ਹੋਰ ਗੁਰਦਾਸਪੁਰ ਪੰਜਾਬ

ਝੋਨੇ ਦੀ ਪਰਾਲੀ ਦੀ ਅੱਗ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਸ਼ਿਸ਼ਾਂ ਤੇਜ਼

ਝੋਨੇ ਦੀ ਪਰਾਲੀ ਦੀ ਅੱਗ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਸ਼ਿਸ਼ਾਂ ਤੇਜ਼
  • PublishedOctober 5, 2022

ਜ਼ਿਲ੍ਹਾ ਪ੍ਰਸ਼ਾਸਨ ਨੇ ਪਰਾਲੀ ਦੇ ਨਿਪਟਾਰੇ ਦਾ ਇੱਕ ਹੋਰ ਹੱਲ ਕਿਸਾਨਾਂ ਅੱਗੇ ਰੱਖਿਆ

ਬਿਨ੍ਹਾਂ ਕੋਈ ਖਰਚਾ ਲਏ ਬੇਲਰ ਦੀ ਮਦਦ ਨਾਲ ਖੇਤਾਂ ’ਚੋਂ ਪਰਾਲੀ ਨੂੰ ਚੁੱਕੇਗਾ ਨੌਜਵਾਨ ਦਾ ਸਮੂਹ

ਗੁਰਦਾਸਪੁਰ, 5 ਅਕਤੂਬਰ ( ਮੰਨਣ ਸੈਣੀ ) – ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਝੋਨੇ ਦੀ ਪਰਾਲੀ ਨੂੰ ਅੱਗ ਬਿਲਕੁਲ ਨਾ ਲਗਾਉਣ ਕਿਉਂਕਿ ਇਹ ਵਰਤਾਰਾ ਜ਼ਮੀਨ ਦੀ ਉਪਜਾਊ ਸ਼ਕਤੀ, ਵਾਤਾਵਰਨ ਅਤੇ ਮਨੁੱਖ ਸਮੇਤ ਸਾਰੇ ਜੀਵ-ਜੰਤੂਆਂ ਲਈ ਬੇਹੱਦ ਖਤਰਨਾਕ ਹੈ। ਉਨ੍ਹਾਂ ਕਿਹਾ ਕਿ ਪਰਾਲੀ ਦੀ ਸੰਭਾਲ ਲਈ ਜ਼ਿਲ੍ਹੇ ਕੁਝ ਨੌਜਵਾਨ ਅੱਗੇ ਆਏ ਹਨ ਜੋ ਕਿਸਾਨਾਂ ਦੇ ਖੇਤਾਂ ਵਿਚੋਂ ਬੇਲਰ ਦੀ ਮਦਦ ਨਾਲ ਪਰਾਲੀ ਦੀਆਂ ਗੱਠਾਂ ਬਣਾ ਕੇ ਉਸਨੂੰ ਇਕੱਠਾ ਕਰ ਲੈਣਗੇ। ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨ ਆਪਣੇ ਪੱਧਰ ’ਤੇ ਪਰਾਲੀ ਦਾ ਨਿਪਟਾਰਾ ਨਹੀਂ ਕਰ ਸਕਦੇ ਉਹ ਇਨ੍ਹਾਂ ਨੌਜਵਾਨਾਂ ਦੀ ਸਹਾਇਤਾ ਲੈ ਸਕਦੇ ਹਨ।

ਇਹ ਅਪੀਲ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਅੱਜ ਸਥਾਨਕ ਪੰਚਾਇਤ ਭਵਨ ਵਿਖੇ ਜ਼ਿਲ੍ਹੇ ਦੇ ਅਗਾਂਹਵਧੂ ਕਿਸਾਨਾਂ, ਵੱਖ-ਵੱਖ ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਨ ਮੌਕੇ ਕੀਤੀ। ਪਰਾਲੀ ਦੀ ਸਮੱਸਿਆ ਦਾ ਇੱਕ ਹੋਰ ਹੱਲ ਪੇਸ਼ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਧਾਰੀਵਾਲ ਦੇ ਨੌਜਵਾਨ ਤੇਜ਼ਬੀਰ ਸਿੰਘ ਅਤੇ ਉਸਦੇ ਹੋਰ ਸਾਥੀਆਂ ਨੇ ਮਿਲ ਕੇ ਇੱਕ ਗਰੁੱਪ ਬਣਾਇਆ ਹੈ ਜੋ ਖੇਤਾਂ ਵਿੱਚੋਂ ਪਰਾਲੀ ਨੂੰ ਬੇਲਰ ਰਾਹੀਂ ਗੱਠਾਂ ਬਣਾ ਕੇ ਚੁੱਕਣਗੇ। ਉਨ੍ਹਾਂ ਦੱਸਿਆ ਕਿ ਪਰਾਲੀ ਇਕੱਠੀ ਕਰਨ ਦਾ ਕਿਸਾਨਾਂ ਕੋਲੋਂ ਕੋਈ ਖਰਚਾ ਨਹੀਂ ਲਿਆ ਜਾਵੇਗਾ ਅਤੇ ਇਹ ਬਿਲਕੁਲ ਮੁਫ਼ਤ ਸੇਵਾ ਹੋਵੇਗੀ। ਇਸਤੋਂ ਇਲਾਵਾ ਕਿਸਾਨ ਖੁਦ ਵੀ ਆਪਣੇ ਖੇਤਾਂ ਦੀ ਪਰਾਲੀ ਨੂੰ ਬੇਲਰ ਰਾਹੀਂ ਗੱਠਾਂ ਬਣਾ ਕੇ ਨਿੱਜੀ ਕੰਪਨੀਆਂ/ਫੈਕਟਰੀਆਂ ਨੂੰ ਬਾਲਣ ਵਜੋਂ ਵੇਚ ਸਕਦੇ ਹਨ।

ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਤੇਜਬੀਰ ਸਿੰਘ ਅਤੇ ਉਸਦੇ ਸਾਥੀਆਂ ਵੱਲੋਂ ਕੀਤੀ ਜਾ ਰਹੀ ਇਸ ਪਹਿਲ ਕਦਮੀ ਦੀ ਸਰਾਹਨਾ ਕਰਦਿਆਂ ਕਿਹਾ ਕਿ ਅਜਿਹੇ ਯਤਨ ਜ਼ਿਲ੍ਹੇ ਵਿੱਚ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਣ ਵਿੱਚ ਸਹਾਈ ਹੋਣਗੇ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਖੇਤਾਂ ਵਿੱਚੋਂ ਪਰਾਲੀ ਦੇ ਨਿਪਟਾਰੇ ਲਈ ਤੇਜਬੀਰ ਸਿੰਘ ਅਤੇ ਉਨਾਂ ਦੇ ਸਾਥੀਆਂ ਨਾਲ ਸੰਪਰਕ ਕਰ ਸਕਦੇ ਹਨ। ਉਨਾਂ ਨਾਲ ਹੀ ਖੇਤੀਬਾੜੀ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਇਨਾਂ ਅਗਾਂਹਵਧੂ ਨੌਜਵਾਨਾਂ ਦਾ ਪੂਰਾ ਸਹਿਯੋਗ ਕੀਤਾ ਜਾਵੇ ਤਾਂ ਜੋ ਸਾਂਝੇ ਯਤਨਾਂ ਨਾਲ ਪਰਾਲੀ ਨੂੰ ਅੱਗ ਲੱਗਣ ਦੀ ਸਮੱਸਿਆ ਤੋਂ ਨਿਜਾਤ ਪਾ ਸਕੀਏ।

ਨੌਜਵਾਨ ਤੇਜਬੀਰ ਸਿੰਘ ਨੇ ਦੱਸਿਆ ਕਿ ਉਹ ਪਹਿਲਾਂ ਖੇਤਾਂ ਵਿਚ ਬੇਲਰ ਨਾਲ ਪਰਾਲੀ ਦੀਆਂ ਗੱਠਾਂ ਬਣਾ ਲੈਣਗੇ ਅਤੇ ਫਿਰ ਖੇਤਾਂ ਵਿਚੋਂ ਇਨਾਂ ਗੱਠਾਂ ਨੂੰ ਇਕੱਠਾ ਕਰਕੇ ਪਿੰਡ ਵਿੱਚ ਇੱਕ ਥਾਂ ’ਤੇ ਡੰਪ ਕਰ ਲੈਣਗੇ। ਇਸ ਤੋਂ ਬਾਅਦ ਸਾਰੀਆਂ ਗੱਠਾਂ ਦੀ ਅੱਗੇ ਸਪਲਾਈ ਫੈਕਟਰੀਆਂ ਵਿੱਚ ਬਾਇਓ-ਬਾਲਣ ਅਤੇ ਹੋਰ ਵਰਤੋਂ ਲਈ ਸਪਲਾਈ ਕਰਨਗੇ। ਉਨ੍ਹਾਂ ਕਿਹਾ ਕਿ ਪਰਾਲੀ ਇਕੱਠਾ ਕਰਨ ਦਾ ਕਿਸਾਨਾਂ ਕੋਲੋਂ ਕੋਈ ਪੈਸਾ ਨਹੀਂ ਲਿਆ ਜਾਵੇਗਾ।

ਮੀਟਿੰਗ ਦੌਰਾਨ ਮੁੱਖ ਖੇਤੀਬਾੜੀ ਅਧਿਕਾਰੀ ਡਾ. ਕੰਵਲਪ੍ਰੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕਿਸਾਨਾਂ ਕੋਲ ਖੇਤੀ ਰਹਿੰਦ-ਖੂੰਹਦ ਨੇ ਨਿਪਟਾਰੇ ਲਈ 3376 ਖੇਤੀ ਸੰਦ ਹਨ ਅਤੇ ਇਸ ਤੋਂ ਇਲਾਵਾ ਇਨ੍ਹਾਂ ਨੌਜਵਾਨਾਂ ਅਤੇ ਕੁਝ ਨਿੱਜੀ ਕੰਪਨੀਆਂ ਵੱਲੋਂ ਵੀ ਖੇਤਾਂ ਵਿੱਚੋਂ ਬੇਲਰ ਰਾਹੀਂ ਪਰਾਲੀ ਨੂੰ ਇਕੱਠਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਪਹਿਲਾਂ ਤਾਂ ਆਪਣੇ ਪੱਧਰ ’ਤੇ ਪਰਾਲੀ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਵਰਤੋਂ ਲਿਆਉਣ ਲਈ ਉਸਦੀ ਸੰਭਾਲ ਕਰਨ ਜਾਂ ਉਸਨੂੰ ਵੇਚ ਦੇਣ। ਜੇਕਰ ਕੋਈ ਹੱਲ ਨਹੀਂ ਹੁੰਦਾ ਤਾਂ ਉਹ ਖੇਤੀਬਾੜੀ ਵਿਭਾਗ ਜਾਂ ਬੇਲਰ ਵਾਲੇ ਨੌਜਵਾਨਾਂ ਨਾਲ ਸੰਪਰਕ ਕਰਕੇ ਪਰਾਲੀ ਨੂੰ ਆਪਣੇ ਖੇਤਾਂ ਵਿਚੋਂ ਚੁਕਵਾ ਲੈਣ। ਉਨ੍ਹਾਂ ਕਿਹਾ ਕਿ ਉਪਰਕੋਤ ਵਿਚੋਂ ਕੋਈ ਵੀ ਹੱਲ ਵਰਤਿਆ ਜਾ ਸਕਦਾ ਹੈ ਪਰ ਪਰਾਲੀ ਨੂੰ ਅੱਗ ਕਿਸੇ ਵੀ ਸੂਰਤ ਵਿੱਚ ਨਾ ਲਗਾਈ ਜਾਵੇ।

ਮੀਟਿੰਗ ਵਿੱਚ ਹਾਜ਼ਰ ਕਿਸਾਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੀ ਇਸ ਪਹਿਲਕਦਮੀ ਦੀ ਸਰਾਹਨਾ ਕਰਦਿਆਂ ਕਿਹਾ ਕਿ ਉਹ ਪਰਾਲੀ ਨੂੰ ਅੱਗ ਬਿਲਕੁਲ ਨਹੀਂ ਲਗਾਉਣਗੇ ਅਤੇ ਪਰਾਲੀ ਦਾ ਨਿਪਟਾਰਾ ਵਿਗਿਆਨਿਕ ਢੰਗ ਨਾਲ ਕਰਨਗੇ।

Written By
The Punjab Wire