ.ਐਲ. ਨੂੰ ਝਾਰਖੰਡ ਵਿਚ ਅਲਾਟ ਹੋਈ ਪਛਵਾੜਾ ਕੋਲ ਖਾਣ ਕਾਰਜਸ਼ੀਲ ਹੋ ਗਈ ਹੈ ਅਤੇ ਇਸ ਖਾਣ ਤੋਂ ਦਸੰਬਰ ਦੇ ਪਹਿਲੇ ਹਫ਼ਤੇ ਕੋਲੇ ਦੀ ਸਪਲਾਈ ਪੰਜਾਬ ਨੂੰ ਹੋਵੇਗੀ, ਜਿਸ ਨਾਲ ਪੰਜਾਬ ਵਿਚ ਬਿਜਲੀ ਦੀ ਪੈਦਾਵਾਰ ਹੋਰ ਵਧੇਗੀ। ਉਨ੍ਹਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਇਹ ਖਾਣ ਸਾਲ 2015 ਤੋਂ ਬੰਦ ਪਈ ਸੀ ਅਤੇ ਸਾਡੀ ਸਰਕਾਰ ਨੇ ਇਹ ਖਾਣ ਚਾਲੂ ਕਰਵਾਉਣ ਲਈ ਸਿਰਤੋੜ ਯਤਨ ਕੀਤੇ, ਜਿਸ ਸਦਕਾ ਹੁਣ ਕੋਲੇ ਦੀ ਸਪਲਾਈ ਸ਼ੁਰੂ ਹੋਣ ਜਾ ਰਹੀ ਹੈ।

ਸੂਬੇ ਦੀਆਂ ਸਰਕਾਰੀ ਇਮਾਰਤਾਂ ਨੂੰ ਬਿਜਲੀ ਪੱਖੋਂ ਸਵੈ-ਨਿਰਭਰ ਬਣਾਉਣ ਲਈ ਮੁੱਖ ਮੰਤਰੀ ਨੇ ਕਿਹਾ ਕਿ ਸਾਰੀਆਂ ਸਰਕਾਰੀ ਇਮਾਰਤਾਂ ਵਿਚ ਸੌਰ ਊਰਜਾ ਪੈਨਲ ਸਥਾਪਤ ਕੀਤੇ ਜਾਣਗੇ, ਜਿਸ ਨਾਲ ਸਰਕਾਰ ਉਤੇ ਬਿਜਲੀ ਬਿਲ ਦਾ ਬੋਝ ਵੀ ਘਟੇਗਾ ਅਤੇ ਪੈਸੇ ਦੀ ਵੱਡੀ ਬੱਚਤ ਹੋਵੇਗੀ।

ਇਸ ਮੌਕੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ., ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ. ਵੇਨੂੰ ਪ੍ਰਸਾਦ, ਪੀ.ਐਸ.ਪੀ.ਸੀ.ਐਲ. ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਬਲਦੇਵ ਸਿੰਘ ਸਰਾਂ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Written By
The Punjab Wire