ਗੁਰਦਾਸਪੁਰ, 25 ਨਵੰਬਰ (ਮੰਨਣ ਸੈਣੀ)। ਗੁਰਦਾਸਪੁਰ ਜਿਲ੍ਹਾ ਪੁਲਿਸ ਨੂੰ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਵਿੱਚ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ 274 ਗ੍ਰਾਮ ਹੈਰੋਇਨ ਅਤੇ 5 ਹਜਾਰ ਡਰੱਗ ਮਨੀ ਸਮੇਤ 3 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਥਾਣਾ ਬਹਿਰਾਮਪੁਰ ਵਿਖੇ ਮਾਮਲਾ ਦਰਜ ਕਰ ਲਿਆ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਰੋਹਿਤ ਕੁਮਾਰ ਪੁੱਤਰ ਹਰਭਜਨ ਲਾਲ ਵਾਸੀ ਸ਼ਾਮਪੁਰ, ਰਾਜਨ ਕੁਮਾਰ ਉਰਫ ਰਾਜਾ ਪੁੱਤਰ ਹਰਦੀਪ ਕੁਮਾਰ ਵਾਸੀ ਖਤੀਬ ਅਤੇ ਦੀਪਕ ਕੁਮਾਰ ਪੁੱਤਰ ਪੁਰਸ਼ੋਤਮ ਲਾਲ ਵਾਸੀ ਖਤੀਬ ਵਜੋਂ ਹੋਈ ਹੈ।
ਸੀਆਈਏ ਸਟਾਫ਼ ਦੇ ਇੰਚਾਰਜ ਕਪਿਲ ਕੌਸ਼ਲ ਅਤੇ ਥਾਣਾ ਬਹਿਰਾਮਪੁਰ ਦੀ ਇੰਚਾਰਜ ਦੀਪਿਕਾ ਨੇ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਨਸ਼ੇ ਵੇਚਣ ਦਾ ਧੰਦਾ ਕਰਦੇ ਹਨ ਅਤੇ ਨਸ਼ੇ ਦੀ ਖੇਪ ਲੈ ਕੇ ਬਹਿਰਾਮਪੁਰ ਵੱਲ ਆ ਰਹੇ ਹਨ। ਇਸ ’ਤੇ ਸੀਆਈਏ ਸਟਾਫ਼ ਅਤੇ ਥਾਣਾ ਬਹਿਰਾਮਪੁਰ ਦੀ ਪੁਲੀਸ ਨੇ ਸਾਂਝੇ ਤੌਰ ’ਤੇ ਪਿੰਡ ਕੈਰੇ ਕੋਲ ਨਾਕਾਬੰਦੀ ਕਰ ਦਿੱਤੀ। ਇਸ ਦੌਰਾਨ ਇਕ ਆਈ-20 ਕਾਰ ਆਉਂਦੀ ਦਿਖਾਈ ਦਿੱਤੀ। ਜਦੋਂ ਪੁਲੀਸ ਪਾਰਟੀ ਨੇ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਡਰਾਈਵਰ ਫ਼ਰਾਰ ਹੋ ਗਿਆ। ਪੁਲੀਸ ਨੇ ਮੁਲਜ਼ਮਾਂ ਦਾ ਪਿੱਛਾ ਕਰਕੇ ਉਨ੍ਹਾਂ ਨੂੰ ਕਾਬੂ ਕਰ ਲਿਆ। ਕਾਰ ਦੀ ਤਲਾਸ਼ੀ ਦੌਰਾਨ 274 ਗ੍ਰਾਮ ਹੈਰੋਇਨ ਤੋਂ ਇਲਾਵਾ ਪੰਜ ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ। ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ।