ਸੁਭਾਸ਼ ਪਾਰਕ ਬਟਾਲਾ ਵਿਖੇ 12 ਨਵੰਬਰ ਨੂੰ ਸ਼ਾਮ 5 ਵਜੇ ਤੋਂ 8 ਵਜੇ ਤਕ ਹੋਵੇਗਾ ਸਮਾਗਮ
ਬਟਾਲਾ, 10 ਨਵੰਬਰ ( ਮੰਨਣ ਸੈਣੀ) ਜਨਾਬ ਮੁਹੰਮਦ ਇਸ਼ਫਾਕ, ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਜ਼ਿਲ੍ਹਾ ਵਾਸੀਆਂ ਨੂੰ 12 ਨਵੰਬਰ ਨੂੰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਸੁਭਾਸ਼ ਪਾਰਕ, ਬਟਾਲਾ ਵਿਖੇ ਕਰਵਾਏ ਜਾ ਰਹੇ ਸੈਮੀਨਾਰ ਅਤੇ ਲਾਈਟ ਐਂਡ ਸਾਊਂਡ ਸ਼ੋਅ ਵਿੱਚ ਵੱਧ ਚੜ ਕੇ ਪੁਹੰਚਣ ਦੀ ਅਪੀਲ ਕੀਤੀ ਹੈ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਗੁਰਦਾਸਪੁਰ ਜਿਲਾ ਇਤਿਹਾਸਕ ਤੇ ਧਾਰਮਿਕ ਪੱਖ ਤੋਂ ਬਹੁਤ ਵੱਡੀ ਮਹੱਤਤਾ ਰੱਖਦਾ ਹੈ ਅਤੇ ਜ਼ਿਲਾ ਹੈਰੀਟੇਜ ਸੁਸਾਇਟੀ ਗੁਰਦਾਸਪੁਰ ਵਲੋਂ ਗੁਰਦਸਾਪੁਰ ਜ਼ਿਲੇ ਨੂੰ ਸੈਰ ਸਪਾਟਾ ਵਜੋਂ ਵਿਕਸਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ। ਉਨਾਂ ਦੱਸਿਆ ਕਿ ਇਸੇ ਮੰਤਵ ਤਹਿਤ 12 ਨਵੰਬਰ ਨੂੰ ਸ਼ਾਮ 5 ਵਜੇ ਤੋਂ 6 ਵਜੇ ਤਕ ਮਹਾਰਾਜਾ ਰਣਜੀਤ ਸਿੰਘ ਜੀਵਨ ’ਤੇ ਆਧਾਰਿਤ ਸੈਮੀਨਾਰ ਅਤੇ 6 ਤੋਂ 8 ਵਜੇ ਤੱਕ ਨਾਟ ਸ਼੍ਰੋਮਣੀ ਕੇਵਲ ਧਾਲੀਵਾਲ ਵਲੋਂ ਨਿਰਦੇਸ਼ਿਤ ਲਾਈਟ ਐਂਡ ਸਾਊਂਡ ਸਮਾਗਮ ਕਰਵਾਇਆ ਜਾਵੇਗਾ।
ਉਨਾਂ ਅੱਗੇ ਕਿਹਾ ਕਿ ਜ਼ਿਲਾ ਹੈਰੀਟੇਜ ਸੁਸਾਇਟੀ ਗੁਰਦਾਸਪੁਰ ਵਲੋਂ ਹਰ ਮਹੀਨੇ ਜਿਲੇ ਦੇ ਇਤਿਹਾਸਕ ਤੇ ਧਾਰਮਿਕ ਮਹੱਤਤਾ ਨੂੰ ਮੁੱਖ ਵੇਖਦਿਆਂ ਸਮਾਗਮ ਕਰਵਾਇਆ ਜਾਂਦਾ ਹੈ ਤਾਂ ਜੋ ਸਾਡੀ ਨੋਜਵਨ ਪੀੜ੍ਹੀ ਆਪਣੇ ਅਮੀਰ ਵਿਰਸੇ ਤੋਂ ਜਾਣੂੰ ਹੋ ਸਕੇ। ਉਨਾਂ ਦੱਸਿਆ ਕਿ ਜਿਲੇ ਦੇ ਇਤਿਹਾਸਕ ਤੇ ਧਾਰਮਿਕ ਸਥਾਨਾਂ ਦੀ ਮੁਫਤ ਯਾਤਰਾ ਕਰਵਾਉਣ ਲਈ ਜ਼ਿਲਾ ਹੈਰੀਟੇਜ ਸੁਸਾਇਟੀ ਗੁਰਦਾਸਪੁਰ ਵਲੋਂ ਬਟਾਲਾ ਅਤੇ ਗੁਰਦਾਸਪੁਰ ਤੋਂ ਮੁਫਤ ਵਿਸ਼ੇਸ ਬੱਸ ਚਲਾਈ ਜਾਂਦੀ ਹੈ ਅਤੇ ਛੋਟਾ ਘੱਲੂਘਾਰਾ ਸਮਾਰਕ, ਕਾਹਨੂੰਵਾਨ ਛੰਬ ਵਿਖੇ ਸ਼ਹੀਦਾਂ ਦੀ ਯਾਦ ਵਿੱਚ ਉਸਾਰੀ ਗਈ ਯਾਦਗਾਰ ਵਿਖੇ ਯਾਤਰੀਆਂ ਨੂੰ ਸ਼ਹੀਦਾਂ ਦੀ ਯਾਦ ਵਿਚ ਬਣਾਈ ਗਈ ਦਸਤਾਵੇਜ ਫਿਲਮ ਦਿਖਾਈ ਜਾਂਦੀ ਹੈ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਵੱਖ-ਵੱਖ ਵਿਭਾਗਾਂ ਵਲੋਂ 12 ਨਵੰਬਰ ਦੇ ਸਮਾਗਮ ਨੂੰ ਸਫਲਾਪੂਰਵਕ ਨੇਪਰੇ ਚਾੜ੍ਹਣ ਲਈ ਤਿਆਰੀਆਂ ਕੀਤੀਆਂ ਗਈਆਂ ਹਨ ਅਤੇ ਸੁਭਾਸ਼ ਪਾਰਕ ਬਟਾਲਾ ਨੂੰ ਸ਼ਾਨਦਾਰ ਤਰੀਕੇ ਨਾਲ ਸਜਾਇਆ ਗਿਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ 12 ਨਵੰਬਰ ਦਿਨ ਸਨਿਚਵਾਰ ਨੂੰ ਸਮਾਗਮ ਵਿੱਚ ਵੱਧ-ਚੜ ਕੇ ਹਿੱਸਾ ਲੈਣ।