ਕ੍ਰਾਇਮ ਪੰਜਾਬ ਮੁੱਖ ਖ਼ਬਰ

ਵਿਜੀਲੈਂਸ ਵਲੋਂ ਮੋਟਰ ਵਹੀਕਲ ਇੰਸਪੈਕਟਰ ਦਾ ਭਗੌੜਾ ਕਰਿੰਦਾ ਗ੍ਰਿਫਤਾਰ

ਵਿਜੀਲੈਂਸ ਵਲੋਂ ਮੋਟਰ ਵਹੀਕਲ ਇੰਸਪੈਕਟਰ ਦਾ ਭਗੌੜਾ ਕਰਿੰਦਾ ਗ੍ਰਿਫਤਾਰ
  • PublishedNovember 23, 2022

(ਮੋਟਰ ਵਹੀਕਲ ਇੰਸਪੈਕਟਰ ਦੀ ਮਿਲੀਭੁਗਤ ਨਾਲ ਬਿਨ੍ਹਾਂ ਜਾਂਚ ਕਰਵਾਏ ਜਾਰੀ ਕਰਦੇ ਸੀ ਗੱਡੀਆਂ ਦੇ ਫਿਟਨੈਸ ਸਰਟੀਫਿਕੇਟ)

ਚੰਡੀਗੜ੍ਹ 23 ਨਵੰਬਰ (ਦੀ ਪੰਜਾਬ ਵਾਇਰ)। ਵਿਜੀਲੈ਼ਸ ਬਿਓਰੋ ਪੰਜਾਬ ਵਲੋਂ ਪਿਛਲੇ ਦਿਨੀਂ ਮੋਟਰ ਵਹੀਕਲ ਇੰਸਪੈਕਟਰ, (ਐਮ.ਵੀ.ਆਈ.) ਜਲੰਧਰ ਦਫਤਰ ਵਿੱਚ ਕੀਤੀ ਗਈ ਅਚਨਚੇਤ ਚੈਕਿੰਗ ਦੌਰਾਨ ਉਥੋਂ ਦੇ ਐਮ.ਵੀ.ਆਈ. ਨਰੇਸ਼ ਕਲੇਰ ਵੱਲੋਂ ਪ੍ਰਾਈਵੇਟ ਏਜੰਟਾਂ ਨਾਲ ਮਿਲੀਭੁਗਤ ਕਰਕੇ ਵੱਡੀ ਪੱਧਰ ਤੇ ਕੀਤੇ ਜਾ ਰਹੇ ਸੰਗਠਿਤ ਭ੍ਰਿਸ਼ਟਚਾਰ ਦਾ ਪਰਦਾਫਾਸ਼ ਕਰਦੇ ਹੋਏ ਮੁਕੱਦਮਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ 7 ਨਾਮਜਦ ਦੋਸ਼ੀ ਫਰਾਰ ਚੱਲ ਰਹੇ ਸਨ ਜਿੰਨਾ ਵਿਚੋਂ ਅੱਜ ਦੋਸ਼ੀ ਸੁਰਜੀਤ ਸਿੰਘ, ਪ੍ਰਾਈਵੇਟ ਏਜੰਟ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਏਜੰਟ ਉਕਤ ਐਮ.ਵੀ.ਆਈ., ਜਲੰਧਰ ਨਾਲ ਮਿਲੀ ਭੁਗਤ ਕਰਕੇ ਕਮਰਸ਼ੀਅਲ ਅਤੇ ਪ੍ਰਾਈਵੇਟ ਗੱਡੀਆਂ ਨੂੰ ਬਿਨ੍ਹਾਂ ਇੰਸਪੈਕਸ਼ਨ ਕਰਵਾਏ ਮੋਟੀਆਂ ਰਕਮਾਂ ਲੈ ਕੇ ਅਤੇ ਰਿਸ਼ਵਤ ਦਾ ਵੱਡਾ ਹਿੱਸਾ ਨਰੇਸ਼ ਕਲੇਰ ਐਮ.ਵੀ.ਆਈ. ਨੂੰ ਦੇ ਕੇ ਗੱਡੀਆਂ ਦਾ ਫਿਟਨੈਸ ਸਰਟੀਫਿਕੇਟ ਹਸਲ ਕਰਕੇ ਸਰਕਾਰ ਨੂੰ ਚੂਨਾ ਲਾ ਰਹੇ ਸੀ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈ਼ਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਨਰੇਸ਼ ਕਲੇਰ ਐਮ.ਵੀ.ਆਈ. ਵੱਲੋਂ ਅਲੱਗ ਅਲੱਗ ਕਿਸਮ ਦੀਆਂ ਗੱਡੀਆਂ ਦੀ ਪਾਸਿੰਗ ਬਿਨ੍ਹਾਂ ਇੰਸਪੈਕਸ਼ਨ ਕੀਤੇ ਹੀ ਰਿਸ਼ਵਤ ਲੈ ਕੇ ਫਿਟਨੈਸ ਸਰਟੀਫਿਕੇਟ ਜਾਰੀ ਕਰ ਦਿੱਤਾ ਜਾਂਦਾ ਸੀ।

ਇਸ ਸਬੰਧ ਵਿੱਚ ਵਿਜੀਲੈਂਸ ਬਿਉਰੋ, ਜਲੰਧਰ ਵੱਲੋਂ ਪੁਖਤਾ ਸਬੂਤਾਂ ਦੇ ਅਧਾਰ ਤੇ ਮੁਕੱਦਮਾ ਨੰਬਰ 14 ਮਿਤੀ 23.08.2022 ਨੂੰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7ਏ ਅਤੇ ਆਈਪਸੀ ਦੀ ਧਾਰਾ 420, 120-ਬੀ ਤਹਿਤ ਥਾਣਾ ਵਿਜੀਲੈਂਸ ਬਿਉਰੋ, ਰੇਂਜ ਜਲੰਧਰ ਵਿਖੇ ਦਰਜ ਕਰਕੇ ਉਕਤ ਦੋਸ਼ੀ ਨਰੇਸ਼ ਕੁਮਾਰ ਕਲੇਰ, ਰਾਮਪਾਲ ਉਰਫ ਰਾਧੇ ਪ੍ਰਾਈਵੇਟ ਏਜੰਟ, ਮੋਹਨ ਲਾਲ ਉਰਫ ਕਾਲੂ ਅਤੇ ਪਰਮਜੀਤ ਸਿੰਘ ਬੇਦੀ (ਸਾਰੇ ਪ੍ਰਾਈਵੇਟ ਏਜੰਟ) ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਬਾਕੀ ਫਰਾਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਵਿਜੀਲੈਂਸ ਬਿਉਰੋ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।

Written By
The Punjab Wire