ਚਿਲਡਰਨ ਹੋਮ ਦੇ ਪ੍ਰਬੰਧਕ ਬੱਚਿਆਂ ਦੀ ਪ੍ਰਤਿਭਾ ਨੂੰ ਪਛਾਣ ਕੇ ਉਨ੍ਹਾਂ ਦੇ ਸੁਪਨਿਆਂ ਨੂੰ ਨਵੀਂ ਉਡਾਨ ਦੇਣ
ਗੁਰਦਾਸਪੁਰ, 28 ਸਤੰਬਰ (ਮੰਨਣ ਸੈਣੀ) । ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਚਿਲਡਰਨ ਹੋਮ ਗੁਰਦਾਸਪੁਰ ਦੇ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਓਥੇ ਰਹਿ ਰਹੇ ਬੱਚਿਆਂ ਨੂੰ ਕੰਪਿਊਟਰ ਸਿੱਖਿਆ ਅਤੇ ਕਿੱਤਾਮੁਖੀ ਸਿਖਲਾਈ ਦੇਣਾ ਯਕੀਨੀ ਬਣਾਉਣ ਤਾਂ ਜੋ ਇਹ ਬੱਚੇ ਵੱਡੇ ਹੋ ਕੇ ਆਤਮ ਨਿਰਭਰ ਬਣ ਸਕਣ। ਡਿਪਟੀ ਕਮਿਸ਼ਨਰ ਅੱਜ ਸਥਾਨਕ ਚਿਲਡਰਨ ਹੋਮ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਚਿਲਡਰਨ ਹੋਮ ਦੇ ਪ੍ਰਬੰਧਕ ਮਾਪਿਆਂ ਵਾਂਗ ਬੱਚਿਆਂ ਦਾ ਪਾਲਣ-ਪੋਸਟ ਕਰਨ ਅਤੇ ਉਨ੍ਹਾਂ ਦੀ ਪ੍ਰਤੀਭਾ ਨੂੰ ਪਛਾਣ ਕੇ ਉਨ੍ਹਾਂ ਦੇ ਸੁਪਨਿਆਂ ਨੂੰ ਨਵੀਂ ਉਡਾਨ ਦੇਣ।
ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਚਿਲਡਰਨ ਹੋਮ ਵਿਖੇ ਰਹਿ ਰਹੇ ਬੱਚਿਆਂ ਵਿੱਚ ਸਕਿੱਲ ਪੈਦਾ ਕਰਨ ਲਈ ਸਾਰੇ ਬੱਚਿਆਂ ਨੂੰ ਕੰਪਿਊਟਰ ਦਾ ਬੇਸਿਕ ਕੋਰਸ ਕਰਾਉਣ ਦੇ ਨਾਲ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਦੀ ਟਾਈਪਿੰਗ ਵੀ ਸਿਖਾਈ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਬੱਚਿਆਂ ਲਈ ਸਪੋਕਨ ਇੰਗਲਿਸ਼ ਦੀਆਂ ਕਲਾਸਾਂ ਸ਼ੁਰੂ ਕਰਨ ਦੀ ਗੱਲ ਵੀ ਕਹੀ। ਡਿਪਟੀ ਕਮਿਸ਼ਨਰ ਨੇ ਸਮੂਹ ਜ਼ਿਲ੍ਹਾ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਮਾਂ ਕੱਢ ਕੇ ਚਿਲਡਰਨ ਹੋਮ ਪਹੁੰਚ ਕੇ ਬੱਚਿਆਂ ਦੀ ਕੌਂਸਲਿੰਗ ਕਰਿਆ ਕਰਨ ਅਤੇ ਆਪਣੇ ਫੀਲਡ ਨਾਲ ਸਬੰਧਤ ਤਜ਼ਰਬੇ ਉਨ੍ਹਾਂ ਨਾਲ ਸਾਂਝੇ ਕਰਨ। ਇਸ ਤੋਂ ਇਲਾਵਾ ਉਨ੍ਹਾਂ ਸਰਕਾਰੀ ਆਈ.ਟੀ.ਆਈ. ਤੇ ਸਰਕਾਰੀ ਪਾਲੀਟੈਕਨਿਕ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਵੀ ਚਿਲਡਰਨ ਹੋਮ ਵਿਖੇ ਵਿਜਟ ਕਰਕੇ ਬੱਚਿਆਂ ਦੀ ਕੈਰੀਅਰ ਕੌਂਸਲਿੰਗ ਕਰਨ ਦੀ ਹਦਾਇਤ ਕੀਤੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇੱਕ ਮਹੀਨੇ ਵਿੱਚ ਘੱਟੋ-ਘੱਟ ਦੋ ਵਾਰ ਚਿਲਡਰਨ ਹੋਮ ਦੇ ਬੱਚਿਆਂ ਅਤੇ ਬਿਰਧ ਆਸ਼ਰਮ ਦੇ ਬਜ਼ੁਰਗਾਂ ਦਾ ਮਿਲਾਪ ਜਰੂਰ ਕਰਵਾਇਆ ਜਾਵੇ। ਇਸਦੇ ਨਾਲ ਹੀ ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਦੀਵਾਲੀ ਤੋਂ ਪਹਿਲਾਂ ਚਿਲਡਰਨ ਹੋਮ ਵਿਖੇ ਬੱਚਿਆਂ ਦਾ ਕਲਚਰਲ ਪ੍ਰੋਗਰਾਮ ਕਰਵਾਇਆ ਜਾਵੇ। ਬੱਚਿਆਂ ਦੀ ਰੈਗੂਲਰ ਸਿਹਤ ਜਾਂਚ ਲਈ ਸਿਵਲ ਸਰਜਨ ਗੁਰਦਾਸਪੁਰ ਨੂੰ ਕਿਹਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਚਿਡਰਨ ਹੋਮ ਦੀ ਮੈੱਸ, ਕੰਪਿਊਟਰ ਲੈਬ ਆਦਿ ਦਾ ਮੁਆਇਨਾ ਵੀ ਕੀਤਾ।
ਇਸ ਮੌਕੇ ਸੰਦੀਪ ਕੌਰ ਵਿਰਦੀ ਸੁਪਰਡੈਂਟ ਚਿਲਡਰਨ ਹੋਮ, ਸੁਮਨਦੀਪ ਕੌਰ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਹਰਪਾਲ ਸਿੰਘ ਸੰਧਾਵਾਲੀਆ ਡੀ.ਈ.ਓ. ਸਕੈਂਡਰੀ, ਅਮਰਜੀਤ ਸਿੰਘ ਭਾਟੀਆ ਡੀ.ਈ.ਓ ਐਲੀਮੈਂਟਰੀ, ਸੁੱਚਾ ਸਿੰਘ ਮੁਲਤਾਨੀ ਚੇਅਰਮੈਨ ਬਾਲ ਭਲਾਈ ਕਮੇਟੀ, ਸੁਖਚੈਨ ਸਿੰਘ ਜ਼ਿਲ੍ਹਾ ਖੇਡ ਅਫ਼ਸਰ, ਐੱਸ.ਡੀ.ਓ. ਲੋਕ ਨਿਰਮਾਣ ਵਿਭਾਗ ਲਵਜੀਤ ਸਿੰਘ, ਰਾਜੀਵ ਠਾਕੁਰ ਸਕੱਤਰ ਰੈੱਡ ਕਰਾਸ ਸੁਸਾਇਟੀ ਤੋਂ ਇਲਾਵਾ ਹੋਰ ਵੀ ਅਧਿਕਾਰੀ ਹਾਜ਼ਰ ਸਨ।