Close

Recent Posts

ਕ੍ਰਾਇਮ ਪੰਜਾਬ ਮੁੱਖ ਖ਼ਬਰ

ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, 93 ਅਪਰਾਧੀ ਪੁੱਛਗਿਛ ਲਈ ਹਿਰਾਸਤ ‘ਚ ਲਏ

ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, 93 ਅਪਰਾਧੀ ਪੁੱਛਗਿਛ ਲਈ ਹਿਰਾਸਤ ‘ਚ ਲਏ
  • PublishedNovember 11, 2022

ਡੀ.ਆਈ.ਜੀ. ਗੁਰਪ੍ਰੀਤ ਭੁੱਲਰ ਨੇ ਰੂਪਨਗਰ ਰੇਂਜ ਦੇ ਜ਼ਿਲ੍ਹਿਆਂ ਵਿੱਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਦੀ ਕੀਤੀ ਅਗਵਾਈ

ਮੋਹਾਲੀ, ਫ਼ਤਹਿਗੜ੍ਹ ਸਾਹਿਬ ਤੇ ਰੂਪਨਗਰ ਦੀਆਂ ਸੱਤ ਸੁਸਾਇਟੀਆਂ ਅਤੇ ਪੰਜ ਪਿੰਡਾਂ ਵਿੱਚ ਚਲਾਈ ਮੁਹਿੰਮ

ਚੰਡੀਗੜ੍ਹ/ਮੋਹਾਲੀ, 11 ਨਵੰਬਰ (ਦੀ ਪੰਜਾਬ ਵਾਇਰ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਲੋਕਾਂ ਦਰਮਿਆਨ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਲਈ, ਰੂਪਨਗਰ ਰੇਂਜ ਪੁਲਿਸ ਨੇ ਅੱਜ ਰੂਪਨਗਰ, ਐਸ.ਏ.ਐਸ. ਨਗਰ ਅਤੇ ਫ਼ਤਹਿਗੜ੍ਹ ਸਾਹਿਬ ਸਮੇਤ ਤਿੰਨ ਜ਼ਿਲ੍ਹਿਆਂ ਵਿੱਚ ਵਿਸ਼ੇਸ਼ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ (ਸੀ.ਏ.ਐਸ.ਓ.) ਚਲਾਈ।

ਇਸ ਮੁਹਿੰਮ ਦੀ ਅਗਵਾਈ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ (ਡੀ.ਆਈ.ਜੀ.) ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐਫ.)-ਕਮ- ਰੋਪੜ ਰੇਂਜ ਗੁਰਪ੍ਰੀਤ ਸਿੰਘ ਭੁੱਲਰ ਨੇ ਕੀਤੀ ਅਤੇ ਇਹ ਮੁਹਿੰਮ ਤਿੰਨ ਜ਼ਿਲ੍ਹਿਆਂ ਦੇ ਐਸ.ਐਸ.ਪੀਜ਼. ਜਿਹਨਾਂ ਵਿੱਚ ਐਸ.ਐਸ.ਪੀ. ਮੁਹਾਲੀ ਵਿਵੇਕ ਸ਼ੀਲ ਸੋਨੀ, ਐਸ.ਐਸ.ਪੀ. ਫ਼ਤਹਿਗੜ੍ਹ ਸਾਹਿਬ ਰਵਜੋਤ ਗਰੇਵਾਲ ਅਤੇ ਐਸ.ਐਸ.ਪੀ. ਰੂਪਨਗਰ ਸੰਦੀਪ ਗਰਗ ਸ਼ਾਮਲ ਹਨ, ਪੁਲਿਸ ਬਲਾਂ ਵੱਲੋਂ ਸਾਂਝੇ ਤੌਰ ‘ਤੇ ਚਲਾਈ ਗਈ।

ਪੁਲੀਸ ਟੀਮਾਂ ਨੇ ਜ਼ੀਰਕਪੁਰ ਵਿੱਚ ਔਰਬਿਟ ਸੁਸਾਇਟੀ, ਲੋਹਗੜ੍ਹ ਵਿੱਚ ਪਾਰਕ ਪਲਾਜ਼ਾ, ਡੇਰਾਬੱਸੀ ਵਿੱਚ ਗੁਲਮੋਹਰ ਸਿਟੀ, ਲਾਲੜੂ ਵਿੱਚ ਡਰੀਮ ਹਾਊਸ ਸੁਸਾਇਟੀ, ਖਰੜ ਵਿੱਚ ਮਾਡਰਨ ਵੈਲੀ ਸੁਸਾਇਟੀ, ਸੈਕਟਰ-91 ਵਿੱਚ ਕੋਆਪਰੇਟਿਵ ਹੋਮ ਅਤੇ ਸੈਕਟਰ-91 ਵਿੱਚ ਵੈਂਬਲੀ ਸਮੇਤ ਸੱਤ ਸੁਸਾਇਟੀਆਂ ਤੋਂ ਇਲਾਵਾ ਭੀੜ-ਭਾੜ ਵਾਲੇ ਬਾਜ਼ਾਰ ਸਮੇਤ 3ਬੀ-ਟੂ ਵਿੱਚ ਛਾਪੇਮਾਰੀ ਕਰਕੇ ਘੱਟੋ-ਘੱਟ 93 ਵਿਅਕਤੀਆਂ ਨੂੰ ਸ਼ੱਕ ਦੇ ਆਧਾਰ ’ਤੇ ਪੁੱਛਗਿਛ ਲਈ ਹਿਰਾਸਤ ਵਿੱਚ ਲਿਆ ਹੈ। ਇਸ ਤੋਂ ਇਲਾਵਾ ਪੁਲੀਸ ਟੀਮਾਂ ਨੇ ਬਲਿਆਲੀ, ਬਿਲੌਂਗੀ, ਬੜਮਾਜਰਾ ਕਲੋਨੀ, ਜੁਝਾਰ ਨਗਰ ਕਲੋਨੀ ਅਤੇ ਮਟੌਰ ਸਮੇਤ ਪੰਜ ਪਿੰਡਾਂ ਵਿੱਚ ਵੀ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਆਈ.ਜੀ. ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਿਸ ਨੂੰ ਭਰੋਸੇਯੋਗ ਸੂਤਰਾਂ ਤੋਂ ਸੂਚਨਾ ਮਿਲੀ ਸੀ ਕਿ ਕੁਝ ਕਿਰਾਏਦਾਰ ਬਿਨਾਂ ਤਸਦੀਕ ਕੀਤੇ ਉੱਥੇ ਰਹਿ ਰਹੇ ਹਨ ਅਤੇ ਕਈਆਂ ਨੇ ਆਪਣੇ ਫਲੈਟਾਂ ਨੂੰ ਅੱਗੇ ਕਿਰਾਏ ‘ਤੇ ਦਿੱਤਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਚੈਕਿੰਗ ਦੌਰਾਨ ਕਿਰਾਏ ਦੇ ਮਕਾਨਾਂ ‘ਤੇ ਰਹਿਣ ਵਾਲੇ ਕਿਰਾਏਦਾਰਾਂ ਦੀ ਵੀ ਪੜਤਾਲ ਕੀਤੀ।

ਉਨ੍ਹਾਂ ਦੱਸਿਆ ਕਿ ਹਰੇਕ ਸੁਸਾਇਟੀ ਦੀ ਘੇਰਾਬੰਦੀ ਕਰਕੇ ਸਬੰਧਤ ਐਸ.ਐਸ.ਪੀਜ਼. ਦੀ ਨਿਗਰਾਨੀ ਹੇਠ ਤਲਾਸ਼ੀ ਮੁਹਿੰਮ ਚਲਾਈ ਗਈ। ਉਨ੍ਹਾਂ ਕਿਹਾ ਕਿ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਆਉਣ ਵਾਲੇ ਦਿਨਾਂ ਵਿੱਚ ਵੀ ਇਸ ਤਰ੍ਹਾਂ ਦੀਆਂ ਮੁਹਿੰਮਾਂ ਜਾਰੀ ਰਹਿਣਗੀਆਂ।

ਡੀ.ਆਈ.ਜੀ. ਨੇ ਦੱਸਿਆ ਕਿ ਰੈਜ਼ੀਡੈਂਟਸ ਵੈਲਫੇਅਰ ਸੁਸਾਇਟੀਆਂ ਨੇ ਵੀ ਪੰਜਾਬ ਪੁਲਿਸ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।

ਜ਼ਿਕਰਯੋਗ ਹੈ ਕਿ ਪੁਲਿਸ ਟੀਮਾਂ ਵੱਲੋਂ ਬਰਾਮਦ ਕੀਤੇ ਗਏ ਹਥਿਆਰਾਂ ਅਤੇ ਨਗਦੀ ਬਾਰੇ ਹੋਰ ਜਾਂਚ ਲਈ ਸ਼ੱਕ ਦੇ ਆਧਾਰ ‘ਤੇ ਕਾਬੂ ਕੀਤੇ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

Written By
The Punjab Wire