ਗੁਰਦਾਸਪੁਰ, 21 ਸਤੰਬਰ (ਮੰਨਣ ਸੈਣੀ)। ਉਸਾਰੀ ਨਾਲ ਸਬੰਧਤ ਕਿਰਤੀਆਂ, ਰੇਤਾ ਬੱਜਰੀ ਵਿਕਰੇਤਾ, ਟਿੱਪਰ ਗੱਡੀਆਂ ਯੂਨੀਅਨ ਅਤੇ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਅਤੇ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਨਹਿਰੂ ਪਾਰਕ ਵਿਖੇ ਇਕੱਤਰ ਹੋਕੇ ਪੰਜਾਬ ਸਰਕਾਰ ਵਿਰੁੱਧ ਰੈਲੀ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜੋਗਿੰਦਰ ਪਾਲ ਪਨਿਆੜ, ਸੁਖਦੇਵ ਰਾਜ ਬਹਿਰਾਮਪੁਰ, ਗੁਰਮੀਤ ਰਾਜ ਪਾਹੜਾ, ਜੋਗਿੰਦਰ ਪਾਲ ਘੁਰਾਲਾ, ਅਕਸ਼ੈ ਕੁਮਾਰ ਅਤੇ ਵਿਸ਼ਾਲ ਨੇ ਕਿਹਾ ਕਿ ਇਸ ਮਹਿੰਗਾਈ ਦੇ ਦੌਰ ਵਿੱਚ ਰੇਤਾ ਬੱਜਰੀ ਅਤੇ ਹੋਰ ਉਸਾਰੀ ਸਮੱਗਰੀ ਦੇ ਭਾਅ ਅਸਮਾਨੀ ਚੜ੍ਹ ਜਾਣ ਕਾਰਨ ਉਸਾਰੀ ਖੇਤਰ ਵਿੱਚ ਕੰਮ ਕਰਦੇ ਲੱਖਾਂ ਮਜ਼ਦੂਰ ਵਿਹਲੇ ਹੋ ਗਏ ਹਨ। ਸਰਕਾਰ ਦੀ ਇਸ ਦੋਗਲੀ ਨੀਤੀ ਦਾ ਸ਼ਿਕਾਰ ਹੋਏ ਮਜ਼ਦੂਰ ਭੁੱਖੇ ਮਰਨ ਲਈ ਮਜ਼ਬੂਰ ਹਨ। ਦੂਸਰੇ ਪਾਸੇ ਕੰਮ ਨਾ ਮਿਲਣ ਕਰਕੇ ਬਹੁਤ ਸਾਰੇ ਕਿਰਤੀ ਲੋਕ ਮਾਨਸਿਕ ਰੋਗੀ ਹੋ ਰਹੇ ਹਨ।
ਇਸ ਮੌਕੇ ਮਾਸਟਰ ਅਮਰਜੀਤ ਸ਼ਾਸਤਰੀ ਅਤੇ ਵਿਦਿਆਰਥੀ ਆਗੂ ਅਮਰ ਕ੍ਰਾਂਤੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਰੇਤ ਮਾਫੀਆ ਨੂੰ ਨਕੇਲ ਪਾਉਣ ਅਤੇ ਲੋਕਾਂ ਨੂੰ ਸਸਤੇ ਭਾਅ ਉਸਾਰੀ ਸਮੱਗਰੀ ਮੁਹੱਈਆ ਕਰਵਾਉਣ ਦਾ ਵਾਅਦਾ ਵਫਾ ਨਹੀ ਹੋਇਆ। ਇਕੱਤਰ ਹੋਏ ਮਜ਼ਦੂਰਾਂ ਨੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਸ਼ਹਿਰ ਦੇ ਬਜ਼ਾਰਾਂ ਵਿੱਚ ਪੰਜਾਬ ਸਰਕਾਰ ਵਿਰੁਧ ਰੋਸ ਮਾਰਚ ਕੱਢਿਆ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਰੇਤਾ ਬੱਜਰੀ ਦਾ ਕੰਟਰੋਲ ਆਪਣੇ ਹੱਥਾਂ ਵਿੱਚ ਲਵੇ ਅਤੇ ਸਸਤੇ ਭਾਅ ਲੋਕਾਂ ਨੂੰ ਪ੍ਰਦਾਨ ਕੀਤਾ ਜਾਵੇ। ਟਿੱਪਰ ਗੱਡੀਆਂ ਦੇ ਮਾਲਕਾਂ ਤੇ ਕੀਤੇ ਨਜਾਇਜ਼ ਪਰਚੇ ਵਾਪਸ ਲਏ ਜਾਣ। ਜਬਤ ਕੀਤੇ ਸਾਧਨ ਫੌਰਨ ਵਾਪਸ ਕੀਤੇ ਜਾਣ। ਪੰਜਾਬ ਉਸਾਰੀ ਭਲਾਈ ਬੋਰਡ ਵੱਲੋਂ ਉਸਾਰੀ ਦੇ ਕੰਮਾਂ ਨਾਲ ਸਬੰਧਤ ਕਿਰਤੀਆਂ ਨੂੰ ਦਸ ਹਜ਼ਾਰ ਦੀ ਮਾਲੀ ਸਹਾਇਤਾ ਦੇ ਕੇ ਰਾਹਤ ਪ੍ਰਦਾਨ ਕੀਤੀ ਜਾਵੇ। ਇਸ ਉਪਰਾਂਤ ਡੀ ਸੀ ਗੁਰਦਾਸਪੁਰ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ ਗਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਜਤਿੰਦਰ ਬਿਟੂ ਈਸਾਪੁਰ, ਅਮਰਜੀਤ,ਅਵਤਾਰ ਸਿੰਘ ਆਹਲੂਵਾਲ, ਨਰੇਸ਼ ਪਾਲ, ਭੁਪਿੰਦਰ ਸਿੰਘ, ਕਲਵਿੰਦਰ ਸਿੰਘ,ਧਰਮ ਸਿੰਘ, ਵੱਸਣ ਸਿੰਘ ਨੰਬਰਦਾਰ ਚਿੱਟੀ, ਵਿਜੇ ਜਗਤਪੁਰ,ਕਮਲ ਕਿਸ਼ੋਰ, ਜੋਤੀ ਲਾਲ, ਮੇਜ਼ਰ ਸਿੰਘ,ਸੁਭਾਸ,ਸੋਹਨ ਲਾਲ, ਸੁਨੀਲ ਕੁਮਾਰ,ਹਰਭਜਨ ਲਾਲ ਕੋਹਲੀ, ਨਿਸ਼ਾਨ ਸਿੰਘ, ਸੱਤਪਾਲ ਰਾਮ ਨਗਰ, ਬੋਧਰਾਜ, ਪਵਨ ਕੁਮਾਰ ਆਦਿ ਹਾਜਰ ਸਨ।