ਗੁਰਦਾਸਪੁਰ, 2 ਅਕਤੂਬਰ ( ਮੰਨਣ ਸੈਣੀ) । ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਅੱਜ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਅਤੇ ਮਰਹੂਮ ਪ੍ਰਧਾਨ ਮੰਤਰੀ ਸ੍ਰੀ ਲਾਲ ਬਹਾਦਰ ਸ਼ਾਸਤਰੀ ਜੀ ਦੀ ਜਨਮ ਵਰੇਗੰਢ ਮੌਕੇ ਅਕੀਦਤ ਭੇਟ ਕਰਦਿਆਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਇਨ੍ਹਾਂ ਮਹਾਨ ਨਾਇਕਾਂ ਦੇ ਜੀਵਨ ਤੋਂ ਸੇਧ ਲੈਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਜੀ ਅਤੇ ਲਾਲ ਬਹਾਦਰ ਸ਼ਾਸਤਰੀ ਜੀ ਦੁਆਰਾ ਸੁਤੰਤਰਤਾ ਸੰਗਰਾਮ ਵਿੱਚ ਨਿਭਾਈ ਅਹਿਮ ਭੂਮਿਕਾ ਨੂੰ ਦੇਸ਼ ਵਾਸੀ ਹਮੇਸ਼ਾਂ ਯਾਦ ਰੱਖਣਗੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਹਾਤਮਾ ਗਾਂਧੀ ਨੇ ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਸੱਤਿਆਗ੍ਰਹਿ ਜਨ ਅੰਦੋਲਨ ਜਰੀਏ ਸ਼ਾਂਤੀ ਤੇ ਅਹਿੰਸਾ ਦੇ ਰਾਹ ਉਪਰ ਚਲਦਿਆਂ ਵੱਡੀ ਭੂਮਿਕਾ ਨਿਭਾਈ। ਉਨ੍ਹਾਂ ਕਿਹਾ ਕਿ ਮਹਾਤਮਾਂ ਗਾਂਧੀ ਜੀ ਦੁਆਰਾ ਦਰਸਾਇਆ ਅਹਿੰਸਾ ਦਾ ਰਸਤਾ ਪੂਰੀ ਦੁਨੀਆਂ ਦਾ ਮਾਰਗ ਦਰਸ਼ਨ ਕਰ ਰਿਹਾ ਹੈ। ਮਰਹੂਮ ਪ੍ਰਧਾਨ ਮੰਤਰੀ ਸ੍ਰੀ ਲਾਲ ਬਹਾਦਰ ਸ਼ਾਸਤਰੀ ਜੀ ਦਾ ਜਿਕਰ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹ ਜਿਥੇ ਇਮਾਨਦਾਰੀ ਦੀ ਮੂਰਤ ਸਨ ਉਥੇ ਹੀ ਉਨ੍ਹਾਂ ਦਾ ਸੁਤੰਤਰਤਾ ਸੰਗਰਾਮ ਯੋਗਦਾਨ ਵੀ ਬਹੁਤ ਮਹੱਤਵਪੂਰਨ ਰਿਹਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਸ਼ਾਸਤਰੀ ਜੀ ਨੇ ਔਖੇ ਸਮੇਂ ਦੇਸ਼ ਦੀ ਅਗਵਾਈ ਕੀਤੀ ਅਤੇ ਭਾਰਤ ਨੂੰ ਮਜ਼ਬੂਤ ਰਾਸ਼ਟਰ ਬਣਾਉਣ ਵਿੱਚ ਆਪਣਾ ਯੋਗਦਾਨ ਪਾਇਆ।
ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਕਿਹਾ ਕਿ ਦੇਸ਼ ਦੇ ਇਨ੍ਹਾਂ ਦੋਵਾਂ ਮਹਾਨ ਨਾਇਕਾਂ ਨੇ ਆਪਣੇ ਕਾਰਜਾਂ ਅਤੇ ਵਿਚਾਰਾਂ ਦੇ ਨਾਲ ਦੇਸ਼ ਅਤੇ ਦੁਨੀਆਂ ਭਰ ਦੇ ਜਨਮਾਨਸ ਉਪਰ ਆਪਣੀ ਅਮਿੱਟ ਛਾਪ ਛੱਡੀ ਹੈ। ਉਨ੍ਹਾਂ ਕਿਹਾ ਕਿ ਆਧੁਨਿਕ ਭਾਰਤ ਨਿਰਮਾਣ ਵਿੱਚ ਹਿੱਸਾ ਪਾਉਣ ਲਈ ਦੋਵੇਂ ਹਸਤੀਆਂ ਤੋਂ ਸਾਨੂੰ ਸਦਾ ਹੀ ਸੇਧ ਪ੍ਰਾਪਤ ਹੁੰਦੀ ਰਹੇਗੀ।