Close

Recent Posts

ਹੋਰ ਗੁਰਦਾਸਪੁਰ ਪੰਜਾਬ

ਡਿਪਟੀ ਕਮਿਸ਼ਨਰ ਨੇ ਪਿੰਡ ਭੈਣੀ ਪਸਵਾਲ ਵਿਖੇ ‘ਜਨ ਸੁਣਵਾਈ’ ਕੈਂਪ ਲਗਾ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ, ਲੋਕਾਂ ਦੀ ਸ਼ਿਕਾਇਤ ਤੇ ਇੱਕ ਪੰਚਾਇਤ ਅਤੇ ਵੈਟਨਰੀ ਡਾਕਟਰ ਖਿਲਾਫ਼ ਵਿਭਾਗੀ ਕਾਰਵਾਈ ਕਰਨ ਦੇ ਦਿੱਤੇ ਆਦੇਸ਼

ਡਿਪਟੀ ਕਮਿਸ਼ਨਰ ਨੇ ਪਿੰਡ ਭੈਣੀ ਪਸਵਾਲ ਵਿਖੇ ‘ਜਨ ਸੁਣਵਾਈ’ ਕੈਂਪ ਲਗਾ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ, ਲੋਕਾਂ ਦੀ ਸ਼ਿਕਾਇਤ ਤੇ ਇੱਕ ਪੰਚਾਇਤ ਅਤੇ ਵੈਟਨਰੀ ਡਾਕਟਰ ਖਿਲਾਫ਼ ਵਿਭਾਗੀ ਕਾਰਵਾਈ ਕਰਨ ਦੇ ਦਿੱਤੇ ਆਦੇਸ਼
  • PublishedNovember 25, 2022

ਮੌਕੇ ’ਤੇ ਹਾਜ਼ਰ ਅਧਿਕਾਰੀਆਂ ਨੂੰ ਲੋਕਾਂ ਦੀਆਂ ਮੁਸ਼ਕਲਾਂ ਪਹਿਲ ਦੇ ਅਧਾਰ ’ਤੇ ਹੱਲ ਕਰਨ ਦੇ ਨਿਰਦੇਸ਼ ਦਿੱਤੇ

ਇੱਕ ਬਜ਼ੁਰਗ ਦੀਆਂ ਅੱਖਾਂ ਦਾ ਓਪਰੇਸ਼ਨ ਰੈੱਡ ਕਰਾਸ ਸੁਸਾਇਟੀ ਵੱਲੋਂ ਕਰਾ ਕੇ ਦੇਣ ਦਾ ਭਰੋਸਾ ਦਿੱਤਾ

ਗੁਰਦਾਸਪੁਰ, 25 ਨਵੰਬਰ ( ਮੰਨਣ ਸੈਣੀ) । ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਵਿੱਚ ‘ਜਨ ਸੁਣਵਾਈ’ ਕੈਂਪ ਲਗਾਉਣ ਦੀ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸੇ ਲੜੀ ਤਹਿਤ ਅੱਜ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਵੱਲੋਂ ਕਾਹਨੂੰਵਾਨ ਬਲਾਕ ਦੇ ਪਿੰਡ ਭੈਣੀ ਪਸਵਾਲ ਵਿਖੇ ਵਿਸ਼ੇਸ਼ ਕੈਂਪ ਲਗਾ ਕੇ ਪਿੰਡ ਭੈਣੀ ਪਸਵਾਲ, ਮੁਲਾਂਵਾਲ, ਮੌਚਪੁਰ, ਆਲਮਾ, ਅਵਾਨ, ਨੂਨ, ਫੱਤੂ ਬਰਕਤ, ਛਿਛਰਾ, ਰਾਜੂਬੇਲਾ, ਕਿਸ਼ਨਪੁਰਾ ਅਤੇ ਦਾਓਵਾਲ ਦੇ ਵਸਨੀਕਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਅਤੇ ਅਧਿਕਾਰੀਆਂ ਨੂੰ ਉਨ੍ਹਾਂ ਮੁਸ਼ਕਲਾਂ ਦਾ  ਨਿਪਟਾਰਾ ਕਰਨ ਦੇ ਨਿਰਦੇਸ਼ ਦਿੱਤੇ।

ਮੀਟਿੰਗ ਦੌਰਾਨ ਲੋਕਾਂ ਨੇ ਆਪਣੇ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਮੰਗਾਂ ਡਿਪਟੀ ਕਮਿਸ਼ਨਰ ਨੇ ਸਨਮੁੱਖ ਰੱਖੀਆਂ। ਇਸ ਤੋਂ ਇਲਾਵਾ ਬਿਜਲੀ ਸਪਲਾਈ, ਜਲ ਸਪਲਾਈ, ਜ਼ਮੀਨਾਂ ਦੀ ਤਕਸੀਮ ਦੇ ਮਾਮਲੇ, ਹੈਲਥ ਕਾਰਡ ਅਤੇ ਗੰਦੇ ਪਾਣੀ ਦੀ ਨਿਕਾਸੀ ਦੇ ਮਾਮਲੇ ਵੀ ਧਿਆਨ ਵਿੱਚ ਲਿਆਂਦੇ ਗਏ। ਇਨ੍ਹਾਂ ਸਾਰੇ ਮਾਮਲਿਆਂ ਨੂੰ ਸੁਣਨ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਮੌਕੇ ਹਾਜ਼ਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਪਹਿਲ ਦੇ ਅਧਾਰ ’ਤੇ ਇਨ੍ਹਾਂ ਮਸਲਿਆਂ ਨੂੰ ਹੱਲ ਕਰਕੇ ਉਨ੍ਹਾਂ ਨੂੰ ਰੀਪੋਰਟ ਪੇਸ਼ ਕਰਨ। ਇਸੇ ਦੌਰਾਨ ਪਿੰਡ ਭੈਣੀ ਪਸਵਾਲ ਦੇ ਬਜ਼ੁਰਗ ਮੁਖਤਾਰ ਮਸੀਹ ਨੇ ਡਿਪਟੀ ਕਮਿਸ਼ਨਰ ਅੱਗੇ ਪੇਸ਼ ਹੋ ਕੇ ਆਪਣੀਆਂ ਅੱਖਾਂ ਦੇ ਓਪਰੇਸ਼ਨ ਵਿੱਚ ਮਾਲੀ ਇਮਦਾਦ ਕਰਨ ਦੀ ਬੇਨਤੀ ਕੀਤੀ, ਇਸਤੇ ਡਿਪਟੀ ਕਮਿਸ਼ਨਰ ਨੇ ਤੁਰੰਤ ਸਕੱਤਰ ਰੈਡ ਕਰਾਸ ਸੁਸਾਇਟੀ ਗੁਰਦਾਸਪੁਰ ਨੂੰ ਹਦਾਇਤ ਕੀਤੀ ਕਿ ਇਸ ਬਜ਼ੁਰਗ ਦੀਆਂ ਅੱਖਾਂ ਦਾ ਓਪਰੇਸ਼ਨ ਰੈੱਡ ਕਰਾਸ ਸੁਸਾਇਟੀ ਵੱਲੋਂ ਕਰਵਾ ਕੇ ਦਿੱਤਾ ਜਾਵੇ।

ਮੀਟਿੰਗ ਦੌਰਾਨ ਪਿੰਡ ਆਲਮਾ ਦੇ ਸਰਪੰਚ ਆਪਣੇ ਪਿੰਡ ਦੇ ਪੰਚਾਇਤ ਸਕੱਤਰ ਦੀ ਸ਼ਿਕਾਇਤ ਕੀਤੀ ਕਿ ਉਹ ਨਿਯਮਾਂ ਅਨੁਸਾਰ ਕੰਮ ਨਹੀਂ ਕਰ ਰਿਹਾ ਅਤੇ ਨਾ ਹੀ ਉਹ ਪੰਚਾਇਤ ਨੂੰ ਸਹਿਯੋਗ ਕਰਦਾ ਹੈ। ਇਸਦਾ ਸਖਤ ਨੋਟਿਸ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਕਾਹਨੂੰਵਾਨ ਦੇ ਬੀ.ਡੀ.ਪੀ.ਓ. ਨੂੰ ਹਦਾਇਤ ਕੀਤੀ ਕਿ ਤੁਰੰਤ ਇਸ ਪੰਚਾਇਤ ਸਕੱਤਰ ਨੂੰ ਇਸ ਪਿੰਡ ਤੋਂ ਬਦਲ ਦਿੱਤਾ ਜਾਵੇ ਅਤੇ ਨਾਲ ਹੀ ਮਾਮਲੇ ਦੀ ਜਾਂਚ ਕਰਕੇ ਸਖਤ ਵਿਭਾਗੀ ਕਾਰਵਾਈ ਕੀਤੀ ਜਾਵੇ। ਪਿੰਡ ਨੂਨ ਦੇ ਵਸਨੀਕਾਂ ਆਪਣੇ ਪਿੰਡ ਵਿੱਚ ਪਸ਼ੂ ਪਾਲਣ ਵਿਭਾਗ ਦੇ ਡਾਕਟਰ ਦੀ ਗੈਰ-ਹਾਜ਼ਰੀ ਦਾ ਮੁੱਦਾ ਧਿਆਨ ਵਿੱਚ ਲਿਆਂਦਾ ਤਾਂ ਡਿਪਟੀ ਕਮਿਸ਼ਨਰ ਨੇ ਇਸ ਵੈਟਨਰੀ ਡਾਕਟਰ ਦੀ ਜੁਆਬ ਤਲਬੀ ਕਰਨ ਦੇ ਨਾਲ ਵਿਭਾਗੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ।  

ਇਸ ਮੌਕੇ ਪਿੰਡ ਵਾਸੀਆਂ ਨਾਲ ਗੱਲ ਕਰਦਿਆਂ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਦੀ ਸੇਵਾ ਵਿੱਚ ਹਰ ਸਮੇਂ ਹਾਜ਼ਰ ਹੈ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਅਧਿਕਾਰੀਆਂ ਵੱਲੋਂ ਹਰ 15 ਦਿਨਾਂ ਬਾਅਦ ਪਿੰਡਾਂ ਅਤੇ ਸ਼ਹਿਰਾਂ ਦੇ ਮੁਹੱਲਿਆਂ ਵਿੱਚ ਜਾ ਕੇ ਵਿਸ਼ੇਸ਼ ਕੈਂਪ ਲਗਾ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਜਾਣਗੀਆਂ। ਇਸਦੇ ਨਾਲ ਹੀ ਮੌਕੇ ’ਤੇ ਜਾ ਕੇ ਵਿਕਾਸ ਕਾਰਜਾਂ ਦਾ ਨਿਰੀਖਣ ਵੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰੋਜ਼ਾਨਾਂ (ਕੰਮ-ਕਾਜ ਵਾਲੇ ਦਿਨਾਂ) ਸਵੇਰੇ 11 ਵਜੇ ਤੋਂ 12 ਵਜੇ ਤੱਕ ਇੱਕ ਘੰਟਾ ਵੈਬੇਕਸ ਐਪ ਰਾਹੀਂ ਆਨ ਲਾਈਨ ਮੁਸ਼ਕਲਾਂ ਵੀ ਸੁਣੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 62393-01830 ਵਟਸਐਪ ਹੈਲਪ ਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਜਿਸ ਉੱਪਰ ਜ਼ਿਲ੍ਹਾ ਵਾਸੀ ਆਪਣੀ ਸ਼ਿਕਾਇਤ ਭੇਜ ਸਕਦੇ ਹਨ।

Written By
The Punjab Wire