ਜੇਲ੍ਹ ਮੰਤਰੀ ਨੇ ਅਰਜ਼ੀ ‘ਤੇ ਡਿਵੀਜ਼ਨਲ ਕਮਿਸ਼ਨਰ ਤੋਂ ਰਿਪੋਰਟ ਮੰਗੀ ਹੈ
ਚੰਡੀਗੜ੍ਹ, 11 ਅਕਤੂਬਰ (ਸੰਜੀਵ ਸ਼ਰਮਾ)। ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਇਕ ਵਾਰ ਫਿਰ ਪੈਰੋਲ ‘ਤੇ ਬਾਹਰ ਆ ਸਕਦਾ ਹੈ। ਡੇਰਾ ਮੁਖੀ ਨੇ ਪੈਰੋਲ ਲਈ ਅਰਜ਼ੀ ਦਿੱਤੀ ਹੈ। ਹਰਿਆਣਾ ਦੇ ਜੇਲ੍ਹ ਮੰਤਰੀ ਨੇ ਮੰਗਲਵਾਰ ਨੂੰ ਸਬੰਧਤ ਜ਼ਿਲ੍ਹਾ ਪ੍ਰਸ਼ਾਸਨ ਤੋਂ ਇਸ ਸਬੰਧੀ ਰਿਪੋਰਟ ਵੀ ਮੰਗ ਲਈ ਹੈ। ਰਿਪੋਰਟ ਤੋਂ ਬਾਅਦ ਰਾਮ ਰਹੀਮ ਨੂੰ ਕਿਸੇ ਵੀ ਸਮੇਂ ਪੈਰੋਲ ਮਿਲ ਸਕਦੀ ਹੈ। ਇਹ ਪੈਰੋਲ ਅਜਿਹੇ ਸਮੇਂ ‘ਚ ਮਿਲੇਗੀ ਜਦੋਂ ਸੂਬੇ ‘ਚ ਪੰਚਾਇਤੀ ਚੋਣਾਂ ਅਤੇ ਆਦਮਪੁਰ ਵਿਧਾਨ ਸਭਾ ਦੀ ਉਪ ਚੋਣ ਹੋਣ ਜਾ ਰਹੀ ਹੈ। ਅਜਿਹੇ ‘ਚ ਰਾਮ ਰਹੀਮ ਦੀ ਪੈਰੋਲ ਦੇ ਕਈ ਅਰਥ ਹਨ। ਰਾਮ ਰਹੀਮ ਦੀ ਪੈਰੋਲ ਇਸ ਲਈ ਵੀ ਅਹਿਮ ਹੈ ਕਿਉਂਕਿ ਇਸ ਵਾਰ ਉਸ ਨੇ ਅਰਜ਼ੀ ਵਿੱਚ ਪੈਰੋਲ ਦੌਰਾਨ ਸਿਰਸਾ ਜਾਂ ਰਾਜਸਥਾਨ ਦੇ ਤੰਬੂ ਵਿੱਚ ਰਹਿਣ ਦੀ ਇਜਾਜ਼ਤ ਮੰਗੀ ਹੈ।
ਰਾਮ ਰਹੀਮ ਸਾਧਵੀ ਜਿਨਸੀ ਸ਼ੋਸ਼ਣ, ਪੱਤਰਕਾਰ ਛਤਰਪਤੀ ਅਤੇ ਰਣਜੀਤ ਸਿੰਘ ਕਤਲ ਕੇਸ ਵਿੱਚ ਰੋਹਤਕ ਦੀ ਸੁਨਿਆਰਾ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਹੈ। ਰਾਮ ਰਹੀਮ ਸਾਲ 2021 ਵਿੱਚ ਤਿੰਨ ਵਾਰ ਅਤੇ 2022 ਵਿੱਚ ਤਿੰਨ ਵਾਰ ਜੇਲ੍ਹ ਤੋਂ ਬਾਹਰ ਆਇਆ ਹੈ। ਫਰਵਰੀ 2022 ਵਿੱਚ, ਡੇਰਮੁਖੀ ਨੇ 21 ਦਿਨਾਂ ਦੀ ਛੁੱਟੀ ਲਈ ਸੀ। ਇਸ ਤੋਂ ਬਾਅਦ ਜੂਨ ‘ਚ ਉਹ ਇਕ ਮਹੀਨੇ ਦੀ ਪੈਰੋਲ ‘ਤੇ ਜੇਲ ਤੋਂ ਬਾਹਰ ਆਇਆ ਸੀ।