ਜੱਫਰਵਾਲ ਵਿੱਚ 23 ਸਵੈ-ਸਹਾਇਤਾ ਸਮੂਹ ਬਣਾ ਕੇ 269 ਔਰਤਾਂ ਮੈਂਬਰ ਬਣੀਆਂ
ਡਿਪਟੀ ਕਮਿਸ਼ਨਰ ਨੇ ਪਿੰਡ ਜੱਫਰਵਾਲ ਦੇ ਚੱਲ ਰਹੇ ਸਵੈ-ਸਹਾਇਤਾ ਸਮੂਹਾਂ ਦੀ ਕਾਰਜਸ਼ੈਲੀ ਦਾ ਨਿਰੀਖਣ ਕੀਤਾ
ਧਾਰੀਵਾਲ/ਗੁਰਦਾਸਪੁਰ, 28 ਸਤੰਬਰ ( ਮੰਨਣ ਸੈਣੀ ) । ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਵੱਲੋਂ ਅੱਜ ਧਾਰੀਵਾਲ ਬਲਾਕ ਦੇ ਪਿੰਡ ਜੱਫਰਵਾਲ ਵਿਖੇ ਪਹੁੰਚ ਕੇ ਓਥੇ ਚੱਲ ਰਹੇ ਸਵੈ-ਸਹਾਇਤਾ ਸਮੂਹਾਂ ਦੀ ਕਾਰਜਸ਼ੈਲੀ ਦਾ ਨਿਰੀਖਣ ਕੀਤਾ ਗਿਆ। ਪੰਜਾਬ ਰਾਜ ਦਿਹਾਤੀ ਅਜੀਵਕਾ ਮਿਸ਼ਨ ਤਹਿਤ ਪਿੰਡ ਜੱਫਰਵਾਲ ਵਿਖੇ ਔਰਤਾਂ ਦੇ 23 ਸਵੈ-ਸਹਾਇਤਾ ਸਮੂਹ ਚੱਲ ਰਹੇ ਹਨ ਅਤੇ ਪਿੰਡ ਦੀਆਂ 269 ਔਰਤਾਂ ਇਨ੍ਹਾਂ ਸਮੂਹਾਂ ਦੀਆਂ ਮੈਂਬਰ ਹਨ। ਇਹ ਸਾਰੇ ਸਵੈ-ਸਹਾਇਤਾ ਸਮੂਹ ਬੜੀ ਕਾਮਯਾਬੀ ਨਾਲ ਚੱਲ ਰਹੇ ਹਨ ਅਤੇ ਜੱਫਰਵਾਲ ਪਿੰਡ ਦੀਆਂ ਔਰਤਾਂ ਇਨ੍ਹਾਂ ਸਮੂਹਾਂ ਨਾਲ ਜੁੜ ਕੇ ਜਿਥੇ ਆਤਮ ਨਿਰਭਰ ਹੋਈਆਂ ਹਨ ਓਥੇ ਓਨਾਂ ਨੇ ਸਫਲਤਾ ਦੀ ਨਵੀਂ ਇਬਾਰਤ ਵੀ ਲਿਖੀ ਹੈ।
ਪਿੰਡ ਜੱਫਰਵਾਲ ਦੇ ਦੌਰੇ ਦੌਰਾਨ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਸਵੈ-ਸਹਾਇਤਾ ਸਮੂਹਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਨੂੰ ਦੇਖਿਆ ਅਤੇ ਨਾਲ ਹੀ ਸਮੂਹਾਂ ਦੀਆਂ ਮੈਂਬਰ ਔਰਤਾਂ ਦੇ ਤਜ਼ਰਬੇ ਨੂੰ ਜਾਣਿਆ। ਪਿੰਡ ਜੱਫਰਵਾਲ ਦੀਆਂ ਸਵਾਣੀਆਂ ਨੇ ਆਪਣੇ ਨਿੱਜੀ ਤਜ਼ਰਬੇ ਸਾਂਝੇ ਕਰਦਿਆਂ ਦੱਸਿਆ ਕਿ ਸਵੈ-ਸਹਾਇਤਾ ਸਮੂਹ ਨਾਲ ਜੁੜ ਕੇ ਉਨ੍ਹਾਂ ਦੀ ਜ਼ਿੰਦਗੀ ਬਦਲ ਗਈ ਹੈ ਅਤੇ ਉਹ ਹੁਣ ਆਰਥਿਕ ਤੌਰ ’ਤੇ ਕਿਸੇ ’ਤੇ ਨਿਰਭਰ ਨਹੀਂ ਹਨ। ਕਈ ਔਰਤਾਂ ਨੇ ਤਾਂ ਸਵੈ-ਸਹਾਇਤਾ ਸਮੂਹ ਕੋਲੋਂ ਲੋਨ ਲੈ ਕੇ ਸਾਬਣ, ਸ਼ੈਂਪੂ, ਦੇਸੀ ਕੀਟ ਨਾਸ਼ਕ ਦਵਾਈਆਂ, ਫੁਲਕਾਰੀਆਂ, ਪਰਸ, ਖਿਲਾਉਣੇ ਆਦਿ ਬਣਾਉਣ ਦੇ ਕਿੱਤੇ ਸ਼ੁਰੂ ਕੀਤੇ ਹੋਏ ਹਨ, ਜਿਸ ਤੋਂ ਉਹ ਚੰਗੀ ਆਮਦਨ ਵੀ ਕਮਾ ਰਹੀਆਂ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਵੈ-ਸਹਾਇਤਾ ਸਮੂਹ ਔਰਤਾਂ ਲਈ ਆਰਥਿਕ ਤੌਰ ’ਤੇ ਆਤਮ ਨਿਰਭਰ ਬਣਨ ਦਾ ਬਹੁਤ ਵਧੀਆ ਜਰੀਆ ਹਨ ਅਤੇ ਵੱਧ ਤੋਂ ਵੱਧ ਔਰਤਾਂ ਨੂੰ ਪੰਜਾਬ ਰਾਜ ਦਿਹਾਤੀ ਅਜੀਵਕਾ ਮਿਸ਼ਨ ਤਹਿਤ ਸਵੈ-ਸਹਾਇਤਾ ਸਮੂਹਾਂ ਨਾਲ ਜੁੜਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬੈਂਕ ਵੱਲੋਂ ਸਵੈ-ਸਹਾਇਤਾ ਸਮੂਹ ਨੂੰ ਲੋਨ ਦਿੱਤਾ ਜਾਂਦਾ ਹੈ ਜਿਸ ਨਾਲ ਔਰਤਾਂ ਆਪਣਾ ਸਵੈ-ਰੁਜ਼ਗਾਰ ਸ਼ੁਰੂ ਕਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਦੀਆਂ ਔਰਤਾਂ ਨੂੰ ਸਵੈ-ਸਹਾਇਤਾ ਸਮੂਹਾਂ ਨਾਲ ਜੋੜਿਆ ਜਾਵੇਗਾ ਤਾਂ ਜੋ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਹੋ ਸਕੇ। ਉਨ੍ਹਾਂ ਜੱਫਰਵਾਲ ਪਿੰਡ ਦੀਆਂ ਔਰਤਾਂ ਵੱਲੋਂ ਸਵੈ-ਸਹਾਇਤਾ ਸਮੂਹਾਂ ਰਾਹੀਂ ਕੀਤੇ ਜਾ ਰਹੇ ਵਧੀਆ ਕੰਮਾਂ ਲਈ ਉਨ੍ਹਾਂ ਦੀ ਭਰਪੂਰ ਸਰਾਹਨਾ ਕੀਤੀ।
ਇਸ ਮੌਕੇ ਉਨ੍ਹਾਂ ਨਾਲ ਅਮਰਪਾਲ ਸਿੰਘ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ, ਪੰਜਾਬ ਰਾਜ ਦਿਹਾਤੀ ਅਜੀਵਕਾ ਮਿਸ਼ਨ, ਕੁਲਬੀਰ ਸਿੰਘ ਬਲਾਕ ਪ੍ਰੋਗਰਾਮ ਮੈਨੇਜਰ ਧਾਰੀਵਾਲ, ਬੀ.ਡੀ.ਪੀ.ਓ ਕੁਲਵੰਤ ਸਿੰਘ, ਜ਼ਿਲ੍ਹਾ ਫੰਕਸ਼ਨਲ ਮੈਨੇਜਰ ਸਿਮਰਨਜੀਤ ਸਿੰਘ, ਕੁਲਦੀਪ ਸਿੰਘ, ਆਈ.ਪੀ.ਆਰ.ਪੀ. ਰੇਖਾ, ਵੀਨਸ, ਅੰਜੂ ਸਮੇਤ ਸਵੈ-ਸਹਾਇਤਾ ਸਮੂਹਾਂ ਦੀਆਂ ਹੋਰ ਮੈਂਬਰ ਵੀ ਹਾਜ਼ਰ ਸਨ।