ਗੁਰਦਾਸਪੁਰ, 23 ਨਵੰਬਰ (ਮੰਨਣ ਸੈੈਣੀ)। ਜ਼ਿਲ੍ਹਾ ਪੁਲੀਸ ਨੇ ਹਥਿਆਰਾਂ ਸਮੇਤ ਸੋਸ਼ਲ ਮੀਡੀਆ ’ਤੇ ਫੋਟੋਆਂ ਪਾ ਕੇ ਗੰਨ ਕਲਚਰ ਨੂੰ ਉਤਸ਼ਾਹਿਤ ਕਰਨ ਵਾਲਿਆਂ ਖ਼ਿਲਾਫ਼ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਇਸ ਤਹਿਤ ਅਜਿਹੇ ਪੰਜ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਫਿਲਹਾਲ ਕਿਸੇ ਵੀ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਥਾਣਾ ਸਿਟੀ ਦੇ ਏ.ਐਸ.ਆਈ ਬਨਾਰਸੀ ਦਾਸ ਪੁਲਿਸ ਪਾਰਟੀ ਸਮੇਤ ਜਹਾਜ ਚੌਂਕ ਵਿਖੇ ਮੌਜੂਦ ਸਨ। ਇਸ ਦੌਰਾਨ ਹੱਥ ‘ਚ ਹਥਿਆਰ ਫੜੇ ਨੌਜਵਾਨ ਦੀ ਫੋਟੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ। ਮੁਲਜ਼ਮ ਦੀ ਪਛਾਣ ਅਮਨਦੀਪ ਸਿੰਘ ਪੁੱਤਰ ਹੰਸ ਰਾਜ ਵਾਸੀ ਅੰਬੇਡਕਰ ਨਗਰ ਵਜੋਂ ਹੋਈ ਹੈ। ਇਸੇ ਤਰ੍ਹਾਂ ਏ.ਐਸ.ਆਈ ਅਮਰੀਕ ਸਿੰਘ ਵੱਲੋਂ ਗਸ਼ਤ ਦੌਰਾਨ ਕਾਹਨੂੰਵਾਨ ਚੌਂਕ ਮੌਜੂਦ ਸੀ। ਇਸ ਦੌਰਾਨ ਹਥਿਆਰਾਂ ਸਮੇਤ ਨੌਜਵਾਨ ਦੀਆਂ ਤਸਵੀਰਾਂ ਵਾਇਰਲ ਹੋ ਗਈਆਂ, ਜਿਸ ਨਾਲ ਲੋਕਾਂ ਦੇ ਮਨਾਂ ‘ਚ ਡਰ ਦਾ ਮਾਹੌਲ ਬਣ ਗਿਆ। ਮੁਲਜ਼ਮ ਦੀ ਪਛਾਣ ਬੰਸਾ ਪੁੱਤਰ ਸੁੱਖਾ ਮਸੀਹ ਵਾਸੀ ਧਾਰੀਵਾਲ ਖਿਚੀਆਂ ਵਜੋਂ ਹੋਈ ਹੈ। ਦੂਜੇ ਪਾਸੇ ਥਾਣਾ ਤਿੱਬੜ ਦੇ ਏਐਸਆਈ ਭੁਪਿੰਦਰ ਸਿੰਘ ਗਸ਼ਤ ਦੌਰਾਨ ਨਹਿਰ ਬੱਬੇਹਾਲੀ ਪੁਲ ’ਤੇ ਮੌਜੂਦ ਸਨ। ਇਸ ਦੌਰਾਨ ਇਕ ਨੌਜਵਾਨ ਦੀ ਹਥਿਆਰਾਂ ਨਾਲ ਲੈਸ ਫੋਟੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਮੁਲਜ਼ਮ ਦੀ ਪਛਾਣ ਦਾਨੀ ਮਸੀਹ ਪੁੱਤਰ ਕਸ਼ਮੀਰ ਮਸੀਹ ਵਾਸੀ ਤਿੱਬੜ ਵਜੋਂ ਹੋਈ ਹੈ।
ਦੂਜੇ ਪਾਸੇ ਥਾਣਾ ਦੀਨਾਨਗਰ ਦੇ ਏ.ਐਸ.ਆਈ ਬਲਦੇਵ ਸਿੰਘ ਗਸ਼ਤ ਦੌਰਾਨ ਹਲਕਾ ਵਾਲਾ ਚੌਂਕ ਵਿਖੇ ਮੌਜੂਦ ਸਨ। ਇਸ ਦੌਰਾਨ ਕਥਿਤ ਦੋਸ਼ੀ ਰਾਜਬੀਰ ਉਰਫ਼ ਬਿੱਲਾ ਪੁੱਤਰ ਤਿਲਕਰਾਜ ਵਾਸੀ ਝੰਡੇਚੱਕ ਦੀ ਰਿਵਾਲਵਰ ਸਮੇਤ ਫੋਟੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ, ਜਿਸ ਕਾਰਨ ਲੋਕਾਂ ਦੇ ਮਨਾਂ ‘ਚ ਡਰ ਦਾ ਮਾਹੌਲ ਬਣ ਗਿਆ | ਇਸੇ ਤਰ੍ਹਾਂ ਏ.ਐਸ.ਆਈ ਰੁਪਿੰਦਰ ਸਿੰਘ ਹਲਕੇ ਵਾਲਾ ਚੌਕ ਵਿਖੇ ਗਸ਼ਤ ਦੌਰਾਨ ਮੌਜੂਦ ਸਨ। ਇਸ ਦੌਰਾਨ ਪਤਾ ਲੱਗਾ ਕਿ ਹੱਥ ‘ਚ ਬੰਦੂਕ ਫੜੀ ਇਕ ਨੌਜਵਾਨ ਦੀ ਫੋਟੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਮੁਲਜ਼ਮ ਦੀ ਪਛਾਣ ਬਚਿੱਤਰ ਸਿੰਘ ਉਰਫ਼ ਬਿੱਕਾ ਪੁੱਤਰ ਜੋਗਿੰਦਰ ਸਿੰਘ ਵਾਸੀ ਅਜੀਤ ਨਗਰ ਕਲੋਨੀ ਵਜੋਂ ਹੋਈ ਹੈ। ਅਜਿਹਾ ਕਰਕੇ ਦੋਸ਼ੀਆਂ ਨੇ ਡੀਸੀ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ।