ਜ਼ਿਲ੍ਹਾ ਗੁਰਦਾਸਪੁਰ ਨੂੰ ਟੂਰਿਜ਼ਮ ਦੇ ਨਕਸ਼ੇ ’ਤੇ ਉਭਾਰਨ ਲਈ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਸ਼ਿਸ਼ਾਂ ਲਗਾਤਾਰ ਜਾਰੀ – ਡਿਪਟੀ ਕਮਿਸ਼ਨਰ
ਪੰਜਾਬ ਸਰਕਾਰ ਨੇ ਪ੍ਰਵਾਸੀ ਪੰਛੀਆਂ ਦੀ ਕੁਦਰਤੀ ਠਾਹਰ ਕੇਸ਼ੋਪੁਰ ਛੰਬ ਦੇ ਵਿਕਾਸ ਲਈ 40 ਲੱਖ ਰੁਪਏ ਮਨਜ਼ੂਰ ਕੀਤੇ
ਗੁਰਦਾਸਪੁਰ, 28 ਸਤੰਬਰ ( ਮੰਨਣ ਸੈਣੀ ) । ਜ਼ਿਲ੍ਹਾ ਹੈਰੀਟੇਜ ਸੋਸਾਇਟੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਬੀਤੀ ਸ਼ਾਮ ਛੋਟਾ ਘੱਲੂਘਾਰਾ ਸ਼ਹੀਦੀ ਸਮਾਰਕ, ਕਾਹਨੂੰਵਾਨ ਛੰਬ ਦੇ ਓਪਨ ਏਅਰ ਥੀਏਟਰ ਵਿਖੇ ‘ਵਿਸ਼ਵ ਸੈਰ ਸਪਾਟਾ ਦਿਵਸ-2022’ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ, ਉਨ੍ਹਾਂ ਦੀ ਧਰਮ ਪਤਨੀ ਮੋਹਤਰਮਾ ਸ਼ਾਹਲਾ ਕਾਦਰੀ, ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਇੰਚਾਰਜ ਤੇ ਉੱਘੇ ਜਨਤਕ ਆਗੂ ਸ. ਜਗਰੂਪ ਸਿੰਘ ਸੇਖਵਾਂ, ਐੱਸ.ਡੀ.ਐੱਮ. ਦੀਨਾਨਗਰ ਸ੍ਰੀ ਵਿਕਰਮਜੀਤ ਸਿੰਘ, ਤਹਿਸੀਲਦਾਰ ਗੁਰਦਾਸਪੁਰ ਸ੍ਰੀ ਜਗਤਾਰ ਸਿੰਘ, ਇਤਿਹਾਸਕਾਰ ਪੋ੍ਰ. ਰਾਜ ਕੁਮਾਰ ਅਤੇ ਹੋਰ ਜ਼ਿਲ੍ਹਾ ਅਧਿਕਾਰੀ ਤੇ ਇਲਾਕੇ ਦੀ ਸੰਗਤ ਨੇ ਹਾਜ਼ਰੀ ਭਰੀ।
ਵਿਸ਼ਵ ਸੈਰ ਸਪਾਟਾ ਦਿਵਸ ਮੌਕੇ ਕਰਵਾਏ ਸਮਾਗਮ ਦੌਰਾਨ ਐੱਸ.ਐੱਸ.ਐੱਮ. ਕਾਲਜ ਦੀਨਾਨਗਰ, ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਦੀਨਾਨਗਰ, ਪੰਡਤ ਮੋਹਨ ਲਾਲ ਐੱਸ.ਡੀ. ਕਾਲਜ ਫਾਰ ਵੂਮੈਨ ਗੁਰਦਾਸਪੁਰ ਅਤੇ ਸਰਕਾਰੀ ਕਾਲਜ ਗੁਰਦਾਸਪੁਰ ਦੇ ਵਿਦਿਆਰਥੀਆਂ ਤੇ ਵਿਦਿਆਰਥਣਾਂ ਨੇ ਦੇਸ਼ ਭਗਤੀ ਅਤੇ ਵਿਰਾਸਤ ਨੂੰ ਦਰਸਾਉਂਦੇ ਪ੍ਰੋਗਰਾਮ ਪੇਸ਼ ਕੀਤੇ। ਇਸ ਮੌਕੇ ਸਵੱਛਤਾ ਨੂੰ ਦਰਸਾਉਂਦੀ ਇੱਕ ਸਕਿੱਟ ਵੀ ਪੇਸ਼ ਕੀਤੀ ਗਈ ਜਿਸਨੂੰ ਦਰਸ਼ਕਾਂ ਵੱਲੋਂ ਖੂਬ ਸਰਾਹਿਆ ਗਿਆ।
ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਜ਼ਿਲ੍ਹਾ ਹੈਰੀਟੇਜ ਸੁਸਾਇਟੀ ਤੇ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਨੂੰ ਟੂਰਿਜ਼ਮ ਦੇ ਨਕਸ਼ੇ ’ਤੇ ਉਭਾਰਨ ਲਈ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ ਧਾਰਮਿਕ, ਇਤਿਹਾਸਕ ਮਹੱਤਤਾ ਦੇ ਨਾਲ ਕੁਦਰਤੀ ਖੂਬਸੂਰਤੀ ਦੇ ਅਜਿਹੇ ਕਈ ਸਥਾਨ ਹਨ ਜੋ ਸੈਰ ਸਪਾਟੇ ਦੇ ਪੱਖ ਤੋਂ ਬਹੁਤ ਅਹਿਮ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਹੈਰੀਟੇਜ ਸੁਸਾਇਟੀ ਵੱਲੋਂ ਜ਼ਿਲ੍ਹੇ ਦੇ ਧਾਰਮਿਕ ਅਤੇ ਇਤਿਹਾਸਕ ਸਥਾਨਾਂ ਦੇ ਦਰਸ਼ਨਾਂ ਲਈ ਬਟਾਲਾ ਅਤੇ ਗੁਰਦਾਸਪੁਰ ਤੋਂ ਮੁਫ਼ਤ ਬੱਸਾਂ ਚਲਾਈਆਂ ਜਾ ਰਹੀਆਂ ਹਨ ਅਤੇ ਹੁਣ ਤੱਕ ਹਜ਼ਾਰਾਂ ਯਾਤਰੂ ਮੁਫ਼ਤ ਯਾਤਰਾ ਕਰਕੇ ਜ਼ਿਲ੍ਹੇ ਦੀ ਅਮੀਰ ਧਾਰਮਿਕ ਤੇ ਇਤਿਹਾਸਕ ਵਿਰਾਸਤ ਦੇ ਦਰਸ਼ਨ ਕਰ ਚੁੱਕੇ ਹਨ।
ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਅੱਗੇ ਦੱਸਿਆ ਕਿ ਜ਼ਿਲ੍ਹੇ ਵਿੱਚ ਸੈਰ ਸਪਾਟੇ ਨੂੰ ਹੋਰ ਹੁੰਗਾਰਾ ਦੇਣ ਲਈ ਪੰਜਾਬ ਸਰਕਾਰ ਵੱਲੋਂ ਪ੍ਰਵਾਸੀ ਪੰਛੀਆਂ ਦੀ ਕੁਦਰਤੀ ਠਾਹਰ ਕੇਸ਼ੋਪੁਰ ਛੰਬ ਦੇ ਵਿਕਾਸ ਲਈ 40 ਲੱਖ ਰੁਪਏ ਮਨਜ਼ੂਰ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕੇਸ਼ੋਪੁਰ ਛੰਭ ਜਿਥੇ ਪ੍ਰਵਾਸੀ ਪੰਛੀਆਂ ਦੀ ਸਰਦੀਆਂ ਦੌਰਾਨ ਮਨਪਸੰਦ ਠਾਹਰ ਹੈ ਓਥੇ ਇਸ ਨੂੰ ਕੁਦਰਤ ਪ੍ਰੇਮੀਆਂ ਵਿੱਚ ਵੀ ਮਕਬੂਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਿਆਸ ਦਰਿਆ ਵਿੱਚ ਮੌਚਪੁਰ ਟਾਪੂ ਨੂੰ ਵੀ ਸੈਰ ਸਪਾਟੇ ਲਈ ਵਿਕਸਤ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੈਰ-ਸਪਾਟੇ ਦੇ ਪੱਖ ਤੋਂ ਜ਼ਿਲ੍ਹਾ ਗੁਰਦਾਸਪੁਰ ਵਿੱਚ ਅਸੀਮ ਸੰਭਾਵਨਾਵਾਂ ਹਨ ਅਤੇ ਸਾਡੀ ਇਹ ਪੂਰੀ ਕੋਸ਼ਿਸ਼ ਹੈ ਕਿ ਜ਼ਿਲ੍ਹੇ ਨੂੰ ਟੂਰਿਜ਼ਮ ਦੇ ਪੱਖ ਤੋਂ ਦੁਨੀਆਂ ਦੇ ਨਕਸ਼ੇ ’ਤੇ ਉਭਾਰਿਆ ਜਾਵੇ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਇੰਚਾਰਜ ਸ. ਜਗਰੂਪ ਸਿੰਘ ਸੇਖਵਾਂ ਨੇ ਛੋਟਾ ਘੱਲੂਘਾਰਾ ਸ਼ਹੀਦੀ ਸਮਾਰਕ ਵਿਖੇ ਵਿਸ਼ਵ ਸੈਰ ਸਪਾਟਾ ਦਿਵਸ ਮਨਾਉਣ ਲਈ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਤੇ ਜ਼ਿਲ੍ਹਾ ਹੈਰੀਟੇਜ ਸੁਸਾਇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੀਆਂ ਕੋਸ਼ਿਸ਼ਾਂ ਸਦਕਾ ਸਾਡੇ ਜ਼ਿਲ੍ਹੇ ਦੀ ਅਮੀਰ ਧਾਰਮਿਕ ਤੇ ਇਤਿਹਾਸਕ ਵਿਰਾਸਤ ਪੂਰੀ ਦੁਨੀਆਂ ਦੇ ਸਾਹਮਣੇ ਆਵੇਗੀ। ਉਨ੍ਹਾਂ ਕਿਹਾ ਕਿ ਜੇਕਰ ਜ਼ਿਲ੍ਹੇ ਵਿੱਚ ਟੂਰਿਜ਼ਮ ਪ੍ਰਫੂਲਤ ਹੋਵੇਗਾ ਤਾਂ ਇਸ ਨਾਲ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਉਨ੍ਹਾਂ ਛੋਟਾ ਘੱਲੂਘਾਰਾ ਸ਼ਹੀਦੀ ਸਮਾਰਕ ਦੀ ਵਧੀਆ ਦੇਖ-ਰੇਖ ਲਈ ਡਿਪਟੀ ਕਮਿਸ਼ਨਰ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਜ਼ਿਲ੍ਹਾ ਹੈਰੀਟੇਜ ਸੁਸਾਇਟੀ ਦੇ ਸਕੱਤਰ ਪ੍ਰੋ. ਰਾਜ ਕੁਮਾਰ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਇਤਿਹਾਸਕ ਅਸਥਾਨਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ।
ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਅਤੇ ਸ. ਜਗਰੂਪ ਸਿੰਘ ਸੇਖਵਾ ਵੱਲੋਂ ਛੋਟਾ ਘੱਲੂਘਾਰਾ ਸ਼ਹੀਦੀ ਸਮਾਰਕ, ਕਾਹਨੂੰਵਾਨ ਛੰਬ ਵਿਖੇ ਸ਼ਹੀਦ ਗੈਲਰੀ ਦਾ ਉਦਘਾਟਨ ਵੀ ਕੀਤਾ ਗਿਆ। ਇਸ ਗੈਲਰੀ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਸਾਰੇ ਸ਼ਹੀਦਾਂ ਦੀਆਂ ਤਸਵੀਰਾਂ ਸਥਾਪਤ ਕੀਤੀਆਂ ਗਈਆਂ ਹਨ।
ਇਸ ਮੌਕੇ ਜਥੇਦਾਰ ਬਾਬਾ ਗੁਰਦੇਵ ਸਿੰਘ, ਡੀ.ਈ.ਓ. ਸਕੈਂਡਰੀ ਸ. ਹਰਪਾਲ ਸਿੰਘ ਸੰਧਾਵਾਲੀਆ, ਡੀ.ਈ.ਓ. ਐਲੀਮੈਂਟਰੀ ਸ. ਅਮਰਜੀਤ ਸਿੰਘ ਭਾਟੀਆ, ਡੀ.ਪੀ.ਆਰ.ਓ. ਇੰਦਰਜੀਤ ਸਿੰਘ, ਡਿਪਟੀ ਡਾਇਰੈਕਟ ਡਾ. ਸ਼ਾਮ ਸਿੰਘ, ਹਰਮਨਜੀਤ ਸਿੰਘ, ਦਮਨਜੀਤ ਸਿੰਘ, ਮਨਦੀਪ ਕੌਰ ਤੋਂ ਇਲਾਵਾ ਹੋਰ ਵੀ ਅਧਿਕਾਰੀ ਤੇ ਮੋਹਤਬਰ ਹਾਜ਼ਰ ਸਨ।