ਅੱਜ ਜ਼ਿਲ੍ਹੇ ਦੇ 179 ਪਿੰਡਾਂ ਵਿੱਚ ਜਾਗਰੂਕਤਾ ਸੈਮੀਨਾਰ ਲਗਾਏ ਗਏ
ਗੁਰਦਾਸਪੁਰ, 7 ਨਵੰਬਰ ( ਮੰਨਣ ਸੈਣੀ ) । ਰਾਸ਼ਟਰੀ ਕਾਨੂੰਨੀ ਸੇਵਾਵਾਂ ਅਥਾਰਟੀ, ਨਵੀਂ ਦਿੱਲੀ ਅਤੇ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਹਦਾਇਤਾਂ ਮੁਤਾਬਕ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਦਾਸਪੁਰ ਵੱਲੋਂ ਚਲਾਈ ਜਾ ਰਹੀ ਕਾਨੂੰਨੀ ਜਾਗਰੂਕਤਾ ਮੁਹਿੰਮ ਤਹਿਤ ਅੱਜ ਪੀ.ਐਲ.ਵੀਜ਼, ਆਸਾ ਵਰਕਰਜ਼ ਅਤੇ ਆਂਗਨਵਾੜੀ ਵਰਕਜ਼ ਦੁਆਰਾ 179 ਪਿੰਡਾਂ ਵਿਖੇ ਜਾਗਰੂਕਤਾ ਸੈਮੀਨਾਰ ਲਗਾਏ ਗਏ। ਇਹਨਾਂ ਸੈਮੀਨਾਰ ਵਿੱਚ ਲਗਭਗ 13425 ਲੋਕਾਂ ਨੂੰ ਮੌਲਿਕ ਕਰਤੱਵ, ਮੌਲਿਕ ਫਰਜ਼, ਮੁਫਤ ਕਾਨੂੰਨੀ ਸਹਾਇਤਾ ਅਤੇ ਨਾਲਸਾ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਪੀ.ਐਲ.ਵੀਜ਼, ਦੁਆਰਾ ਮੋਬਾਇਲ ਵੈਨ ਦੁਆਰਾ ਪਿੰਡਾਂ ਵਿੱਚ ਜਾਗਰੂਕਤਾ ਪ੍ਰੋਗਰਾਮ ਕਰਵਾਏ ਗਏ।
ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ), ਗੁਰਦਾਸਪੁਰ ਦੁਆਰਾ ਅੱਜ 123 ਸਕੂਲਾਂ ਵਿੱਚ ਸੈਮੀਨਾਰ ਕਰਵਾਏ ਗਏ ਅਤੇ ਇਨ੍ਹਾਂ ਸੈਮੀਨਾਰਾਂ ਵਿੱਚ 18000 ਵਿਦਿਆਰਥੀਆਂ ਵੱਲੋਂ ਭਾਗ ਲਿਆ ਗਿਆ। ਇਹਨਾਂ ਸੈਮੀਨਾਰਾਂ ਵਿੱਚ ਵਿਦਿਆਰਥੀਆਂ ਨੂੰ ਉਹਨਾਂ ਦੇ ਮੌਲਿਕ ਕਰਤੱਵਾਂ, ਮੌਲਿਕ ਹੱਕਾਂ ਅਤੇ ਮੁਫ਼ਤ ਕਾਨੂੰਨੀ ਸਹਾਇਤਾ ਬਾਰੇ ਜਾਣਕਾਰੀ ਦਿੱਤੀ ਗਈ।
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਮੈਡਮ ਨਵਦੀਪ ਕੌਰ ਗਿੱਲ ਨੇ ਦੱਸਿਆ ਕਿ ਇਸ ਜਾਗਰੂਕਤਾ ਮੁਹਿੰਮ ਦਾ ਮੁੱਖ ਮਕਸਦ ਜਿਲ੍ਹੇ ਦੇ ਹਰ ਵਰਗ ਦੇ ਲੋਕਾਂ ਨੂੰ ਮੁਫਤ ਕਾਨੂੰਨੀ ਸਹਾਇਤਾ ਬਾਰੇ ਜਾਣਕਾਰੀ ਦੇਣਾ ਹੈ। ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਉਹ ਮੁਫ਼ਤ ਕਾਨੂੰਨੀ ਸੇਵਾਵਾਂ ਹਾਸਲ ਕਰਨ ਲਈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਦਾਸਪੁਰ ਦੇ ਦਫ਼ਤਰ ਸੰਪਰਕ ਕਰ ਸਕਦੇ ਹਨ।