ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਰਜਿੰਦਰ ਅਗਰਵਾਲ ਨੇ ਹਰੀ ਝੰਡੀ ਦਿਖਾ ਕੇ ਜਾਗਰੂਕਤਾ ਵੈਨ ਨੂੰ ਰਵਾਨਾ ਕੀਤਾ
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਵੱਲੋਂ ਜ਼ਿਲ੍ਹੇ ਦੇ 1279 ਪਿੰਡਾਂ ਦੇ ਲੋਕਾਂ ਤੱਕ ਕੀਤੀ ਜਾਵੇਗੀ ਪਹੰਚ
ਗੁਰਦਾਸਪੁਰ, 31 ਅਕਤੂਬਰ ( ਮੰਨਣ ਸੈਣੀ) । ਰਾਸ਼ਟਰੀ ਕਾਨੂੰਨੀ ਸੇਵਾਵਾਂ ਅਥਾਰਟੀ, ਨਵੀਂ ਦਿੱਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਰ ਅਤੇ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਹਦਾਇਤਾਂ ਮੁਤਾਬਕ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਦਾਸਪੁਰ ਵੱਲੋਂ ਨਾਗਰਿਕਾਂ ਨੂੰ ਕਾਨੂੰਨੀ ਸੇਵਾਵਾਂ ਬਾਰੇ ਜਾਗਰੂਕ ਕਰਨ ਲਈ ਵਿਸ਼ੇਸ਼ ਜਾਗਰੂਕਤਾ ਮੁਹਿੰਮ 31 ਅਕਤੂਬਰ ਤੋਂ 13 ਨਵੰਬਰ 2022 ਤੱਕ ਚਲਾਈ ਜਾ ਰਹੀ ਹੈ। ਇਸ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਮੌਕੇ ਮਾਣਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਦਾਸਪੁਰ, ਸ੍ਰੀ ਰਜਿੰਦਰ ਅਗਰਵਾਲ ਵੱਲੋਂ ਜਾਗਰੂਕਤਾ ਵੈਨ ਨੂੰ ਰਵਾਨਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਦਾਸਪੁਰ ਦੇ ਸਕੱਤਰ ਮੈਡਮ ਨਵਦੀਪ ਕੌਰ ਗਿੱਲ ਅਤੇ ਹੋਰ ਜੱਜ ਸਾਹਿਬਾਨ ਵੀ ਮੌਜੂਦ ਸਨ।
ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਰਜਿੰਦਰ ਅਗਰਵਾਲ ਨੇ ਦੱਸਿਆ ਕਿ ਇਸ ਮੁਹਿੰਮ ਦਾ ਉਪਰਾਲਾ ਆਮ ਲੋਕਾਂ ਨੂੰ ਉਨ੍ਹਾਂ ਦੇ ਕਾਨੂੰਨੀ ਹੱਕਾਂ ਬਾਰੇ ਜਾਣਕਾਰੀ ਦੇਣਾ ਹੈ ਅਤੇ ਮੁਫ਼ਤ ਕਾਨੂੰਨੀ ਸਹਾਇਤਾ ਬਾਰੇ ਵੱਧ ਤੋਂ ਵੱਧ ਜਾਗਰੂਕ ਕਰਨਾ ਹੈ। ਇਸ ਤੋਂ ਇਲਾਵਾ ਜੇਲ ਵਿੱਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਨੂੰ ਲੋੜੀਂਦੀ ਕਾਨੂੰਨੀ ਸਹਾਇਤਾ ਦੇਣਾ ਹੈ। ਇਸ ਮੁਹਿੰਮ ਰਾਹੀਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਦੁਆਰਾ ਜ਼ਿਲ੍ਹੇ ਵਿੱਚ ਪੈਂਦੇ ਲਗਭਗ 1279 ਪਿੰਡਾਂ ਦੇ ਲੋਕਾਂ ਤੱਕ ਪਹੰਚ ਕੀਤੀ ਜਾਵੇਗੀ ਅਤੇ ਉਨ੍ਹਾਂ ਦੇ ਹੱਕਾਂ ਬਾਰੇ ਅਤੇ ਮੁਫ਼ਤ ਕਾਨੂੰਨੀ ਸਹਾਇਤਾ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਹ ਜਾਗਰੂਕਤਾ ਮੁਹਿੰਮ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਲਿਆ ਜਾ ਰਿਹਾ ਹੈ। ਜਾਗਰੂਕਤਾ ਮੁਹਿੰਮ ਪਿੰਡਾਂ ਵਿੱਚ ਪੰਚਾਇਤ ਵਿਭਾਗ ਦੇ ਬੀ.ਡੀ.ਪੀ.ਓਜ਼, ਪੰਚਾਇਤ ਸਕੱਤਰਾਂ ਤੋਂ ਇਲਾਵਾ ਪੰਚਾਇਤਾਂ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ ਤਾਂ ਜੋ ਆਮ ਲੋਕਾਂ ਤੱਕ ਉਨ੍ਹਾਂ ਦੇ ਕਾਨੂੰਨੀ ਹੱਕਾਂ ਨੂੰ ਪਹੁੰਚਦਾ ਕਰਵਾਇਆ ਜਾ ਸਕੇ।
ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਰਜਿੰਦਰ ਅਗਰਵਾਲ ਨੇ ਦੱਸਿਆ ਕਿ ਇਸ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਅੱਜ 31 ਅਕਤੂਬਰ ਨੂੰ ਕੀਤੀ ਗਈ ਹੈ ਜੋ 13 ਨਵੰਬਰ ਤੱਕ ਚੱਲੇਗੀ। ਇਸ ਮੁਹਿੰਮ ਦੌਰਾਨ ਗੁਰਦਾਸਪੁਰ ਦੇ ਸਾਰੇ ਪਿੰਡਾਂ ਵਿੱਚ ਡੋਰ-ਟੂ-ਡੋਰ ਕੰਪੇਨ, ਮੈਗਾ ਲੀਡਲ ਸਰਵਿਸਿਜ਼ ਕੈਂਪ, ਸਕੂਲਾਂ ਅਤੇ ਕਾਲਜਾਂ ਵਿੱਚ ਜਾਗਰੂਕਤਾ, 9 ਨਵੰਬਰ 2022 ਨੂੰ ਲੀਗਲ ਸਰਵਿਸਿਜ਼ ਡੇਅ, 12 ਨਵੰਬਰ 2022 ਨੂੰ ਰਾਸ਼ਟਰੀ ਲੋਕ ਅਦਾਲਤ ਅਤੇ 13 ਨਵੰਬਰ ਨੂੰ ਜਾਗਰੂਕਤਾ ਅਭਿਆਨ ਦੀ ਸਮਾਪਤੀ ਹੋਵੇਗੀ। ਇਸ ਤੋਂ ਇਲਾਵਾ ਇਸ ਮੁਹਿੰਮ ਦੌਰਾਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਡਿਜ਼ੀਟਲ ਤਰੀਕੇ ਨਾਲ ਲੋਕਾਂ ਨੂੰ ਜਾਗਰੂਕ ਕਰਨ ਲਈ ਟੇਲ ਲਾਅ, ਲੀਗਲ ਏਡ ਕੇਸ ਮੈਨੇਜਮੈਂਟ ਸਿਸਟਮ, ਲੀਗਲ ਸਰਵਿਸਿਜ਼ ਮੈਨੇਜਮੈਂਟ ਸਿਸਟਮ, ਆਨ-ਲਾਈਨ ਮੀਡੀਏਸ਼ਨ ਪੋਰਟਲ ਆਦਿ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ। ਇਸ ਜਾਗਰੂਕਤਾ ਮੁਹਿੰਮ ਵਿੱਚ ਜਾਗਰੂਕਤਾ ਜ਼ਿਲ੍ਹੇ ਦੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ, ਸਕੂਲਾਂ, ਕਾਲਜਾਂ, ਆਸ਼ਾ ਵਰਕਰਜ਼, ਆਗਨਵਾੜੀ ਵਰਕਰਜ਼, ਪੈਨਲ ਐਡਵੋਕੇਟਜ਼ ਅਤੇ ਪੀ.ਐੱਲ.ਵੀਜ਼ ਦੁਆਰਾ ਹਿੱਸਾ ਲਿਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਸ ਜਾਗਰੂਕਤਾ ਮੁਹਿੰਮ ਦਾ ਮੁੱਖ ਮਕਸਦ ਜ਼ਿਲ੍ਹੇ ਦੇ ਹਰ ਵਰਗ ਦੇ ਲੋਕਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਬਾਰੇ ਜਾਣਕਾਰੀ ਦੇਣਾ ਹੈ ਅਤੇ ਇਹ ਵੀ ਦੱਸਣਾ ਹੈ ਕਿ ਮੁਫ਼ਤ ਕਾਨੂੰਨੀ ਸਹਾਇਤਾ ਲੈਣ ਦੇ ਹੱਕਦਾਰ ਕੌਣ ਹਨ। ਇਸ ਜਾਗਰੂਕਤਾ ਮੁਹਿੰਮ ਰਾਹੀਂ ਲੋਕਾਂ ਨੂੰ ਇਹ ਵੀ ਦੱਸਿਆ ਜਾਵੇਗਾ ਕਿ ਉਹ ਕਿਸ ਤਰਾਂ ਆਪਣੀਆਂ ਮੁਸ਼ਕਿਲਾਂ ਦਾ ਹੱਲ ਕਰਵਾਉਣ ਲਈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਦਾਸਪੁਰ ਦੇ ਦਫ਼ਤਰ ਵਿੱਚ ਸੰਪਰਕ ਕਰ ਸਕਦੇ ਹਨ ਅਤੇ ਦਫ਼ਤਰ ਵਿੱਚ ਆ ਕੇ ਉਹ ਫਰੰਟ ਆਫ਼ਿਸ ਵਿੱਚ ਮੁਫ਼ਤ ਵਿੱਚ ਕਾਨੂੰਨੀ ਸਲਾਹ ਲੈ ਸਕਦੇ ਹਨ ਅਤੇ ਅਦਾਲਤਾਂ ਵਿੱਚ ਆਪਣਾ ਕੇਸ ਦਾਇਰ ਕਰਨ ਲਈ ਮੁਫ਼ਤ ਵਕੀਲ ਵੀ ਲੈ ਸਕਦੇ ਹਨ।