ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ 11 ਅਗਾਂਹਵਧੂ ਕਿਸਾਨਾਂ ਨੂੰ ਸਨਮਾਨਿਤ ਕੀਤਾ
ਧਾਰੀਵਾਲ/ਗੁਰਦਾਸਪੁਰ, 1 ਅਕਤੂਬਰ ( ਮੰਨਣ ਸੈਣੀ )। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਨੂੰ ਹਾੜ੍ਹੀ ਦੀਆਂ ਫ਼ਸਲਾਂ ਦੀ ਕਾਸ਼ਤ ਸਬੰਧੀ ਤਕਨੀਕੀ ਜਾਣਕਾਰੀ ਦੇਣ ਲਈ ਅੱਜ ਧਾਰੀਵਾਲ ਦੀ ਦਾਣਾ ਮੰਡੀ ਵਿੱਚ ਜ਼ਿਲ੍ਹਾ ਪੱਧਰੀ ਕਿਸਾਨ ਮੇਲੇ ਦਾ ਆਯੋਜਨ ਕੀਤਾ ਗਿਆ।
ਇਸ ਮੇਲੇ ਦੀ ਪ੍ਰਧਾਨਗੀ ਜ਼ਿਲ੍ਹਾ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਨੇ ਕੀਤੀ ਜਦੋਂ ਕਿ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਇੰਚਾਰਜ ਤੇ ਉੱਘੇ ਜਨਤਕ ਆਗੂ ਐਡਵੋਕੇਟ ਜਗਰੂਪ ਸਿੰਘ ਸੇਖਵਾਂ, ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ, ਉਘੇ ਜਨਤਕ ਆਗੂ ਸ਼ਮਸ਼ੇਰ ਸਿੰਘ, ਗੁਰਦੀਪ ਸਿੰਘ ਰੰਧਾਵਾ ਨੇ ਉਚੇਚੇ ਤੌਰ ’ਤੇ ਇਸ ਕਿਸਾਨ ਮੇਲੇ ਵਿੱਚ ਸ਼ਿਰਕਤ ਕੀਤੀ। ਕਿਸਾਨ ਮੇਲੇ ਦੌਰਾਨ ਖੇਤੀਬਾੜੀ ਨਾਲ ਸਬੰਧਤ ਵੱਖ ਵੱਖ ਵਿਭਾਗਾਂ ਅਤੇ ਸੈੱਲਫ ਹੈੱਲਪ ਗਰੁੱਪਾਂ ਵੱਲੋਂ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ।
ਕਿਸਾਨ ਮੇਲੇ ਦੌਰਾਨ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਗੁਰੂ ਸਾਹਿਬ ਦੇ ਦਰਸਾਏ ਮਾਰਗ ਤੇ ਚੱਲਦਿਆਂ ਖੇਤਾਂ ਵਿੱਚ ਅੱਗ ਨਹੀਂ ਲਾਉਣੀ ਚਾਹੀਦੀ ਅਤੇ ਮਿੱਟੀ ਹਵਾ ਪਾਣੀ ਨੂੰ ਬਚਾਉਣ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖੇਤੀ ਰਹਿੰਦ-ਖੂੰਹਦ ਦਾ ਨਿਪਟਾਰਾ ਵਿਗਿਆਨਿਕ ਢੰਗ ਨਾਲ ਕੀਤਾ ਜਾ ਸਕਦਾ ਹੈ ਇਸ ਲਈ ਖੇਤੀ ਮਾਹਿਰਾਂ ਦੀ ਸਲਾਹ ’ਤੇ ਅਮਲ ਕਰਨਾ ਚਾਹੀਦਾ ਹੈ।
ਇਸ ਮੌਕੇ ਸ. ਜਗਰੂਪ ਸਿੰਘ ਸੇਖਵਾਂ ਨੇ ਖੇਤੀਬਾੜੀ ਵਿਭਾਗ ਵੱਲੋਂ ਕਿਸਾਨ ਮੇਲੇ ਲਗਾ ਕੇ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦੇਣਾ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤੀਬਾੜੀ ਦੇ ਨਾਲ ਸਹਾਇਕ ਧੰਦਿਆਂ ਨੂੰ ਅਪਣਾਅ ਕੇ ਆਪਣੀ ਆਮਦਨ ਵਿੱਚ ਵਾਧਾ ਕਰਨ।
ਇਸ ਤੋਂ ਪਹਿਲਾਂ ਬੋਲਦਿਆਂ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਕਿਸਾਨਾਂ ਦੇ ਦਰਦ ਅਤੇ ਲੋੜਾਂ ਨੂੰ ਸਮਝਦੇ ਹੋਏ ਅਨੇਕਾਂ ਉਪਰਾਲੇ ਕੀਤੇ ਹਨ ਅਤੇ ਖੇਤਾਂ ਵਿੱਚ ਰਹਿੰਦ ਖੂੰਹਦ ਨੂੰ ਅੱਗ ਲਗਾਏ ਬਗੈਰ ਨਿਪਟਾਉਣ ਲਈ ਸਬਸਿਡੀ ’ਤੇ ਖੇਤੀ ਮਸ਼ੀਨਰੀ ਉਪਲਬਧ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤੀਬਾੜੀ ਵਿਭਾਗ ਅਤੇ ਮਾਹਿਰਾਂ ਨਾਲ ਸਲਾਹ ਮਸ਼ਵਰਾ ਕਰਕੇ ਵਿਗਿਆਨਕ ਖੇਤੀ ਕਰਨ।
ਸ੍ਰੀ ਸ਼ਮਸ਼ੇਰ ਸਿੰਘ ਅਤੇ ਗੁਰਦੀਪ ਸਿੰਘ ਰੰਧਾਵਾ ਨੇ ਵੀ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਜੋਕੇ ਦੌਰ ਵਿੱਚ ਮਿੱਟੀ ਹਵਾ ਪਾਣੀ ਨੂੰ ਬਚਾਉਣ ਲਈ ਬਹੁਤ ਗੰਭੀਰ ਹੋਣ ਦੀ ਲੋਡ਼ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਕੁਦਰਤੀ ਸੋਮਿਆਂ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ। ਧਰਤੀ ਹੇਠਲਾ ਪਾਣੀ ਦਾ ਪੱਧਰ ਡਿੱਗ ਰਿਹਾ ਹੈ ਕਿ ਕਿਸਾਨਾਂ ਨੂੰ ਪਾਣੀ ਦੀ ਵਰਤੋਂ ਬਹੁਤ ਸੰਜਮ ਨਾਲ ਕਰਨ ਦੀ ਲੋੜ ਹੈ।
ਜ਼ਿਲ੍ਹਾ ਗੁਰਦਾਸਪੁਰ ਦੇ ਮੁੱਖ ਖੇਤੀਬਾਡ਼ੀ ਅਫਸਰ ਡਾ ਕੰਵਲਪ੍ਰੀਤ ਸਿੰਘ ਨੇ ਆਏ ਹੋਏ ਸਾਰੇ ਮਹਿਮਾਨਾਂ, ਅਧਿਕਾਰੀਆਂ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ ਜਦੋਂ ਕਿ ਸਟੇਜ ਸਕੱਤਰ ਦੇ ਫ਼ਰਜ਼ ਨਿਭਾਉਂਦਿਆਂ ਡਾ ਪਰਮਵੀਰ ਸਿੰਘ ਕਾਹਲੋਂ ਨੇ ਖੇਤੀਬਾੜੀ ਵਿਭਾਗ ਦੀਆਂ ਯੋਜਨਾਵਾਂ ਅਤੇ ਪ੍ਰਾਪਤੀਆਂ ਤੋਂ ਵੀ ਜਾਣੂ ਕਰਵਾਇਆ। ਇਸ ਮੌਕੇ ਜਿਨ੍ਹਾਂ 11 ਅਗਾਂਹਵਧੂ ਕਿਸਾਨਾਂ ਨੇ ਖੇਤਾਂ ਵਿੱਚ ਅੱਗ ਲਗਾਏ ਬਗੈਰ ਹੀ ਫ਼ਸਲ ਦੀ ਬਿਜਾਈ ਕੀਤੀ ਸੀ, ਉਨ੍ਹਾਂ ਨੂੰ ਡਿਪਟੀ ਕਮਿਸ਼ਨਰ ਵੱਲੋਂ ਸਨਮਾਨਤ ਕੀਤਾ ਗਿਆ।
ਇਸ ਤੋਂ ਪਹਿਲਾਂ ਮੇਲੇ ਦੇ ਤਕਨੀਕੀ ਸੈਸ਼ਨ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਡਾ ਸਰਬਜੀਤ ਸਿੰਘ ਔਲਖ, ਹਰਪਿੰਦਰ ਸਿੰਘ, ਸਰਵਣ ਸਿੰਘ,ਡਿਪਟੀ ਡਾਇਰੈਕਟਰ ਡੇਅਰੀ ਕਸ਼ਮੀਰ ਸਿੰਘ, ਡਾ ਹਰਚਰਨ ਸਿੰਘ ਕੰਗ, ਡਾ ਮਨਦੀਪ ਗਿੱਲ, ਡਾ ਜਤਿੰਦਰ ਸਿੰਘ ਬੱਲ, ਡਾ ਜਗਦੀਸ਼ ਸਿੰਘ ਸਮੇਤ ਹੋਰ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਸਾਨਾਂ ਨੂੰ ਖੇਤੀਬਾੜੀ ਨਾਲ ਸਬੰਧਤ ਆਪਣੇ-ਆਪਣੇ ਵਿਭਾਗਾਂ ਦੀਆਂ ਯੋਜਨਾਵਾਂ, ਫਸਲਾਂ ਦੀ ਕਾਸ਼ਤ ਕਰਨ ਸਮੇਤ ਹੋਰ ਅਹਿਮ ਜਾਣਕਾਰੀਆਂ ਸਾਂਝੀਆਂ ਕੀਤੀਆਂ। ਅਗਾਂਹਵਧੂ ਕਿਸਾਨ ਗੁਰਬਿੰਦਰ ਸਿੰਘ ਬਾਜਵਾ ਨੇ ਵੀ ਝੋਨੇ ਦੀ ਸਿੱਧੀ ਬਿਜਾਈ ਅਤੇ ਹੋਰ ਖੇਤੀ ਤਕਨੀਕਾਂ ਸਬੰਧੀ ਆਪਣੇ ਤਜਰਬੇ ਸਾਂਝੇ ਕੀਤੇ।
ਇਸ ਕਿਸਾਨ ਕੈਂਪ ਦੌਰਾਨ ਖੇਤੀਬਾੜੀ ਅਫ਼ਸਰ ਹੈੱਡਕੁਆਰਟਰ ਡਾ ਰਣਧੀਰ ਸਿੰਘ ਠਾਕੁਰ, ਡਾ ਰਵਿੰਦਰ ਸਿੰਘ, ਡਾ ਮਨਧੀਰ ਸਿੰਘ, ਡਾ ਬਲਜਿੰਦਰ ਸਿੰਘ ਭੁੱਲਰ, ਡਾ ਡੀਐਸ ਭੱਟੀ, ਜਤਿੰਦਰ ਸਿੰਘ ਏਡੀਓ, ਅਰਜਿੰਦਰ ਸਿੰਘ ਏ ਈ ਓ, ਹਰਮਨਬੀਰ ਸਿੰਘ ਏਡੀਓ, ਪਰਮਿੰਦਰ ਕੁਮਾਰ ਏਡੀਓ, ਗੁਰਮੀਤ ਸਿੰਘ ਜੌਹਲ, ਰਾਜੇਸ਼ ਜੋਸ਼ੀ, ਗਗਨਦੀਪ ਸਿੰਘ ਸਮੇਤ ਵੱਖ-ਵੱਖ ਖੇਤੀ ਅਧਿਕਾਰੀ ਅਤੇ ਕਿਸਾਨ ਮੌਜੂਦ ਸਨ।