ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਿੰਡਾਂ ਵਿੱਚ ਹੋਣ ਵਾਲੀਆਂ ਮੀਟਿੰਗਾਂ ਦਾ ਪ੍ਰੋਗਰਾਮ ਜਾਰੀ
ਗੁਰਦਾਸਪੁਰ, 23 ਨਵੰਬਰ (ਮੰਨਣ ਸੈਣੀ) । ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਨੇ ਸੂਬਾ ਵਾਸੀਆਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਅਤੇ ਵੱਖ-ਵੱਖ ਵਿਭਾਗਾਂ ਦੇ ਚੱਲ ਰਹੇ ਵਿਕਾਸ ਕਾਰਜਾਂ ਦਾ ਰੀਵਿਊ ਕਰਨ ਲਈ ਹਰ 15 ਦਿਨਾਂ ਬਾਅਦ ਪਿੰਡਾਂ ਅਤੇ ਸ਼ਹਿਰਾਂ ਦੇ ਮੁਹੱਲਿਆਂ ਵਿੱਚ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਵਿਸ਼ੇਸ਼ ਮੀਟਿੰਗਾਂ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਮੁੱਖ ਮੰਤਰੀ ਪੰਜਾਬ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਥਾਈਂ ਅਧਿਕਾਰੀਆਂ ਦੀਆਂ ਮੀਟਿੰਗਾਂ ਦਾ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਦੱਸਿਆ ਕਿ 24 ਨਵੰਬਰ ਨੂੰ ਐੱਸ.ਡੀ.ਐੱਮ. ਕਲਾਨੌਰ ਵੱਲੋਂ ਪਿੰਡ ਕਮਾਲਪੁਰ ਜੱਟਾਂ ਵਿਖੇ ਅਤੇ ਐੱਸ.ਡੀ.ਐੱਮ. ਫ਼ਤਹਿਗੜ੍ਹ ਚੂੜੀਆਂ ਵੱਲੋਂ ਪਿੰਡ ਤਲਵੰਡੀ ਭਾਰਥ ਵਿਖੇ ਵਿਸ਼ੇਸ਼ ਮੀਟਿੰਗਾਂ ਕਰਕੇ ਆਸ-ਪਾਸ ਦੇ ਪਿੰਡਾਂ ਦੇ ਵਸਨੀਕਾਂ ਦੀਆਂ ਮੁਸ਼ਕਲਾਂ ਸੁਣੀਆਂ ਜਾਣਗੀਆਂ ਅਤੇ ਉਨ੍ਹਾਂ ਦਾ ਹੱਲ ਕੀਤਾ ਜਾਵੇਗਾ। ਇਸ ਮੌਕੇ ਹੋਰ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਵੀ ਮੌਜੂਦ ਹੋਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 25 ਨਵੰਬਰ ਨੂੰ ਉਹ ਖੁਦ ਪਿੰਡ ਭੈਣੀ ਪਸਵਾਲ ਅਤੇ ਮਾੜੀ ਬੁੱਚੀਆਂ ਵਿਖੇ ਮੀਟਿੰਗਾਂ ਕਰਨਗੇ। ਇਸੇ ਤਰਾਂ 29 ਨਵੰਬਰ ਨੂੰ ਏ.ਡੀ.ਸੀ. (ਜਨਰਲ) ਦੀਨਾਨਗਰ ਦੇ ਮਹਾਰਾਜਾ ਰਣਜੀਤ ਸਿੰਘ ਗੁਰਦੁਆਰਾ ਵਿਖੇ ਜਨਤਾ ਨਾਲ ਮੀਟਿੰਗ ਕੀਤੀ ਜਾਵੇਗੀ। ਇਸੇ ਦਿਨ 25 ਨਵੰਬਰ ਨੂੰ ਬਟਾਲਾ ਸ਼ਹਿਰ ਦੇ ਸ਼ਿਵ ਬਟਾਲਵੀ ਆਡੀਟੋਰੀਅਮ ਵਿਖੇ ਐੱਸ.ਡੀ.ਐੱਮ. ਬਟਾਲਾ ਲੋਕਾਂ ਨਾਲ ਮੀਟਿੰਗ ਕਰਨਗੇ। 29 ਨਵੰਬਰ ਨੂੰ ਐੱਸ.ਡੀ.ਐੱਮ. ਡੇਰਾ ਬਾਬਾ ਨਾਨਕ ਵੱਲੋਂ ਪਿੰਡ ਧਰਮਕੋਟ ਪੱਤਣ ਅਤੇ 30 ਨਵੰਬਰ ਨੂੰ ਐੱਸ.ਡੀ.ਐੱਮ. ਗੁਰਦਾਸਪੁਰ ਪਿੰਡ ਜੱਫਰਵਾਲ ਵਿਖੇ ਮੀਟਿੰਗਾਂ ਕੀਤੀਆਂ ਜਾਣਗੀਆਂ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਮੀਟਿੰਗ ਵਿੱਚ ਆਸ-ਪਾਸ ਦੇ ਪਿੰਡਾਂ ਦੇ ਲੋਕ ਵੀ ਸ਼ਾਮਲ ਹੋਣਗੇ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣ ਕੇ ਮੌਕੇ ’ਤੇ ਹਾਜ਼ਰ ਅਧਿਕਾਰੀਆਂ ਵੱਲੋਂ ਹੱਲ ਕੀਤਾ ਜਾਵੇਗਾ। ਇਸਦੇ ਨਾਲ ਹੀ ਚੱਲ ਰਹੇ ਵਿਕਾਸ ਕਾਰਜਾਂ ਦਾ ਰੀਵਿਊ ਵੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਵਾਸੀਆਂ ਵੱਲੋਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮੀਟਿੰਗਾਂ ਦਾ ਇਹ ਸਿਲਸਲਾ ਭਵਿੱਖ ਵਿੱਚ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਜਨਤਾ ਦੀ ਸੇਵਾ ਵਿੱਚ ਹਰ ਸਮੇਂ ਹਾਜ਼ਰ ਹੈ।