ਗੁਰਦਾਸਪੁਰ, 2 ਅਕਤੂਬਰ (ਮੰਨਣ ਸੈਣੀ)। ਆਲ ਪੰਜਾਬ ਆਂਗਣਵਾੜੀ ਵਰਕਰਜ਼ ਯੂਨੀਅਨ ਦੀ ਸੂਬਾ ਕਮੇਟੀ ਅਤੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੇ ਸੱਦੇ ’ਤੇ ਬਲਾਕ ਗੁਰਦਾਸਪੁਰ ਵੱਲੋਂ ਬਲਾਕ ਪ੍ਰਧਾਨ ਸੁਨਿਰਮਲ ਕੌਰ ਦੀ ਪ੍ਰਧਾਨਗੀ ਹੇਠ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਅਤੇ ਮਸਲਿਆਂ ਨੂੰ ਲੈ ਕੇ ਬਲਾਕ ਪੱਧਰੀ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਉੱਚ ਅਧਿਕਾਰੀਆਂ ਰਾਹੀਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਨਾਂ ਮੰਗ ਪੱਤਰ ਭੇਜੇ। ਵੱਡੀ ਗਿਣਤੀ ਵਿੱਚ ਇਕੱਤਰ ਹੋਈਆਂ ਵਰਕਰਾਂ ਤੇ ਹੈਲਪਰਾਂ ਨੇ ਪੰਜਾਬ ਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਪੁਤਲਾ ਵੀ ਫੂਕਿਆ।
ਵੱਖ-ਵੱਖ ਆਗੂਆਂ ਨੇ ਦੱਸਿਆ ਕਿ ਆਈ.ਸੀ.ਡੀ.ਐਸ ਸਕੀਮ 2 ਅਕਤੂਬਰ 1975 ਨੂੰ ਸ਼ੁਰੂ ਕੀਤੀ ਗਈ ਸੀ। ਇਸ ਸਮੇਂ ਇਸ ਸਕੀਮ ਵਿੱਚ 28 ਲੱਖ ਵਰਕਰ ਅਤੇ ਹੈਲਪਰ ਕੰਮ ਕਰ ਰਹੇ ਹਨ। 47 ਸਾਲ ਬੀਤ ਚੁੱਕੇ ਹਨ ਪਰ ਸਮਾਂ ਬੀਤਣ ਦੇ ਬਾਵਜੂਦ ਨਾ ਤਾਂ ਵਰਕਰਾਂ ਤੇ ਹੈਲਪਰਾਂ ਨੂੰ ਪੱਕਾ ਕੀਤਾ ਗਿਆ, ਨਾ ਹੀ ਘੱਟੋ-ਘੱਟ ਦਿਹਾੜੀ ਲਾਗੂ ਕੀਤੀ ਗਈ ਅਤੇ ਨਾ ਹੀ ਉਨ੍ਹਾਂ ਨੂੰ ਬਣਦਾ ਗੁਜਾਰਾ ਦਿੱਤਾ ਜਾ ਰਿਹਾ ਹੈ। ਕੇਂਦਰ ਸਰਕਾਰ ਵੱਲੋਂ ਵਰਕਰ ਨੂੰ ਸਿਰਫ਼ 4500 ਰੁਪਏ ਅਤੇ ਹੈਲਪਰ ਨੂੰ 2250 ਰੁਪਏ ਦਿੱਤੇ ਜਾ ਰਹੇ ਹਨ। ਇਸ ਵਿੱਚ ਵੀ ਕੇਂਦਰ ਸਰਕਾਰ ਸਿਰਫ਼ 60 ਫ਼ੀਸਦੀ ਹਿੱਸਾ ਹੀ ਦੇ ਰਹੀ ਹੈ। ਜਦਕਿ ਬਾਕੀ 40 ਫੀਸਦੀ ਸੂਬਾ ਸਰਕਾਰਾਂ ‘ਤੇ ਪਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਆਈ.ਸੀ.ਡੀ.ਐਸ ਸਕੀਮ ਨੂੰ ਵਿਭਾਗੀ ਦਰਜਾ ਦਿੱਤਾ ਜਾਵੇ। ਆਂਗਣਵਾੜੀ ਵਰਕਰਾਂ ਨੂੰ ਪ੍ਰੀ ਨਰਸਰੀ ਅਧਿਆਪਕਾਂ ਦਾ ਦਰਜਾ ਦੇ ਕੇ ਸਰਕਾਰੀ ਮੁਲਾਜ਼ਮ ਐਲਾਨਿਆ ਜਾਵੇ। ਹੈਲਪਰ ਨੂੰ ਚੌਥੇ ਦਰਜੇ ਦੇ ਮੁਲਾਜ਼ਮ ਦਾ ਦਰਜਾ ਦਿੱਤਾ ਜਾਵੇ। ਜਿੰਨਾ ਚਿਰ ਸਰਕਾਰੀ ਮੁਲਾਜ਼ਮ ਦਾ ਦਰਜਾ ਨਹੀਂ ਦਿੱਤਾ ਜਾਂਦਾ, ਘੱਟੋ-ਘੱਟ ਦਿਹਾੜੀ ਤਾਂ ਲਾਗੂ ਕੀਤੀ ਜਾਵੇ। ਵਰਕਰਾਂ ਨੂੰ 24 ਹਜ਼ਾਰ ਅਤੇ ਹੈਲਪਰਾਂ ਨੂੰ 18 ਹਜ਼ਾਰ ਰੁਪਏ ਦਿੱਤੇ ਜਾਣ। ਆਂਗਣਵਾੜੀ ਕੇਂਦਰਾਂ ਦੀਆਂ ਇਮਾਰਤਾਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾਵੇ। ਐਨ.ਜੀ.ਓ ਅਧੀਨ ਚੱਲ ਰਹੇ ਪ੍ਰੋਜੈਕਟਾਂ ਨੂੰ ਵਾਪਸ ਮੁੱਖ ਵਿਭਾਗ ਅਧੀਨ ਲਿਆਂਦਾ ਜਾਵੇ।
ਇਸ ਮੌਕੇ ਆਗੂਆਂ ਨੇ ਪੰਜਾਬ ਸਰਕਾਰ ਨਾਲ ਸਬੰਧਤ ਮੰਗਾਂ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਆਂਗਣਵਾੜੀ ਕੇਂਦਰਾਂ ਦੇ ਤਿੰਨ ਤੋਂ ਛੇ ਸਾਲ ਤੱਕ ਦੇ ਬੱਚੇ ਜਿਨ੍ਹਾਂ ਨੂੰ 2017 ਵਿੱਚ ਸਰਕਾਰ ਨੇ ਖੋਹ ਕੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਭੇਜਿਆ ਸੀ, ਨੂੰ ਵਾਪਸ ਕੇਂਦਰਾਂ ਵਿੱਚ ਭੇਜਿਆ ਜਾਵੇ ਅਤੇ ਆਂਗਣਵਾੜੀ ਵਰਕਰਾਂ ਨੂੰ ਪ੍ਰੀ ਨਰਸਰੀ ਵਿੱਚ ਵਾਪਸ ਭੇਜਿਆ ਜਾਵੇ।ਅਧਿਆਪਕ ਦਾ ਦਰਜਾ ਦਿੱਤਾ ਜਾਵੇ। ਜਦੋਂ ਤੱਕ ਇਸ ਨੂੰ ਲਾਗੂ ਨਹੀਂ ਕੀਤਾ ਜਾਂਦਾ, ਤੁਹਾਡੀ ਸਰਕਾਰ ਆਪਣੇ ਵਾਅਦੇ ਅਨੁਸਾਰ ਵਰਕਰਾਂ ਅਤੇ ਹੈਲਪਰਾਂ ਦਾ ਮਾਣ ਭੱਤਾ ਦੁੱਗਣਾ ਕਰੇ। ਪਿਛਲੇ ਚਾਰ ਸਾਲਾਂ ਤੋਂ ਖਾਲੀ ਪਈਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਹਜ਼ਾਰਾਂ ਅਸਾਮੀਆਂ ਦੀ ਤੁਰੰਤ ਭਰਤੀ ਕੀਤੀ ਜਾਵੇ। ਇਹ ਭਰਤੀ 2016 ਦੇ ਨਿਯਮਾਂ ਅਨੁਸਾਰ ਕੀਤੀ ਜਾਣੀ ਚਾਹੀਦੀ ਹੈ। ਆਂਗਣਵਾੜੀ ਕੇਂਦਰਾਂ ਦਾ ਕਿਰਾਇਆ ਤੁਰੰਤ ਜਾਰੀ ਕੀਤਾ ਜਾਵੇ। ਵਰਕਰਾਂ ਅਤੇ ਹੈਲਪਰਾਂ ਨੂੰ ਤਨਖਾਹਾਂ ਬਿਨਾਂ ਰੋਕ-ਟੋਕ ਲਗਾਤਾਰ ਦਿੱਤੀਆਂ ਜਾਣ। ਵਰਕਰਾਂ ਨੂੰ ਸਮਾਰਟ ਫੋਨ ਦਿੱਤੇ ਜਾਣ, ਵਰਕਰਾਂ ਅਤੇ ਹੈਲਪਰਾਂ ਨੂੰ ਕ੍ਰਮਵਾਰ 500 ਰੁਪਏ ਅਤੇ 250 ਰੁਪਏ ਇੰਸੈਂਟਿਵ ਦੇ ਨਾਲ ਦਿੱਤੇ ਜਾਣ।