ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਪਣੇ ਕਰਮਚਾਰੀਆਂ ਦੀ ਭਲਾਈ ਲਈ ਵਚਨਬੱਧ: ਹਰਭਜਨ ਸਿੰਘ ਈ.ਟੀ.ਓ.
ਚੰਡੀਗੜ, 21 ਸਤੰਬਰ (ਦਾ ਪੰਜਾਬ ਵਾਇਰ)। ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਸਹਾਇਕ ਜੂਨੀਅਰ ਇੰਜੀਨੀਅਰ (ਜੇ.ਈ.) ਕਰਨੈਲ ਸਿੰਘ, ਜਿਸ ’ਤੇ ਲੰਘੇ ਕੱਲ ਦੀ ਸ਼ਾਮ ਨੂੰ ਫਿਰੋਜ਼ਪੁਰ ਦੇ ਪਿੰਡ ਗੱਟੀ ਮਸਤਾ ਵਿਖੇ ਕੁਝ ਵਿਅਕਤੀਆਂ ਵਲੋਂ ਹਮਲਾ ਕੀਤਾ ਗਿਆ ਸੀ, ਦਾ ਹਾਲ-ਚਾਲ ਪੁੱਛਣ ਲਈ ਟੈਲੀਫੋਨ ‘ਤੇ ਗੱਲਬਾਤ ਕੀਤੀ ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਦੇ ਉਪ ਮੰਡਲ ਦਫਤਰ ਵਿੱਚ ਤਾਇਨਾਤ ਸਹਾਇਕ ਜੇ.ਈ.ਕਰਨੈਲ ਸਿੰਘ ਪਿੰਡ ਵਿੱਚ ਬਿਜਲੀ ਦਾ ਮੀਟਰ ਲਗਾਉਣ ਲਈ ਗਿਆ ਸੀ ਤਾਂ ਕੁਝ ਵਿਅਕਤੀਆਂ ਨੇ ਪਿੰਡ ਵਿੱਚ ਉਨਾਂ ਦੇ ਵਿਰੋਧੀ ਦੇ ਘਰ ਮੀਟਰ ਲਗਾਉਣ ਕਾਰਨ ਉਸ ‘ਤੇ ਬੇਰਹਿਮੀ ਨਾਲ ਹਮਲਾ ਕਰ ਦਿੱਤਾ।
ਮੰਤਰੀ ਨੇ ਕਰਨੈਲ ਸਿੰਘ ਨਾਲ ਗੱਲਬਾਤ ਕਰਦਿਆਂ ਉਨਾਂ ਨੂੰ ਸੂਬਾ ਸਰਕਾਰ ਵੱਲੋਂ ਹਰ ਸੰਭਵ ਮਦਦ ਦੀ ਪੇਸ਼ਕਸ਼ ਕੀਤੀ ਹੈ। ਉਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਮੁਲਾਜਮਾਂ ਦੀ ਭਲਾਈ ਲਈ ਵਚਨਬੱਧ ਹੈ।
ਉਨਾਂ ਦੱਸਿਆ ਕਿ ਮਮਦੋਟ ਪੁਲਿਸ ਵੱਲੋਂ ਸਾਰੇ ਮੁਲਜਮਾਂ ਖਿਲਾਫ ਇਰਾਦਾ ਕਤਲ ਅਤੇ ਭਾਰਤੀ ਦੰਡਾਵਲੀ ਦੀਆਂ ਹੋਰ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਉਨਾਂ ਕਿਹਾ ਕਿ ਪੰਜਾਬ ਸਰਕਾਰ ਮੁਲਾਜਮਾਂ ਨਾਲ ਕਿਸੇ ਵੀ ਤਰਾਂ ਦੀ ਖਿੱਚ-ਧੂਹ ਜਾਂ ਮਾੜੇ ਵਤੀਰੇ ਨੂੰ ਬਰਦਾਸ਼ਤ ਨਹੀਂ ਕਰੇਗੀ ਅਤੇ ਸਾਰੇ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਇਸ ਦੌਰਾਨ ਥਾਣਾ ਮਮਦੋਟ ਵਿਖੇ ਆਈਪੀਸੀ ਦੀ ਧਾਰਾ 307, 332, 341, 353, 186, 506, 148, 159 ਅਤੇ 323 ਤਹਿਤ ਐਫਆਈਆਰ ਦਰਜ ਕੀਤੀ ਗਈ ਹੈ।