Close

Recent Posts

ਹੋਰ ਦੇਸ਼ ਪੰਜਾਬ ਮੁੱਖ ਖ਼ਬਰ

ਵਿਜੀਲੈਂਸ ਬਿਊਰੋ ਨੇ ਇੰਸਪੈਕਟਰ ਲੀਗਲ ਮੈਟਰੋਲੋਜੀ ਨੂੰ ਫਿਟਨੈਸ ਸਰਟੀਫਿਕੇਟ ਜਾਰੀ ਕਰਨ ਬਦਲੇ 4,380 ਰੁਪਏ ਰਿਸ਼ਵਤ ਲੈਂਦਿਆਂ ਕੀਤਾ ਕਾਬੂ

ਵਿਜੀਲੈਂਸ ਬਿਊਰੋ ਨੇ ਇੰਸਪੈਕਟਰ ਲੀਗਲ ਮੈਟਰੋਲੋਜੀ ਨੂੰ ਫਿਟਨੈਸ ਸਰਟੀਫਿਕੇਟ ਜਾਰੀ ਕਰਨ ਬਦਲੇ 4,380 ਰੁਪਏ ਰਿਸ਼ਵਤ ਲੈਂਦਿਆਂ ਕੀਤਾ ਕਾਬੂ
  • PublishedNovember 18, 2022

ਚੰਡੀਗੜ੍ਹ, 18 ਨਵੰਬਰ (ਦੀ ਪੰਜਾਬ ਵਾਇਰ) । ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸੂਬੇ ‘ਚੋਂ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖ਼ਤਮ ਕਰਨ ਦੇ ਉਦੇਸ਼ ਨਾਲ ਵਿੱਢੀ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ, ਬਰਨਾਲਾ ਵਿਖੇ ਤਾਇਨਾਤ ਇੰਸਪੈਕਟਰ ਲੀਗਲ ਮੈਟਰੋਲੋਜੀ (ਮਾਪ ਅਤੇ ਤੋਲ) ਵਰਿੰਦਰਪਾਲ ਸ਼ਰਮਾ ਨੂੰ 4,380 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਵਰਿੰਦਰਪਾਲ ਸ਼ਰਮਾ ਨੂੰ ਲੀਗਲ ਮੈਟਰੋਲੋਜੀ ਵਿਭਾਗ ਦੇ ਲਾਇਸੰਸਸ਼ੁਦਾ ਮੁਰੰਮਤਸਾਜ (ਰਿਪੇਅਰਰ) ਪੰਕਜ ਕੁਮਾਰ ਦੀ ਸ਼ਿਕਾਇਤ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚਕੇ ਦੋਸ਼ ਲਾਇਆ ਹੈ ਕਿ ਉਕਤ ਇੰਸਪੈਕਟਰ ਲੀਗਲ ਮੈਟਰੋਲੋਜੀ ਉਸ ਕੋਲੋਂ ਫਿਟਨੈਸ ਸਰਟੀਫਿਕੇਟ ਜਾਰੀ ਕਰਨ ਲਈ ਪ੍ਰਤੀ ਧਰਮ ਕੰਡਾ ਰਿਸ਼ਵਤ ਦੀ ਮੰਗ ਕਰ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਮੁਲਜ਼ਮ ਇੰਸਪੈਕਟਰ ਪਹਿਲਾਂ ਵੀ ਉਸ ਤੋਂ 4900 ਰੁਪਏ ਬਤੌਰ ਰਿਸ਼ਵਤ ਲੈ ਚੁੱਕਾ ਹੈ।

ਬੁਲਾਰੇ ਨੇ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਵੱਲੋਂ ਦਿੱਤੀ ਸੂਚਨਾ ਦੀ ਤਸਦੀਕ ਕਰਨ ਉਪਰੰਤ, ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਅਤੇ ਉਪਰੋਕਤ ਮੁਲਜ਼ਮ ਇੰਸਪੈਕਟਰ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 4,380 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ।

ਉਨ੍ਹਾਂ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਪਟਿਆਲਾ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

Written By
The Punjab Wire