Close

Recent Posts

ਹੋਰ ਦੇਸ਼ ਪੰਜਾਬ ਮੁੱਖ ਖ਼ਬਰ

ਮੁੱਖ ਮੰਤਰੀ ਵੱਲੋਂ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਹੋਰ ਕੌਮਾਂਤਰੀ ਉਡਾਨਾਂ ਸ਼ੁਰੂ ਕਰਨ ਦੀ ਮੰਗ

ਮੁੱਖ ਮੰਤਰੀ ਵੱਲੋਂ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਹੋਰ ਕੌਮਾਂਤਰੀ ਉਡਾਨਾਂ ਸ਼ੁਰੂ ਕਰਨ ਦੀ ਮੰਗ
  • PublishedSeptember 28, 2022

ਸੂਬਾ ਸਰਕਾਰ ਦੇ ਠੋਸ ਯਤਨਾਂ ਸਦਕਾ ਸ਼ਹੀਦ ਭਗਤ ਸਿੰਘ ਦੇ ਨਾਮ ’ਤੇ ਰੱਖਿਆ ਹਵਾਈ ਅੱਡੇ ਦਾ ਨਾਮ

ਚੰਡੀਗੜ੍ਹ, 28 ਸਤੰਬਰ (ਦਾ ਪੰਜਾਬ ਵਾਇਰ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਭਾਰਤ ਸਰਕਾਰ ਨੂੰ ਵਿਦੇਸ਼ਾਂ ਵਿਚ ਵੱਸਦੇ ਪੰਜਾਬੀ ਭਾਈਚਾਰੇ ਦੀ ਸਹੂਲਤ ਲਈ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਹੋਰ ਕੌਮਾਂਤਰੀ ਉਡਾਨਾਂ ਸ਼ੁਰੂ ਕਰਨ ਦੀ ਮੰਗ ਕੀਤੀ।

ਅੱਜ ਇੱਥੇ ਹਵਾਈ ਅੱਡੇ ਦਾ ਨਾਮ ਮਹਾਨ ਸ਼ਹੀਦ ਦੇ ਨਾਮ ਉਤੇ ਰੱਖਣ ਮੌਕੇ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਇਹ ਮਾਮਲਾ ਪ੍ਰਧਾਨ ਮੰਤਰੀ ਅਤੇ ਕੇਂਦਰੀ ਹਵਾਬਾਜ਼ੀ ਮੰਤਰੀ ਕੋਲ ਉਠਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅੱਜ ਸ਼ਹੀਦ ਭਗਤ ਸਿੰਘ ਦੀ 115ਵੀਂ ਜਨਮ ਵਰ੍ਹੇਗੰਢ ਹੈ ਅਤੇ ਮਹਾਨ ਸ਼ਹੀਦ ਦੇ ਨਾਂ ਉਤੇ ਹਵਾਈ ਅੱਡੇ ਦਾ ਨਾਂ ਰੱਖਣ ਨਾਲ ਇਸ ਦਿਨ ਨੂੰ ਇਤਿਹਾਸਕ ਤੇ ਯਾਦਗਾਰੀ ਬਣਾ ਦਿੱਤਾ। ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਇਸ ਹਵਾਈ ਅੱਡੇ ਤੋਂ ਹੋਰ ਉਡਾਨਾਂ ਸ਼ੁਰੂ ਕਰਨੀਆਂ ਚਾਹੀਦੀਆਂ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਦੁਨੀਆ ਭਰ ਦੇ ਪਰਵਾਸੀ ਪੰਜਾਬੀਆਂ ਵੱਲੋਂ ਸੂਬੇ ਤੋਂ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਅਤੇ ਦੁਨੀਆ ਦੇ ਹੋਰ ਹਿੱਸਿਆਂ ਲਈ ਹਵਾਈ ਸੰਪਰਕ ਯਕੀਨੀ ਬਣਾਉਣ ਲਈ ਅਜਿਹੀਆਂ ਉਡਾਨਾਂ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਉਡਾਨਾਂ ਨਾਲ ਪੰਜਾਬ ਦੇ ਯਾਤਰੀਆਂ ਤੋਂ ਇਲਾਵਾ ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਜੰਮੂ-ਕਸ਼ਮੀਰ ਅਤੇ ਹੋਰ ਰਾਜਾਂ ਦੇ ਯਾਤਰੀਆਂ ਨੂੰ ਵੀ ਫਾਇਦਾ ਹੋਵੇਗਾ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਇਸ ਹਵਾਈ ਅੱਡੇ ਦਾ ਨਾਂ ਬਦਲ ਕੇ ਸ਼ਹੀਦ ਭਗਤ ਸਿੰਘ ਦੇ ਨਾਂ ’ਤੇ ਰੱਖਣ ਲਈ ਠੋਸ ਉਪਰਾਲੇ ਕੀਤੇ ਹਨ।

ਮੁੱਖ ਮੰਤਰੀ ਨੇ ਹਵਾਈ ਅੱਡੇ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ’ਤੇ ਰੱਖਣ ਲਈ ਕੇਂਦਰ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ। ਭਗਵੰਤ ਮਾਨ ਨੇ ਕਿਹਾ ਕਿ ਪੂਰੇ ਦੇਸ਼ ਦੀ ਚਿਰੋਕਣੀ ਮੰਗ ਪੂਰੀ ਹੋ ਗਈ ਹੈ ਜਿਸ ਨਾਲ ਹਰੇਕ ਦੇਸ਼ ਵਾਸੀ ਖੁਸ਼ ਹੈ। ਉਨ੍ਹਾਂ ਨੇ ਸ਼ਹੀਦ ਭਗਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਨੌਜਵਾਨ ਸ਼ਹੀਦ ਨੂੰ ਨਾ ਸਿਰਫ਼ ਉਸ ਦੀ ਬਹਾਦਰੀ ਲਈ ਯਾਦ ਕੀਤਾ ਜਾਂਦਾ ਹੈ, ਸਗੋਂ ਉਸ ਦੇ ਸਮਾਜਵਾਦ ਦੇ ਫਲਸਫੇ ਅਤੇ ਬੇਇਨਸਾਫੀ ਵਿਰੁੱਧ ਲੜਾਈ ਲਈ ਵੀ ਚੇਤੇ ਕੀਤਾ ਜਾਂਦਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਮਹਾਨ ਸ਼ਹੀਦ ਦਾ ਜੀਵਨ ਅਤੇ ਫਲਸਫਾ ਨੌਜਵਾਨ ਪੀੜ੍ਹੀ ਨੂੰ ਦੇਸ਼ ਭਗਤੀ ਦੇ ਜਜ਼ਬੇ ਨਾਲ ਦੇਸ਼ ਦੀ ਸੇਵਾ ਕਰਨ ਲਈ ਹਮੇਸ਼ਾ ਪ੍ਰੇਰਿਤ ਕਰਦਾ ਰਹੇਗਾ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਸੂਬੇ ਦੇ ਇਤਿਹਾਸ ਵਿੱਚ ਸੁਨਿਹਰੀ ਅੱਖਰਾਂ ਨਾਲ ਲਿਖਿਆ ਗਿਆ ਹੈ ਕਿਉਂਕਿ ਇਸ ਹਵਾਈ ਅੱਡੇ ਦਾ ਨਾਂ ਧਰਤੀ ਦੇ ਮਹਾਨ ਸਪੂਤ ਦੇ ਨਾਂ ’ਤੇ ਰੱਖਿਆ ਗਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਸ਼ਹੀਦ ਭਗਤ ਸਿੰਘ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਉਪਰਾਲੇ ਕਰ ਰਹੀ ਹੈ ਅਤੇ ਇਸ ਨੇਕ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ।

ਇਸ ਤੋਂ ਪਹਿਲਾਂ ਕੇਂਦਰੀ ਵਿੱਤ ਮੰਤਰੀ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ, ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ, ਮੁੱਖ ਮੰਤਰੀ ਭਗਵੰਤ ਮਾਨ, ਕੇਂਦਰੀ ਮੰਤਰੀ ਜਨਰਲ (ਸੇਵਾ-ਮੁਕਤ) ਵੀ.ਕੇ. ਸਿੰਘ, ਸੰਸਦ ਮੈਂਬਰ ਕਿਰਨ ਖੇਰ, ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਅਤੇ ਹਰਿਆਣਾ ਦੇ ਮੰਤਰੀ ਅਨਿਲ ਵਿੱਜ ਨਾਲ ਹਵਾਈ ਅੱਡੇ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ‘ਤੇ ਰੱਖਣ ਵਾਲੀ ਤਖ਼ਤੀ ਤੋਂ ਪਰਦਾ ਚੁੱਕਿਆ।

Written By
The Punjab Wire