3 ਦਸੰਬਰ ਦੀ ਸ਼ਾਮ ਨੂੰ ਸ਼ਿਵ ਬਟਾਲਵੀ ਨੂੰ ਸਮਰਪਿਤ ਸਮਾਗਮ ਵਿੱਚ ਕੇਵਲ ਧਾਲੀਵਾਲ ਪੇਸ਼ ਕਰਨ ਕਾਵਿ-ਨਾਟ ਲੂਣਾ
ਗੁਰਦਾਸਪੁਰ, 3 ਨਵੰਬਰ (ਮੰਨਣ ਸੈਣੀ) । ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਦੀ ਅਗਵਾਈ ਹੇਠ ਜ਼ਿਲ੍ਹਾ ਹੈਰੀਟੇਜ਼ ਸੁਸਾਇਟੀ, ਗੁਰਦਾਸਪੁਰ ਅਤੇ ਸ਼ਿਵ ਕੁਮਾਰ ਬਟਾਲਵੀ ਕਲਾ ਤੇ ਸੱਭਿਆਚਾਰਕ ਸੁਸਾਇਟੀ, ਬਟਾਲਾ ਵੱਲੋਂ ਨਵੰਬਰ ਤੇ ਦਸੰਬਰ ਮਹੀਨਿਆਂ ਵਿੱਚ ਬਟਾਲਾ ਸ਼ਹਿਰ ਵਿਖੇ ਦੋ ਵੱਡੇ ਸਮਾਗਮ ਕਰਵਾਏ ਜਾਣਗੇ। ਇਨ੍ਹਾਂ ਸਮਾਗਮਾਂ ਦੀਆਂ ਤਿਆਰੀਆਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਵੱਲੋਂ ਅੱਜ ਆਪਣੇ ਦਫ਼ਤਰ ਵਿੱਚ ਮੀਟਿੰਗ ਕੀਤੀ ਗਈ, ਜਿਸ ਵਿੱਚ ਜ਼ਿਲ੍ਹਾ ਯੋਜਨਾ ਬੋਰਡ ਗੁਰਦਾਸਪੁਰ ਦੇ ਚੇਅਰਮੈਨ ਡਾ. ਸਤਨਾਮ ਸਿੰਘ ਨਿੱਜਰ, ਐੱਸ.ਡੀ.ਐੱਮ. ਬਟਾਲਾ ਸ੍ਰੀਮਤੀ ਸ਼ਾਇਰੀ ਭੰਡਾਰੀ, ਨਾਟ ਸ਼੍ਰੋਮਣੀ ਸ੍ਰੀ ਕੇਵਲ ਧਾਲੀਵਾਲ ਅਤੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਗੁਰਦਾਸਪੁਰ ਇੰਦਰਜੀਤ ਸਿੰਘ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਹੈਰੀਟੇਜ਼ ਸੁਸਾਇਟੀ ਗੁਰਦਾਸਪੁਰ ਵੱਲੋਂ 12 ਨਵੰਬਰ ਦੀ ਸ਼ਾਮ ਨੂੰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ 142ਵੇਂ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਬਟਾਲਾ ਸ਼ਹਿਰ ਦੀ ਸੁਭਾਸ਼ ਪਾਰਕ ਵਿੱਚ ਕੀਤਾ ਜਾਵੇਗਾ, ਜਿਸ ਦੌਰਾਨ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਨਾਲ ਸਬੰਧਤ ਨਾਟ ਸ਼੍ਰੋਮਣੀ ਕੇਵਲ ਧਾਲੀਵਾਲ ਦੁਆਰਾ ਨਿਰਦੇਸ਼ਿਤ ਲਾਈਟ ਐਂਡ ਸਾਊਂਡ ਸਮਾਗਮ ਅਤੇ ਸੈਮੀਨਾਰ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਬਟਾਲਾ ਸ਼ਹਿਰ ਨਾਲ ਗੂੜ੍ਹਾ ਸਬੰਧ ਰਿਹਾ ਹੈ ਅਤੇ ਉਨ੍ਹਾਂ ਦਾ ਪਹਿਲਾ ਵਿਆਹ ਕਨ੍ਹਈਆ ਮਿਸਲ ਦੀ ਸਰਦਾਰਨੀ ਸਦਾ ਕੌਰ ਦੀ ਧੀ ਮਹਿਤਾਬ ਕੌਰ ਨਾਲ ਬਟਾਲਾ ਵਿਖੇ ਹੋਇਆ ਸੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਹੈਰੀਟੇਜ਼ ਸੁਸਾਇਟੀ ਵੱਲੋਂ ਕਰਵਾਇਆ ਜਾਣ ਵਾਲਾ ਇਹ ਸਮਾਗਮ ਯਾਦਗਾਰੀ ਹੋਵੇਗਾ।
ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਦੱਸਿਆ ਕਿ ਬਟਾਲਾ ਸ਼ਹਿਰ ਵਿੱਚ ਹੀ ਦੂਸਰਾ ਸਮਾਗਮ ਸ਼ਿਵ ਕੁਮਾਰ ਬਟਾਲਵੀ ਨੂੰ ਸਮਰਪਿਤ 3 ਦਸੰਬਰ ਦੀ ਸ਼ਾਮ ਨੂੰ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਸਮਾਗਮ ਸ਼ਿਵ ਕੁਮਾਰ ਬਟਾਲਵੀ ਕਲਾ ਤੇ ਸੱਭਿਆਚਾਰਕ ਸੁਸਾਇਟੀ, ਬਟਾਲਾ ਵੱਲੋਂ ਸ਼ਿਵ ਆਡੀਟੋਰੀਅਮ ਵਿਖੇ ਹੋਵੇਗਾ। ਉਨ੍ਹਾਂ ਦੱਸਿਆ ਕਿ 3 ਦਸੰਬਰ ਸ਼ਾਮ ਨੂੰ ਸਭ ਤੋਂ ਪਹਿਲਾਂ ਉੱਘੇ ਗਾਇਕਾਂ ਵੱਲੋਂ ਸ਼ਿਵ ਬਟਾਲਵੀ ਦੇ ਗੀਤਾਂ ਦੀ ਸ਼ਾਮ ਹੋਵੇਗੀ, ਉਪਰੰਤ ਨਾਟ ਸ਼੍ਰੋਮਣੀ ਕੇਵਲ ਧਾਲੀਵਾਲ ਦੁਆਰਾ ਨਿਰਦੇਸ਼ਿਤ ਸ਼ਿਵ ਬਟਾਲਵੀ ਦਾ ਵਿਸ਼ਵ ਪ੍ਰਸਿੱਧ ਕਾਵਿ-ਨਾਟ ‘ਲੂਣਾ’ ਪੇਸ਼ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਵੱਲੋਂ ਇਨ੍ਹਾਂ ਸਮਾਗਮਾਂ ਦੀ ਸਫਲਤਾ ਲਈ ਵੱਖ-ਵੱਖ ਅਧਿਕਾਰੀਆਂ ਦੀਆਂ ਡਿਊਟੀ ਲਗਾ ਦਿੱਤੀਆਂ ਗਈਆਂ ਹਨ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਦੋਵਾਂ ਸਮਾਗਮਾਂ ਵਿੱਚ ਵੱਧ-ਚੜ ਕੇ ਹਿੱਸਾ ਲੈਣ।